- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਨਸ਼ਾ ਮੁਕਤ ਰੈਲੀ ਲਈ ਦੇਰ ਰਾਤ ਤੱਕ ਚੱਲੀਆਂ ਮੀਟਿੰਗਾਂ, ਅਮਿਤ ਸ਼ਾਹ ਸਮੇਤ ਕਈ ਮੰਤਰੀ ਪਹੁੰਚਣਗੇ

ਜਾਸ, ਜਲੰਧਰ : ਭਾਰਤੀ ਜਨਤਾ ਪਾਰਟੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਸਮਾਪਤੀ ਰੈਲੀ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਪਾਰਟੀ ਦੇ ਸੀਨੀਅਰ ਆਗੂ ਦੇਰ ਰਾਤ ਤੱਕ ਰੈਲੀ ਸਥਾਨ ’ਤੇ ਡਟੇ ਰਹੇ। ਪੰਜਾਬ ਭਾਜਪਾ ਦੇ ਇੰਚਾਰਜ ਸਤੀਸ਼ ਪੂਨੀਆ, ਪ੍ਰਧਾਨ ਕੇਵਲ ਸਿੰਘ ਢਿੱਲੋਂ, ਰੈਲੀ ਦੇ ਇੰਚਾਰਜ ਰਾਜੇਸ਼ ਬਾਘਾ, ਉਪ ਪ੍ਰਧਾਨ ਰਾਕੇਸ਼ ਰਾਠੌਰ, ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਸਮੇਤ ਕਈ ਆਗੂ ਮੌਜੂਦ ਰਹੇ। ਪੰਜਾਬ ’ਚ ਸ਼ੁਰੂ ਕੀਤੀਆਂ ਗਈਆਂ ਚਾਰ ਨਸ਼ਾ ਮੁਕਤੀ ਯਾਤਰਾਵਾਂ ਵਿੱਚੋਂ ਤਿੰਨ ਯਾਤਰਾਵਾਂ ਮੰਗਲਵਾਰ ਸ਼ਾਮ ਨੂੰ ਜਲੰਧਰ ’ਚ ਰੈਲੀ ਸਥਾਨ ਦੇ ਨੇੜੇ ਪੁੱਜ ਗਈਆਂ ਸਨ, ਜਦਕਿ ਇਕ ਯਾਤਰਾ ਦੇਰ ਰਾਤ ਤੱਕ ਪੁੱਜਣੀ ਸੀ। ਪਰਾਗਪੁਰ ਸਥਿਤ ਰੈਲੀ ਸਥਾਨ ’ਤੇ ਪੰਡਾਲ ਤਿਆਰ ਹੈ ਤੇ ਦੇਰ ਰਾਤ ਤੱਕ ਬੋਰਡ ਲਗਾਉਣ, ਐੱਲਈਡੀ ਅਤੇ ਮੰਚ ਨੂੰ ਅੰਤਿਮ ਰੂਪ ਦੇਣ ਦਾ ਕੰਮ ਜਾਰੀ ਰਿਹਾ। ਰੈਲੀ ਦੁਪਹਿਰ ਇੱਕ ਵਜੇ ਸ਼ੁਰੂ ਹੋਣੀ ਹੈ ਪਰ ਜਲੰਧਰ ਪੁੱਜੀਆਂ ਯਾਤਰਾਵਾਂ ਦੇ ਨਾਲ ਵਰਕਰ ਮੰਗਲਵਾਰ ਰਾਤ ਤੋਂ ਹੀ ਰੈਲੀ ਸਥਾਨ ’ਤੇ ਪੁੱਜਣਗੇ ਸ਼ੁਰੂ ਹੋ ਗਏ ਸਨ। ਉੱਥੇ ਹੀ ਨੈਸ਼ਨਲ ਹਾਈਵੇ ’ਤੇ ਵੱਡੀ ਰੈਲੀ ਹੋਣ ਕਾਰਨ ਟ੍ਰੈਫਿਕ ਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ। ਭਾਜਪਾ ਇਸ ਰੈਲੀ ਵਿੱਚ ਦੋ ਲੱਖ ਲੋਕਾਂ ਦੇ ਪਹੁੰਚਣ ਦਾ ਦਾਅਵਾ ਕਰ ਰਹੀ ਹੈ। ਰੈਲੀ ਵਿੱਚ ਆਉਣ ਵਾਲੇ ਲੋਕਾਂ ਲਈ ਚਾਰ ਪਾਰਕਿੰਗ ਸਥਾਨ ਤੈਅ ਕੀਤੇ ਗਏ ਹਨ। ਦੋਆਬਾ, ਮਾਲਵਾ ਅਤੇ ਮਾਝਾ ਲਈ ਇੱਕ-ਇੱਕ ਪਾਰਕਿੰਗ ਹੋਵੇਗੀ, ਜਦਕਿ ਰੈਲੀ ਦੇ ਪੰਡਾਲ ਦੇ ਨੇੜੇ ਇੱਕ ਵੀ.ਆਈ.ਪੀ. ਪਾਰਕਿੰਗ ਹੋਵੇਗੀ। ਭੀੜ ਨੂੰ ਦੇਖਦੇ ਹੋਏ ਹਾਈਵੇ ’ਤੇ ਟ੍ਰੈਫਿਕ ਦੇ ਰੂਟ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ। ਪੁਲਿਸ ਪ੍ਰਸ਼ਾਸਨ ਨੇ ਦੇਰ ਸ਼ਾਮ ਤੱਕ ਰੂਟ ਪਲਾਨ ਜਾਰੀ ਨਹੀਂ ਕੀਤਾ ਸੀ, ਪਰ ਟ੍ਰੈਫਿਕ ਨੂੰ ਸੁਚਾਰੂ ਰੱਖਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਹਾਈਵੇ ’ਤੇ ਤਾਇਨਾਤ ਕਰ ਦਿੱਤੇ ਗਏ ਹਨ।