- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੁਡੀਸ਼ੀਅਲ ਕੰਪਲੈਕਸ ਨੂੰ ਨਵੇਂ ਸਥਾਨ ’ਤੇ ਲਿਜਾਉਣ ਦਾ ਮਾਮਲਾ

-ਮੰਗ ਪੱਤਰ ’ਤੇ 1092 ਵਕੀਲਾਂ ਨੇ ਕੀਤੇ ਦਸਤਖ਼ਤ
-ਕਿਹਾ ਮੌਜੂਦਾ ਥਾਂ ’ਤੇ ਹੀ ਰਹੇ ਜੁਡੀਸ਼ੀਅਲ ਕੰਪਲੈਕਸ
ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ
ਜੁਡੀਸ਼ੀਅਲ ਕੰਪਲੈਕਸ ਨੂੰ ਨਵੇਂ ਸਥਾਨ ’ਤੇ ਲਿਜਾਉਣ ਦਾ ਮਾਮਲਾ ਅੱਜ ਇਕ ਵਾਰ ਫਿਰ ਉਸ ਵੇਲੇ ਗਰਮਾ ਗਿਆ ਜਦੋਂ ਬਾਰ ਦੀ ਟੀਮ ਨੇ ਕੋਟ ਕਲਾਂ ਵਿਖੇ ਜੁਡੀਸ਼ੀਅਲ ਕੰਪਲੈਕਸ ਨੂੰ ਲਿਜਾਉਣ ਸਬੰਧੀ ਪ੍ਰਪੋਜਲ ਬਿਨਾਂ ਵਕੀਲ ਮੈਂਬਰਾਂ ਦੀ ਸਲਾਹ ਦੇ ਅੱਗੇ ਭੇਜ ਦਿੱਤਾ। ਜਦਕਿ ਇਸ ਸਬੰਧੀ 20 ਜੁਲਾਈ 2026 ਰਿਫਰੈਂਡਮ ਵੋਟਿੰਗ ਵੀ ਕਰਵਾਈ ਗਈ ਸੀ ਤੇ ਮੌਜੂਦਾ ਸਥਾਨ ’ਤੇ ਹੀ ਜੁਡੀਸ਼ੀਅਲ ਕੰਪਲੈਕਸ ਰਹਿਣ ਦਿੱਤੇ ਜਾਣ ਨੂੰ ਪਹਿਲੀ ਪਸੰਦ ਮੰਨਦੇ ਹੋਏ ਸਭ ਤੋਂ ਵਧ 812 ਵਕੀਲਾਂ ਦੀਆਂ ਵੋਟਾਂ ਪਈਆਂ ਸਨ ਪਰ ਅੱਜ ਕੋਟ ਕਲਾਂ ਅਚਾਨਕ ਪਹਿਲੀ ਪਸੰਦ ਕਿਵੇਂ ਬਣ ਗਿਆ ਤੇ ਇਸ ਦਾ ਵਿਰੋਧ ਕਰਦੇ ਹੋਏ ਅੱਜ 1092 ਵਕੀਲਾਂ ਨੇ ਹਸਤਾਖ਼ਰ ਕਰਦੇ ਹੋਏ ਏਡੀਸੀ ਵਿਕਾਸ ਦਿਵਿਆ ਪੀ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਇੱਕ ਮੰਗ ਪੱਤਰ ਦਿੱਤਾ ਤੇ ਕਿਹਾ ਕਿ ਜੁਡੀਸ਼ੀਅਲ ਕੰਪਲੈਕਸ ਮੌਜੂਦਾ ਸਥਾਨ ’ਤੇ ਹੀ ਰਹਿਣਾ ਚਾਹੀਦਾ ਹੈ ਤੇ ਇਸ ਨਾਲ ਇੱਕ ਕਾਪੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਕੱਤਰ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਹੀਂ ਚੀਫ਼ ਜਸਟਿਸ ਪੰਜਾਬ ਅਤੇ ਹਰਿਆਣਾ, ਬਿਲਡਿੰਗ ਕਮੇਟੀ ਅਤੇ ਨਰੀਖਣ ਜੱਜ ਜਲੰਧਰ ਨੂੰ ਵੀ ਦਿੱਤੀ।
