- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਕੌਸਲ ਗੁਰਾਇਆ ਦੀ ਹੋਈ ਮੀਟਿੰਗ

ਚਾਰ ਮਹੀਨਿਆਂ ਦੇ ਵਕਫ਼ੇ ਮਗਰੋਂ ਹੋਈ ਨਗਰ ਕੌਂਸਲ ਗੁਰਾਇਆ ਦੀ ਹਾਊਸ ਮੀਟਿੰਗ
ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਕਰੀਬ ਚਾਰ ਮਹੀਨਿਆਂ ਵਕਫ਼ੇ ਬਾਅਦ ਨਗਰ ਕੌਂਸਲ ਗੁਰਾਇਆ ਦੀ ਹਾਊਸ ਮੀਟਿੰਗ ਪ੍ਰਧਾਨ ਹਰਮੇਸ਼ ਲਾਲ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ। 13 ਕੌਂਸਲਰਾਂ ’ਚੋਂ ਅੱਠ ਕੌਂਸਲਰ ਮੀਟਿੰਗ ’ਚ ਹਾਜ਼ਰ ਰਹੇ। ਮੀਟਿੰਗ ’ਚ ਕਾਰਜ ਸਾਧਕ ਅਫ਼ਸਰ ਸੁਨੀਲ ਕੁਮਾਰ ਤੇ ਐੱਮਈ ਸਤਿਆਜੀਤ ਵੀ ਮੌਜੂਦ ਸਨ। ਮੀਟਿੰਗ ਦੀ ਸ਼ੁਰੂਆਤ ’ਚ ਹੀ ਕਈ ਕੌਂਸਲਰਾਂ ਨੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਚਾਰ ਮਹੀਨਿਆਂ ਬਾਅਦ ਸਿਰਫ਼ ਵਾਟਰ ਟਰੀਟਮੈਂਟ ਪਲਾਂਟ (ਡਬਲਯੂਟੀਪੀ) ਸਬੰਧੀ ਮਤਾ ਪਾਸ ਕਰਨ ਲਈ ਮੀਟਿੰਗ ਸੱਦੀ ਗਈ ਹੈ, ਜਦਕਿ ਸ਼ਹਿਰ ਦੇ ਵਿਕਾਸ ਕਾਰਜਾਂ, ਵਾਰਡਾਂ ਦੀਆਂ ਸਮੱਸਿਆਵਾਂ ਤੇ ਹੋਰ ਅਹਿਮ ਮੁੱਦਿਆਂ 'ਤੇ ਕੋਈ ਚਰਚਾ ਨਹੀਂ ਕੀਤੀ ਗਈ। ਕੌਂਸਲਰਾਂ ਨੇ ਇਹ ਵੀ ਕਿਹਾ ਕਿ ਕਰੀਬ ਸੱਤ ਮਹੀਨਿਆਂ ਤੋਂ ਨਗਰ ਕੌਂਸਲ ’ਚ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀਆਂ ਅਸਾਮੀਆਂ ਖਾਲੀ ਹਨ ਪਰ ਅਜੇ ਤੱਕ ਚੋਣ ਨਹੀਂ ਕਰਵਾਈ ਗਈ। ਹਾਲਾਂਕਿ ਡਬਲਯੂਟੀਪੀ ਨਾਲ ਸਬੰਧਤ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਆਪ ਕੌਂਸਲਰ ਮਨੋਜ ਗੋਗਨਾ ਨੇ ਆਪਣੇ ਵਾਰਡ ਦੀਆਂ ਸਮੱਸਿਆਵਾਂ ਹਾਊਸ ਸਾਹਮਣੇ ਰੱਖੀਆਂ, ਜਦਕਿ ਭਾਜਪਾ ਕੌਂਸਲਰ ਰਜਨੀ ਗਾਬਾ ਨੇ ਸਫ਼ਾਈ ਪ੍ਰਬੰਧ ਤੇ ਵਿਕਾਸ ਕਾਰਜਾਂ ਲਈ ਆਈਆਂ ਗਰਾਂਟਾਂ ਬਾਰੇ ਪਾਰਦਰਸ਼ਤਾ ਦੀ ਘਾਟ 'ਤੇ ਸਵਾਲ ਉਠਾਏ। ਆਜ਼ਾਦ ਕੌਂਸਲਰ ਪ੍ਰੋ. ਰਿਸ਼ੂ ਬਾਵਾ ਨੇ ਕਿਹਾ ਕਿ ਡੇਢ ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਵਿਕਾਸ ਲਈ ਕੇਵਲ ਇਕ ਹੀ ਗਰਾਂਟ ਮਿਲੀ ਹੈ ਤੇ ਕੌਂਸਲਰਾਂ ਨੂੰ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਉਨ੍ਹਾਂ ਦੇ ਵਾਰਡਾਂ ’ਚ ਕਿੰਨਾ ਕੰਮ ਹੋਇਆ ਤੇ ਕਿੰਨੀ ਰਕਮ ਬਕਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਰੋੜਾਂ ਰੁਪਏ ਖਰਚ ਕਰਕੇ ਸੀਵਰੇਜ ਦੀ ਸਫ਼ਾਈ ਕਰਵਾਉਣ ਦੇ ਬਾਵਜੂਦ ਕਈ ਥਾਵਾਂ 'ਤੇ ਗੰਦਾ ਪਾਣੀ ਗਲੀਆਂ ’ਚ ਖੜ੍ਹਾ ਹੈ। ਉਨ੍ਹਾਂ ਸਫ਼ਾਈ ਸੇਵਕਾਂ ਦੀਆਂ ਮੰਗਾਂ ਨੂੰ ਹਾਊਸ ’ਚ ਨਾ ਲਿਆਂਦੇ ਜਾਣ 'ਤੇ ਵੀ ਨਾਰਾਜ਼ਗੀ ਪ੍ਰਗਟਾਈ। ਵਾਰਡ ਨੰਬਰ 13 ਦੀ ਕੌਂਸਲਰ ਕੰਚਨ ਬਾਲਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਵਾਰਡ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਤੇ ਡੇਢ ਸਾਲ ’ਚ ਵਿਕਾਸ ਲਈ ਇਕ ਰੁਪਇਆ ਵੀ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਮਨਜ਼ੂਰ ਹੋਈ ਗਰਾਂਟ ਵੀ ਵਾਪਸ ਲੈ ਲਈ ਗਈ, ਜਦਕਿ ਸਫ਼ਾਈ ਪ੍ਰਬੰਧ ਬਹੁਤ ਮਾੜੇ ਹਨ। ਉਨ੍ਹਾਂ ਨਾਲਿਆਂ ਦੀ ਸਫ਼ਾਈ ਲਈ ਹੋਏ 15 ਲੱਖ ਰੁਪਏ ਦੇ ਟੈਂਡਰ ਦੀ ਜਾਂਚ ਦੀ ਵੀ ਮੰਗ ਕੀਤੀ।
ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਹਰਮੇਸ਼ ਲਾਲ ਚੌਹਾਨ ਨੇ ਕਿਹਾ ਕਿ ਫੰਡਾਂ ਦੀ ਘਾਟ ਕਾਰਨ ਕੁਝ ਵਿਕਾਸ ਕਾਰਜ ਪ੍ਰਭਾਵਿਤ ਹੋਏ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਫੰਡ ਮਿਲਦੇ ਹੀ ਸਾਰੇ ਵਾਰਡਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕਰਵਾਏ ਜਾਣਗੇ। ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਸਬੰਧੀ ਉਨ੍ਹਾਂ ਕਿਹਾ ਕਿ ਚੋਣ ਜਲਦ ਕਰਵਾਈ ਜਾਵੇਗੀ।