- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਿਤ ਸ਼ਾਹ ਦੀ ਜਲੰਧਰ ਮਹਾਰੈਲੀ ਪੰਜਾਬ ਵਿੱਚ ਬਦਲਾਅ ਦਾ ਸ਼ੰਖਨਾਦ ਬਣੇਗੀ : ਹਿੱਕੀ

ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ
ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਸਤਾਵਿਤ ਜਲੰਧਰ ਮਹਾਰੈਲੀ ਦੀਆਂ ਤਿਆਰੀਆਂ ਦੀ ਸਮੀਖਿਆ ਅਤੇ ਆਉਣ ਵਾਲੀ ਰਣਨੀਤੀ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਇਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਰੈਲੀ ਨੂੰ ਇਤਿਹਾਸਕ ਅਤੇ ਬੇਮਿਸਾਲ ਬਣਾਉਣ ਲਈ ਸੰਗਠਨਾਤਮਕ ਤਿਆਰੀਆਂ, ਜਨ ਸੰਪਰਕ ਮੁਹਿੰਮ, ਬੂਥ ਪੱਧਰ ਦੀਆਂ ਜ਼ਿੰਮੇਵਾਰੀਆਂ ਅਤੇ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਤੋਂ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਪੰਜਾਬ ਭਾਜਪਾ ਦੇ ਸੰਗਠਨ ਮਹਾਂਮੰਤਰੀ ਸ਼੍ਰੀਨਿਵਾਸਲੂ ਨੇ ਵਿਸ਼ੇਸ਼ ਤੌਰ 'ਤੇ ਮੀਟਿੰਗ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਸੂਬਾ ਉਪ ਪ੍ਰਧਾਨ ਰਾਕੇਸ਼ ਰਾਠੌਰ, ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਸੰਸਦੀ ਸਕੱਤਰ ਕ੍ਰਿਸ਼ਨ ਦੇਵ ਭੰਡਾਰੀ, ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਸ਼ੀਤਲ ਅੰਗੁਰਾਲ, ਸੂਬਾ ਸਕੱਤਰ ਕਰਮਜੀਤ ਕੌਰ ਚੌਧਰੀ, ਸੀਨੀਅਰ ਭਾਜਪਾ ਆਗੂ ਦਿਨੇਸ਼ ਢੱਲ ਅਤੇ ਜ਼ਿਲ੍ਹਾ ਮਹਾਂਮੰਤਰੀ ਰਾਜੇਸ਼ ਕਪੂਰ ਵੀ ਹਾਜ਼ਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਹਿੱਕੀ ਨੇ ਕਿਹਾ ਕਿ ਪੰਜਾਬ ਅੱਜ ਨਸ਼ੇ, ਗੈਂਗਸਟਰਵਾਦ, ਕਤਲ, ਲੁੱਟ-ਖੋਹ ਅਤੇ ਵਿਗੜਦੀ ਕਾਨੂੰਨ-ਵਿਵਸਥਾ ਦੀ ਅੱਗ ਵਿੱਚ ਸੜ ਰਿਹਾ ਹੈ, ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ। ਅਜਿਹੇ ਸਮੇਂ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ਮਹਾਰੈਲੀ ਪੰਜਾਬ ਨੂੰ ਬਚਾਉਣ ਅਤੇ ਬਦਲਾਅ ਦੀ ਨਵੀਂ ਦਿਸ਼ਾ ਦੇਣ ਦਾ ਕੰਮ ਕਰੇਗੀ। ਸੂਬਾ ਸੰਗਠਨ ਮਹਾਂਮੰਤਰੀ ਸ਼੍ਰੀਨਿਵਾਸਲੂ ਨੇ ਕਿਹਾ ਕਿ ਫ਼ਰਵਰੀ ਵਿੱਚ ਮੋਗਾ ਵਿੱਚ ਹੋਈ ਇਤਿਹਾਸਕ ਅਮਿਤ ਸ਼ਾਹ ਰੈਲੀ ਨੇ ਪੰਜਾਬ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦਿੱਤੀ ਸੀ ਤੇ ਹੁਣ ਜਲੰਧਰ ਦੀ ਮਹਾਰੈਲੀ ਉਸ ਤੋਂ ਵੀ ਵੱਧ ਵਿਸ਼ਾਲ, ਪ੍ਰਭਾਵਸ਼ਾਲੀ ਅਤੇ ਇਤਿਹਾਸਕ ਹੋਵੇਗੀ। ਮੀਟਿੰਗ ਵਿੱਚ ਜ਼ਿਲ੍ਹਾ ਉਪ ਪ੍ਰਧਾਨ ਮਨੀਸ਼ ਵਿਜ, ਦਵਿੰਦਰ ਭਾਰਦਵਾਜ, ਦਵਿੰਦਰ ਕਾਲੀਆ, ਅਨੁ ਸ਼ਰਮਾ, ਮੀਨੂ ਸ਼ਰਮਾ, ਸ਼ਾਲੂ ਕੁਮਾਰੀ, ਜ਼ਿਲ੍ਹਾ ਸਕੱਤਰ ਅਤੇ ਮੀਡੀਆ ਇੰਚਾਰਜ ਅਮਿਤ ਭਾਟੀਆ, ਅਰਜੁਨ ਹੈਪੀ, ਸੰਜੀਵ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।