- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਈ ਕੌਂਸਲ ਸਰਕਲ ਜਲੰਧਰ ਦੀ ਜਨਰਲ ਬਾਡੀ ਮੀਟਿੰਗ ਹੋਈ

ਜੇਈ ਕੌਂਸਲ ਸਰਕਲ ਜਲੰਧਰ ਦੀ ਜਨਰਲ ਬਾਡੀ ਮੀਟਿੰਗ ਹੋਈ
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਜੇਈ ਕੌਂਸਲ ਵੱਲੋਂ ਜਨਰਲ ਬਾਡੀ ਮੀਟਿੰਗ ਦੌਰਾਨ ਸਰਕਲ ਜਲੰਧਰ ’ਚ ਤਕਨੀਕੀ ਸਟਾਫ਼ ਦੀ ਭਾਰੀ ਘਾਟ ਤੇ ਲੋੜੀਂਦੇ ਸਟੋਰ ਮਟੀਰੀਅਲ ਦੀ ਕਮੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਨਾਰਥ ਜ਼ੋਨ ਸਕੱਤਰ ਇੰਜ. ਜੌਬਨਪ੍ਰੀਤ, ਸਰਕਲ ਜਲੰਧਰ ਪ੍ਰਧਾਨ ਇੰਜ. ਰੁਪਿੰਦਰ ਸ਼ਰਮਾ ਐੱਸਡੀਓ ਤੇ ਸਰਕਲ ਸਕੱਤਰ ਇੰਜ. ਰਾਜੀਵ ਸ਼ਰਮਾ ਨੇ ਸਾਂਝੇ ਤੌਰ ਕਿਹਾ ਕਿ ਸਰਕਲ ਜਲੰਧਰ ’ਚ ਤਕਨੀਕੀ ਸਟਾਫ਼ ਦੀ ਘਾਟ ਬਹੁਤ ਜ਼ਿਆਦਾ ਹੈ। ਪਿਛਲੇ ਸਮੇਂ ਦੌਰਾਨ ਲੱਗ ਰਹੇ ਬਿਜਲੀ ਕੱਟਾਂ ਕਾਰਨ ਖਪਤਕਾਰਾਂ ਦੀਆਂ ਸ਼ਿਕਾਇਤਾਂ ’ਚ ਵੀ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਬਿਲਿੰਗ ਨਾਲ ਸਬੰਧਤ ਸ਼ਿਕਾਇਤਾਂ ’ਚ ਵੀ ਕਾਫ਼ੀ ਵਾਧਾ ਹੋਇਆ ਹੈ। ਇਨ੍ਹਾਂ ਵਧੀਆਂ ਹੋਈਆਂ ਸ਼ਿਕਾਇਤਾਂ ਨੂੰ ਨਿਪਟਾਉਣ ਦੀ ਜ਼ਿੰਮੇਵਾਰੀ ਜੇਈ ਤੇ ਐੱਸਡੀਓ ਪੱਧਰ ’ਤੇ ਆਉਣ ਕਾਰਨ ਅਧਿਕਾਰੀਆਂ ਨੂੰ ਲਗਾਤਾਰ ਮਾਨਸਿਕ ਤੇ ਸਰੀਰਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ 24 ਘੰਟੇ ਫ਼ੋਨ ਕਾਲਾਂ ਦੇ ਦਬਾਅ ਕਾਰਨ ਜੇਈ ਤੇ ਐੱਸਡੀਓ ਵਰਗ ’ਚ ਰੋਸ ਵਧਦਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਸੀਨੀਅਰ ਅਧਿਕਾਰੀਆਂ ਵੱਲੋਂ ਛੁੱਟੀਆਂ ਸਬੰਧੀ ਵੀ ਉਚਿਤ ਰਾਹਤ ਨਹੀਂ ਦਿੱਤੀ ਜਾ ਰਹੀ। ਇੱਥੋਂ ਤੱਕ ਕਿ ਐਤਵਾਰ ਤੇ ਗਜ਼ਟਿਡ ਛੁੱਟੀਆਂ ਵਾਲੇ ਦਿਨਾਂ ’ਚ ਵੀ ਡਿਫਾਲਟਿੰਗ ਤੇ ਹੋਰ ਕੰਮਾਂ ਨਾਲ ਸਬੰਧਤ ਆਰਡਰ ਕਲੀਅਰ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ। ਮੀਟਿੰਗ ’ਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਪਹਿਲੇ ਪੜਾਅ ’ਚ ਜੇਈ ਕੌਂਸਲ ਸਰਕਲ ਜਲੰਧਰ ਦੀ ਲੀਡਰਸ਼ਿਪ ਸਰਕਲ ਜਲੰਧਰ ਅਧੀਨ ਆਉਂਦੀਆਂ ਸਾਰੀਆਂ ਡਵੀਜ਼ਨਾਂ ਦੇ ਐਕਸਈਐੱਨ ਨਾਲ ਮੀਟਿੰਗ ਕਰਕੇ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰੇਗੀ। ਜੇ ਇਸ ਪੱਧਰ ’ਤੇ ਵੀ ਕੋਈ ਢੁੱਕਵਾਂ ਹੱਲ ਨਹੀਂ ਨਿਕਲਦਾ ਤਾਂ ਜੇਈ ਤੇ ਐੱਸਡੀਓ ਵਰਗ ਵੱਲੋਂ ਅਗਲੇ ਪੜਾਅ ’ਚ ਦੇਰ ਰਾਤ ਵਾਲੀਆਂ ਫ਼ੋਨ ਕਾਲਾਂ ਅਟੈਂਡ ਨਾ ਕਰਨ, ਹਫ਼ਤਾਵਾਰੀ ਨਿਰਧਾਰਤ ਰੈਸਟ ਲੈਣ ਤੇ ਐਤਵਾਰ ਤੇ ਗਜ਼ਟਿਡ ਛੁੱਟੀਆਂ ਵਾਲੇ ਦਿਨ ਸਪਲਾਈ ਬਹਾਲੀ ਤੋਂ ਇਲਾਵਾ ਡਿਫਾਲਟਿੰਗ, ਚੈਕਿੰਗ ਤੇ ਹੋਰ ਆਰਡਰ ਕਲੀਅਰ ਕਰਨ ਦੇ ਕੰਮ ਦਾ ਬਾਈਕਾਟ ਕਰਨ ਸਬੰਧੀ ਸਖ਼ਤ ਫ਼ੈਸਲਾ ਲਿਆ ਜਾ ਸਕਦਾ ਹੈ। ਇਸ ਮੌਕੇ ਇੰਜ. ਅਤਮਜੀਤ ਸਿੰਘ ਐੱਸਡੀਓ, ਇੰਜ. ਅਮਰਦੀਪ ਸਿੰਘ ਵਿਰਦੀ ਐੱਸਡੀਓ, ਇੰਜ. ਸਲੈਸ਼ ਐੱਸਡੀਓ, ਇੰਜ. ਜੋਤੀ ਐੱਸਡੀਓ, ਇੰਜ. ਰਵੀ ਐੱਸਡੀਓ, ਇੰਜ. ਮੁਖਜੀਤ ਸਿੰਘ ਐੱਸਡੀਓ, ਇੰਜ. ਸੁਰਜੀਤ ਸਿੰਘ ਐੱਸਡੀਓ, ਇੰਜ. ਗੋਪਾਲ ਕ੍ਰਿਸ਼ਨ ਐੱਸਡੀਓ, ਇੰਜ. ਹਨੀ ਐੱਸਡੀਓ, ਇੰਜ. ਗੁਰਜੀਤ ਸਿੰਘ ਜੇਈ ਤੇ ਇੰਜ. ਓਂਕਾਰ ਸਿੰਘ ਬੇਦੀ ਜੇਈ ਹਾਜ਼ਰ ਸਨ।