- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਸ਼ ਭਗਤ ਯਾਦਗਾਰ ਹਾਲ ਵਿਖੇ ‘ਮੇਲਾ ਗ਼ਦਰੀ ਬਾਬਿਆਂ ਦਾ’ ਸ਼ੁਰੂ, ਤਿੰਨ ਦਿਨ ਚੱਲਣਗੇ ਸਾਹਿਤਕ ਤੇ ਸੱਭਿਆਚਾਰਕ ਸਮਾਗਮ

ਤਿੰਨ ਦਿਨ ਚੱਲਣਗੇ ਸਾਹਿਤਕ ਤੇ ਸੱਭਿਆਚਾਰਕ ਸਮਾਗਮ
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ‘ਮੇਲਾ ਗ਼ਦਰੀ ਬਾਬਿਆਂ ਦਾ’ 30 ਅਕਤੂਬਰ ਨੂੰ ਸ਼ਮ੍ਹਾਂ ਰੌਸ਼ਨ ਕਰ ਕੇ ਸ਼ੁਰੂ ਹੋ ਗਿਆ। ਇਸ ਮੌਕੇ ਚਿੱਤਰਕਲਾ, ਫੋਟੋ ਕਲਾ ਤੇ ਪੁਸਤਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ। ਵਿੱਛੜੇ ਸਾਥੀਆਂ ਨੂੰ ਸ਼ਹੀਦ ਜੈਮਲ ਪੱਡਾ ਦੇ ਬੋਲਾਂ ਰਾਹੀਂ ਸ਼ਰਧਾਂਜਲੀ ਭੇਟ ਕੀਤੀ ਗਈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਆਗੂਆਂ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਹਿਲੀ ਨਵੰਬਰ ਤੱਕ ਚੱਲਣ ਵਾਲੇ ਇਸ ਮੇਲੇ ਦੌਰਾਨ ਦੇਸ਼ ਤੇ ਸਮਾਜ ਦੇ ਅਹਿਮ ਮੁੱਦਿਆਂ ’ਤੇ ਵਿਚਾਰ-ਚਰਚਾ ਦੇ ਨਾਲ-ਨਾਲ ਨਾਟਕ, ਗੀਤ-ਸੰਗੀਤ ਤੇ ਕਲਾ ਪੇਸ਼ਕਾਰੀਆਂ ਕਰਵਾਈਆਂ ਜਾਣਗੀਆਂ। ਪਹਿਲੇ ਦਿਨ ਹੋਈ ਪੈਨਲ ਚਰਚਾ ’ਚ ਸ਼ਵਿੰਦਰ, ਰਾਜਿੰਦਰ ਭਦੌੜ, ਡਾ. ਲਖਵਿੰਦਰ ਜੌਹਲ ਤੇ ਰਵਿੰਦਰ ਕੌਰ ਜਨ ਚੇਤਨਾ ਨੇ ਵਿਚਾਰ ਸਾਂਝੇ ਕੀਤੇ। ਇਸ ਦਾ ਸੰਚਾਲਨ ਹਰਵਿੰਦਰ ਭੰਡਾਲ ਨੇ ਕੀਤਾ। 31 ਅਕਤੂਬਰ ਨੂੰ ਕੁਇੱਜ਼, ਪੇਂਟਿੰਗ ਮੁਕਾਬਲੇ ਤੇ ਤਰਕਸ਼ੀਲ ਕਲਾ ਵੰਨਗੀਆਂ ਤੋਂ ਇਲਾਵਾ ਪ੍ਰਜੌਏ ਗੁਹਾ ਠਾਕੁਰਤਾ ਵਿਚਾਰ-ਚਰਚਾ ’ਚ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਣਗੇ। ਸ਼ਾਮ ਨੂੰ ਪੁਸਤਕ ਲੋਕ ਅਰਪਣ, ਕਵੀ ਦਰਬਾਰ ਤੇ ਪੀਪਲਜ਼ ਵਾਇਸ ਵੱਲੋਂ ਨਕੁਲ ਸਾਹਨੀ ਦੀ ਨਿਰਦੇਸ਼ਨਾ ਹੇਠ ਬਣੀ ਫ਼ਿਲਮ ‘ਚੜ੍ਹਦੀ ਕਲਾ’ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਪਹਿਲੀ ਨਵੰਬਰ ਨੂੰ ਸਵੇਰੇ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਅਮੋਲਕ ਸਿੰਘ ਦੀ ਰਚਨਾ ਤੇ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ 100 ਕਲਾਕਾਰਾਂ ਵੱਲੋਂ ਸੰਗੀਤ ਨਾਟ ਓਪਰਾ ‘ਝੰਡੇ ਦਾ ਗੀਤ: ਬਦਲ ਦਿਓ ਸਮਾਜ’ ਪੇਸ਼ ਕੀਤਾ ਜਾਵੇਗਾ।
ਇਸ ਤੋਂ ਬਾਅਦ ਬੱਬਰ ਅਕਾਲੀ ਲਹਿਰ ਦੇ ਪ੍ਰਸੰਗ ’ਤੇ ‘ਹੱਲੇ ਦਾ ਦੀਵਾਨ’ ਜੱਥੇਦਾਰ ਗੁਰਲਾਲ ਸਿੰਘ ਤੇ ਸਾਥੀਆਂ ਵੱਲੋਂ ਪੇਸ਼ ਕੀਤਾ ਜਾਵੇਗਾ। ਡਾ. ਨਵਸ਼ਰਨ ਵੀ ਇਸ ਮੌਕੇ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ ਸਾਂਝੇ ਕਰਨਗੇ। ਮੇਲੇ ਦੌਰਾਨ ਵੱਖ-ਵੱਖ ਨਾਟਕ ਮੰਡਲੀਆਂ ਵੱਲੋਂ ‘ਸੀਸ ਤਲੀ ’ਤੇ’, ‘ਅਸੀਂ ਯੁੱਗ ਸਿਰਜਾਂਗੇ’, ‘ਤੂੰ ਬੁੱਲ੍ਹੇ ਵਾਂਗੂੰ ਬੋਲ’, ‘ਖਿੜਦੇ ਰਹਿਣ ਗੁਲਾਬ’ ਤੇ ‘ਤਮਾਸ਼ਾ-ਏ-ਹਿੰਦੋਸਤਾਨ’ ਨਾਟਕ ਪੇਸ਼ ਕੀਤੇ ਜਾਣਗੇ। ਇਸ ਤੋਂ ਇਲਾਵਾ ਲੋਕ ਸੰਗੀਤ ਮੰਡਲੀਆਂ, ਇਨਕਲਾਬੀ ਕਵੀਸ਼ਰੀ ਜੱਥਿਆਂ ਤੇ ਹੋਰ ਕਲਾਕਾਰਾਂ ਵੱਲੋਂ ਗੀਤ-ਸੰਗੀਤ ਦੀਆਂ ਪੇਸ਼ਕਾਰੀਆਂ ਹੋਣਗੀਆਂ। ਤਿੰਨਾਂ ਦਿਨਾਂ ਦੌਰਾਨ ਲੱਗੀ ਪੁਸਤਕ ਪ੍ਰਦਰਸ਼ਨੀ ਵੀ ਮੇਲੇ ਦਾ ਵਿਸ਼ੇਸ਼ ਆਕਰਸ਼ਣ ਹੋਵੇਗੀ। ਮੇਲੇ ’ਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਤੇ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵੱਲੋਂ ਡਾ. ਕਰਨ ਗਰਗ ਦੀ ਅਗਵਾਈ ਹੇਠ ਮੈਡੀਕਲ ਸਹਾਇਤਾ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਮੀਤ ਪ੍ਰਧਾਨ ਡਾ. ਪਰਮਿੰਦਰ, ਸਹਾਇਕ ਸਕੱਤਰ ਪ੍ਰੋ. ਗੋਪਾਲ ਬੁੱਟਰ ਤੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ ਸਮੇਤ ਕਮੇਟੀ ਦੇ ਹੋਰ ਆਗੂ ਤੇ ਮੈਂਬਰ ਹਾਜ਼ਰ ਸਨ। ਚਿੱਤਰਕਲਾ ਤੇ ਫੋਟੋ ਕਲਾ ਪ੍ਰਦਰਸ਼ਨੀ ਬਾਰੇ ਕਮੇਟੀ ਮੈਂਬਰ ਡਾ. ਸੈਲੇਸ਼ ਨੇ ਜਾਣਕਾਰੀ ਸਾਂਝੀ ਕੀਤੀ।