ਮੰਗ ਪੱਤਰ ਦੇਣ ਗਏ ਵਕੀਲਾਂ ਤੇਜਿੰਦਰ ਸਿੰਘ ਧਾਲੀਵਾਲ, ਕਰਮਪਾਲ ਸਿੰਘ ਗਿੱਲ, ਨਰਿੰਦਰ ਸਿੰਘ, ਪਰਮਿੰਦਰ ਸਿੰਘ ਵਿਰਕ, ਆਰ.ਐੱਸ.ਭੋਗਲ, ਭੁਪਿੰਦਰ ਪਾਲ ਸਿੰਘ, ਸੰਗੀਤਾ ਰਾਣੀ ਸੋਨੀ, ਆਰਕੇ ਮਹਿਮੀ, ਸ਼ਾਮ ਲਾਲ ਚਿੱਟੀ, ਹਰਪ੍ਰੀਤ ਸਿੰਘ, ਨਵਜੋਤ ਸਿੰਘ, ਵਿਕਰਮ ਸ਼ੌਰੀ ਆਦਿ ਨੇ ਕਿਹਾ ਕਿ ਵਕੀਲਾਂ ਦੀ ਪਹਿਲਾਂ ਵੀ ਇਹੀ ਮੰਗ ਸੀ ਕਿ ਜੁਡੀਸ਼ੀਅਲ ਕੰਪਲੈਕਸ ਮੌਜੂਦਾ ਸਥਾਨ ’ਤੇ ਹੀ ਰਹਿਣਾ ਚਾਹੀਦਾ ਹੈ ਤੇ ਹੁਣ ਵੀ ਇਹੋ ਮੰਗ ਹੈ ਪਰ ਬਾਰ ਦੀ ਟੀਮ ਨੇ ਆਪਣੀ ਮਰਜ਼ੀ ਨਾਲ ਕੋਟ ਕਲਾਂ ਦਾ ਪ੍ਰਪੋਜ਼ਲ ਅੱਗੇ ਕਿਵੇਂ ਭੇਜ ਦਿੱਤਾ, ਇਸ ਨੂੰ ਲੈ ਕੇ ਵਕੀਲਾਂ ’ਚ ਕਾਫੀ ਰੋਸ ਹੈ ਤੇ ਉਕਤ ਵਕੀਲਾਂ ਨੇ ਬਾਰ ਪ੍ਰਧਾਨ ਤੇ ਸਕੱਤਰ ਨੂੰ ਇਕ ਪੱਤਰ ਦਿੰਦੇ ਹੋਏ ਛੇਤੀ ਹੀ ਇਸ ਸਬੰਧੀ ਜਨਰਲ ਹਾਊਸ ਬੁਲਾਉਣ ਦੀ ਵੀ ਮੰਗ ਕੀਤੀ ਹੈ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਪ੍ਰਧਾਨ ਰਤਨ ਦੂਆ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਇਹੋ ਹੀ ਕਿਹਾ ਸੀ ਤੇ ਹੁਣ ਵੀ ਇਹੋ ਕਿਹਾ ਹੈ ਕਿ ਮੌਜੂਦਾ ਕੰਪਲੈਕਸ ਹੀ ਸਾਰੇ ਵਕੀਲਾਂ ਦੀ ਪਸੰਦ ਹੈ ਤੇ ਇਹ ਇੱਥੇ ਹੀ ਰਹਿਣਾ ਚਾਹੀਦਾ ਹੈ ਜੇਕਰ ਇੱਥੇ ਸਹੀ ਨਹੀਂ ਬੈਠਦਾ ਤਾਂ ਕੋਟ ਕਲਾਂ ਨੂੰ ਪਹਿਲੀ ਪਸੰਦ ਮੰਨਿਆ ਜਾਵੇ ਤੇ ਜੁਡੀਸ਼ੀਅਲ ਕੰਪਲੈਕਸ ਫਿਰ ਕੋਟ ਕਲਾਂ ਹੀ ਬਣਾਇਆ ਜਾਵੇ।