ਮੀਡੀਆ ਨਿਰਪੱਖਤਾ ਤੇ ਸੱਚਾਈ 'ਤੇ ਪਹਿਰਾ ਦੇਵੇ: ਇੰਦਰਪ੍ਰੀਤ ਸਿੰਘ ਮੀਡੀਆ ਨਿਰਪੱਖਤਾ ਤੇ ਸੱਚਾਈ 'ਤੇ ਪਹਿਰਾ ਦੇ ਕੇ ਲੋਕਤੰਤਰ ਨੂੰ ਕਰੇ ਮਜ਼ਬੂਤ: ਇੰਦਰਪ੍ਰੀਤ ਸਿੰਘ
Publish Date: Tue, 15 Sep 2026 08:49 PM (IST)
Updated Date: Tue, 15 Sep 2026 08:50 PM (IST)
--ਡੀਏਵੀ ਯੂਨੀਵਰਸਿਟੀ ਵਿਖੇ ‘ਅੰਤਰਰਾਸ਼ਟਰੀ ਲੋਕਤੰਤਰ ਦਿਵਸ’ ਮੌਕੇ ‘ਲੋਕਤੰਤਰ ਤੇ ਮੀਡੀਆ’ ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਡੀਏਵੀ ਯੂਨੀਵਰਸਿਟੀ ਦੇ ਪੱਤਰਕਾਰੀ ਤੇ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ ‘ਅੰਤਰਰਾਸ਼ਟਰੀ ਲੋਕਤੰਤਰ ਦਿਵਸ’ ਮੌਕੇ ਲੋਕਤੰਤਰ ਤੇ ਮੀਡੀਆ ਵਿਸ਼ੇ ਤੇ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਲੋਕਤੰਤਰੀ ਮੁੱਲਾਂ ਦੀ ਰਾਖੀ, ਨਾਗਰਿਕਾਂ ਨੂੰ ਜਾਗਰੂਕ ਕਰਨ ਅਤੇ ਸ਼ਾਸਨ ਵਿੱਚ ਮੀਡੀਆ ਦੀ ਜਵਾਬਦੇਹੀ ਨਿਰਧਾਰਿਤ ਕਰਨ ’ਚ ਇਸਦੀ ਅਹਿਮ ਭੂਮਿਕਾ ਤੇ ਚਰਚਾ ਕਰਨਾ ਸੀ। ਇਸ ਸੈਮੀਨਾਰ ਵਿੱਚ ਪੰਜਾਬੀ ਜਾਗਰਣ ਦੇ ਸੰਪਾਦਕ ਇੰਦਰਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਲੋਕਤੰਤਰ ਤੇ ਮੀਡੀਆ ਦੇ ਅਟੁੱਟ ਰਿਸ਼ਤੇ ਤੇ ਚਾਨਣਾ ਪਾਇਆ। ਇੰਦਰਪ੍ਰੀਤ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਪੱਤਰਕਾਰਤਾ ਦਾ ਮੁੱਖ ਆਧਾਰ ਸੱਚਾਈ, ਨਿਰਪੱਖਤਾ, ਸ਼ੁੱਧਤਾ ਅਤੇ ਪੇਸ਼ੇਵਰ ਨੈਤਿਕਤਾ ਹੈ। ਬਦਲਦੇ ਮੀਡੀਆ ਦੌਰ ਦੀਆਂ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਡਿਜੀਟਲ ਤੇ ਸੋਸ਼ਲ ਮੀਡੀਆ ਦੇ ਵਧਦੇ ਪ੍ਰਭਾਵ ਕਾਰਨ ਅੱਜ ਫੇਕ ਨਿਊਜ਼ ਅਤੇ ਗਲਤ ਜਾਣਕਾਰੀ ਦਾ ਪਸਾਰ ਇੱਕ ਗੰਭੀਰ ਸਮੱਸਿਆ ਬਣ ਚੁੱਕਾ ਹੈ, ਜਿਸ ਨਾਲ ਨਜਿੱਠਣ ਲਈ ਨਵੀਂ ਪੀੜ੍ਹੀ ਦੇ ਪੱਤਰਕਾਰਾਂ ਨੂੰ ਸੁਚੇਤ ਤੇ ਜ਼ਿੰਮੇਵਾਰ ਬਣਨਾ ਪਵੇਗਾ। ਯੂਨੀਵਰਸਿਟੀ ਦੇ ਉਪ-ਕੁਲਪਤੀ (ਵਾਈਸ ਚਾਂਸਲਰ) ਪ੍ਰੋ. (ਡਾ.) ਮਨੋਜ ਕੁਮਾਰ ਨੇ ਮੁੱਖ ਮਹਿਮਾਨ ਅਤੇ ਹੋਰ ਸ਼ਖਸੀਅਤਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਕ ਆਦਰਸ਼ ਤੇ ਮਜ਼ਬੂਤ ਲੋਕਤੰਤਰ ਲਈ ਨੈਤਿਕ ਪੱਤਰਕਾਰੀ ਦਾ ਹੋਣਾ ਅਤਿ-ਜ਼ਰੂਰੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਲੋਚਨਾਤਮਕ ਸੋਚ ਅਤੇ ਪੇਸ਼ੇਵਰ ਇਮਾਨਦਾਰੀ ਅਪਣਾਉਣ ਦੀ ਪ੍ਰੇਰਨਾ ਦਿੱਤੀ। ਯੂਨੀਵਰਸਿਟੀ ਦੇ ਰਜਿਸਟ੍ਰਾਰ ਡਾ. ਸੰਜੀਵ ਅਰੋੜਾ ਨੇ ਵੀ ਵਿਭਾਗ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਨੂੰ ਪੱਤਰਕਾਰੀ ਦੇ ਖੇਤਰ ਦੀਆਂ ਅਮਲੀ ਚੁਣੌਤੀਆਂ ਨੂੰ ਸਮਝਣ ਵਿੱਚ ਮਦਦ ਕਰਦੇ ਹਨ। ਇਸ ਮੌਕੇ ਯੂਨੀਵਰਸਿਟੀ ਦੇ ਐਗਜੈਕਟਿਵ ਡਾਇਰੈਕਟਰ ਸੇਵਾ ਮੁਕਤ ਆਈਪੀਐਸ ਰਾਜਨ ਗੁਪਤਾ ਅਤੇ ਉਘੇ ਪੱਤਰਕਾਰ ਅਤੇ ਯੂਨੀਵਰਸਿਟੀ ਦੇ ਡਾਇਰੈਕਟਰ ਪੀਆਰ ਵਿਕਾਸ ਕੋਹਲ ਨੇ ਵੀ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਕਈ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਪੰਜਾਬੀ ਜਾਗਰਣ ਦੇ ਜ਼ਿਲ੍ਹਾ ਇੰਚਾਰਜ ਤੇਜਿੰਦਰ ਕੌਰ ਥਿੰਦ ਵੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਸਨ। ਉਨ੍ਹਾਂ ਨਾਲ ਅਮਰਜੀਤ ਕੌਰ ਤੇ ਗੁਰਜੀਤ ਕੌਰ ਵੀ ਉਚੇਚੇ ਤੌਰ ਤੇ ਪਹੁੰਚੇ। ਸੈਮੀਨਾਰ ਵਿੱਚ ਵਿਭਾਗ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ। ਸਮਾਗਮ ਦੇ ਅੰਤ ਵਿਚ ਇਕ ਵਿਚਾਰ-ਵਟਾਂਦਰਾ ਵੀ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਮੁੱਖ ਵਕਤਾ ਤੋਂ ਮੀਡੀਆ ਅਤੇ ਲੋਕਤੰਤਰ ਨਾਲ ਜੁੜੇ ਕਈ ਅਹਿਮ ਸਵਾਲ ਪੁੱਛ ਕੇ ਆਪਣੀਆਂ ਸ਼ੰਕਾਵਾਂ ਦਾ ਹੱਲ ਕੀਤਾ।