- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਹੈਪੀਨੈੱਸ ਕਾਰਨੀਵਲ’ ਰਾਹੀਂ ਵਿਸ਼ਵ ਮਾਨਸਿਕ ਸਿਹਤ ਮਹੀਨਾ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਏ ਪੀ ਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ’ਚ ਵਿਭਾਗ ਤੇ ਸਾਈਕੋਲੋਜੀ ਫੋਰਮ ਵੱਲੋਂ ਇਕ ਹਫ਼ਤਾ ਚੱਲਣ ਵਾਲੇ ਵਿਸ਼ੇਸ਼ ਪ੍ਰੋਗਰਾਮ ‘ਹੈਪੀਨੈੱਸ ਕਾਰਨੀਵਲ’ ਕਰਵਾਇਆ ਗਿਆ। ਇਸ ਸਾਲ ਦੀ ਥੀਮ ‘ਲੀਵੇਡ ਐਕਪੀਰੀਅੱਸ ਹਾਰਡ, ਰੀਅਲ ਵਾਇਸ, ਰੀਅਲ ਚੇਲੰਜ’ ਨੂੰ ਮੁੱਖ ਰੱਖਦਿਆਂ ਕਾਲਜ ਵੱਲੋਂ ਵਿਦਿਆਰਥੀਆਂ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਹੈਪੀਨੈੱਸ ਕਾਰਨੀਵਲ ਮੇਲੇ ’ਚ ਫੇਸ ਪੇਂਟਿੰਗ, ਬੁੱਕਮਾਰਕਸ, ਬੇਕਰੀ ਉਤਪਾਦ, ਫੋਟੋ ਬੂਥ ਅਤੇ ਮਨੋਵਿਗਿਆਨਕ ਟੈਸਟਾਂ ਦੇ ਸਟਾਲ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਮਨੋਵਿਗਿਆਨ ਵਿਭਾਗ ਦੀ ਮੁਖੀ ਨਿਹਾਰਿਕਾ ਮਜ਼ੂਮਦਾਰ ਨੇ ਐਕਸਪ੍ਰੈਸਿਵ ਆਰਟਸ ਥੈਰੇਪੀ ਵਰਕਸ਼ਾਪ ਰਾਹੀਂ ਕਲਾ ਤੇ ਸਿਰਜਣਾਤਮਕ ਗਤੀਵਿਧੀਆਂ ਦੁਆਰਾ ਭਾਵਨਾਵਾਂ ਨੂੰ ਸਮਝਣ ਅਤੇ ਪ੍ਰਗਟ ਕਰਨ ਦੇ ਤਰੀਕਿਆਂ ਬਾਰੇ ਜਾਣੂ ਕਰਵਾਇਆ। ਕੌਂਸਲਰ ਤੇ ਮਨੋਵਿਗਿਆਨੀ ਪ੍ਰਣਵਚੀਤ ਕੌਰ ਤੇ ਅਨੰਤਦੀਪ ਕੌਰ ਨੇ ਭਾਵਨਾਵਾਂ ਦੀ ਪਛਾਣ ਤੇ ਉਨ੍ਹਾਂ ਨਾਲ ਸਿਹਤਮੰਦ ਢੰਗ ਨਾਲ ਸਿੱਝਣ ਬਾਰੇ ਸੈਸ਼ਨ ਕਰਵਾਇਆ। ਇਸੇ ਤਰ੍ਹਾਂ ਸੀਨੀਅਰ ਕੌਂਸਲਿੰਗ ਮਨੋਵਿਗਿਆਨੀ ਦਾਮਿਨੀ ਤਿਵਾੜੀ ਨੇ ਮਾਨਸਿਕ ਸਿਹਤ ਨਾਲ ਜੁੜੀਆਂ ਗਲਤ ਧਾਰਨਾਵਾਂ ਨੂੰ ਦੂਰ ਕੀਤਾ। ਇਸ ਮੌਕੇ ਡਾ. ਮੋਨਿਕਾ ਆਨੰਦ, ਮੁਖੀ, ਹੋਮ ਸਾਇੰਸ ਵਿਭਾਗ ਅਤੇ ਨਿਹਾਰਿਕਾ ਮਜ਼ੂਮਦਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ ਦੀ ਜ਼ਿੰਮੇਵਾਰੀ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਦਾ ਮਾਨਸਿਕ ਅਤੇ ਭਾਵਨਾਤਮਕ ਵਿਕਾਸ ਕਰਨਾ ਵੀ ਹੈ। ਇਸ ਤਰ੍ਹਾਂ ‘ਹੈਪੀਨੈੱਸ ਕਾਰਨੀਵਲ’ ਰਾਹੀਂ ਕਾਲਜ ਨੇ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣ ਦੀ ਵਚਨਬੱਧਤਾ ਨੂੰ ਪ੍ਰਗਟ ਕੀਤਾ।