ਸਮਰਥਕਾਂ ਸਮੇਤ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਏ ਮੇਅਰ ਮੇਅਰ ਵਿਨੀਤ ਧੀਰ ਨੂੰ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਨਾਰਥ ਹਲਕੇ ਦਾ ਇੰਚਾਰਜ ਨਿਯੁਕਤ ਕੀਤੇ ਜਾਣ ਤੋਂ ਬਾਅਦ ਐਤਵਾਰ ਨੂੰ ਉਨ੍ਹਾਂ ਦੇ ਹਲਕੇ ਵਿੱਚ ਸ਼ੁਕਰਾਨਾ ਯਾਤਰਾ ਕੱਢੀ ਗਈ। ਯਾਤਰਾ ਦੌਰਾਨ ਮੇਅਰ ਵਿਨੀਤ ਧੀਰ ਨੇ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ।
Publish Date: Sun, 02 Aug 2026 10:26 PM (IST)
Updated Date: Sun, 02 Aug 2026 10:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੇਅਰ ਵਿਨੀਤ ਧੀਰ ਨੂੰ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਨਾਰਥ ਹਲਕੇ ਦਾ ਇੰਚਾਰਜ ਨਿਯੁਕਤ ਕੀਤੇ ਜਾਣ ਤੋਂ ਬਾਅਦ ਐਤਵਾਰ ਨੂੰ ਉਨ੍ਹਾਂ ਦੇ ਹਲਕੇ ਵਿੱਚ ਸ਼ੁਕਰਾਨਾ ਯਾਤਰਾ ਕੱਢੀ ਗਈ। ਯਾਤਰਾ ਦੌਰਾਨ ਮੇਅਰ ਵਿਨੀਤ ਧੀਰ ਨੇ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ। ਹਾਲਾਂਕਿ, ਚਾਰ ਦਿਨ ਪਹਿਲਾਂ ਹਟਾਏ ਗਏ ਨਾਰਥ ਹਲਕੇ ਦੇ ਇੰਚਾਰਜ ਦਿਨੇਸ਼ ਢੱਲ ਨਵ-ਨਿਯੁਕਤ ਹਲਕਾ ਇੰਚਾਰਜ ਮੇਅਰ ਵਿਨੀਤ ਧੀਰ ਦੀ ਪਹਿਲੀ ਸ਼ੁਕਰਾਨਾ ਯਾਤਰਾ ’ਚ ਨਜ਼ਰ ਨਹੀਂ ਆਏ। ਸ਼ੁਕਰਾਨਾ ਯਾਤਰਾ ’ਚ ਕੈਬਨਿਟ ਮੰਤਰੀ ਮੋਹਿੰਦਰ ਭਗਤ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ, ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਸਮੇਤ ਪਾਰਟੀ ਦੀ ਵੱਡੀ ਗਿਣਤੀ ’ਚ ਲੀਡਰਸ਼ਿਪ ਟੀਮ ਤੇ ਵਰਕਰ ਸ਼ਾਮਲ ਹੋਏ। ਇਸ ਦੌਰਾਨ ਦੋ ਗੁੱਟਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਮਾਮਲਾ ਸਿਆਸੀ ਤੌਰ ’ਤੇ ਵੀ ਗਰਮਾ ਗਿਆ। ਐਤਵਾਰ ਸ਼ਾਮ ਨੂੰ ਮੇਅਰ ਵਿਨੀਤ ਧੀਰ ਨੇ ਨਾਰਥ ਹਲਕੇ ਦੇ ਇੰਚਾਰਜ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਸਮਰਥਕਾਂ ਨਾਲ ਸ਼ੁਕਰਾਨਾ ਯਾਤਰਾ ਸ਼ੁਰੂ ਕੀਤੀ। ਸ਼ੁਕਰਾਨਾ ਯਾਤਰਾ ਸਭ ਤੋਂ ਪਹਿਲਾਂ ਸ੍ਰੀ ਦੇਵੀ ਤਾਲਾਬ ਮੰਦਰ ਪਹੁੰਚੀ, ਜਿੱਥੇ ਉਨ੍ਹਾਂ ਨੇ ਮੱਥਾ ਟੇਕਿਆ। ਮੰਦਰ ਦੇ ਪੁਜਾਰੀ ਵੱਲੋਂ ਉਨ੍ਹਾਂ ਨੂੰ ਮਾਤਾ ਦੀ ਚੁੰਨੀ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਮਾਂ ਤ੍ਰਿਪੁਰਮਾਲਿਨੀ ਮੰਦਰ ’ਚ ਵੀ ਹਾਜ਼ਰੀ ਲਗਵਾਈ। ਫਿਰ ਢੋਲ-ਤਾਸ਼ਿਆਂ ਨਾਲ ਗੱਡੀਆਂ ਤੇ ਦੋਪਹੀਆ ਵਾਹਨਾਂ ਦੇ ਕਾਫ਼ਲੇ ਸਮੇਤ ਸ਼ੁਕਰਾਨਾ ਯਾਤਰਾ ਪ੍ਰੀਤ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੇ ਸੋਢਲ ਮੰਦਰ ਪਹੁੰਚੀ, ਜਿੱਥੇ ਮੇਅਰ ਨੇ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ। ਮੇਅਰ ਵਿਨੀਤ ਧੀਰ ਨੇ ਕਿਹਾ ਕਿ ਪਾਰਟੀ ਹਾਈ ਕਮਾਨ ਨੇ ਉਨ੍ਹਾਂ ਨੂੰ ਜਲੰਧਰ ਨਾਰਥ ਹਲਕੇ ਦੀ ਜ਼ਿੰਮੇਵਾਰੀ ਸੌਂਪੀ ਹੈ, ਜਿਸ ਲਈ ਉਹ ਪਾਰਟੀ ਲੀਡਰਸ਼ਿਪ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਉਹ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨਗੇ ਤੇ ਨਾਰਥ ਹਲਕੇ ਦੇ ਵਿਕਾਸ ਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਮੇਅਰ ਦੇ ਅਹੁਦੇ ਦੀ ਜ਼ਿੰਮੇਵਾਰੀ ਦੇ ਨਾਲ-ਨਾਲ ਨਾਰਥ ਹਲਕੇ ਦੀ ਨਵੀਂ ਜ਼ਿੰਮੇਵਾਰੀ ਨੂੰ ਵੀ ਉਹ ਪੂਰੀ ਨਿਸ਼ਠਾ ਨਾਲ ਨਿਭਾਉਣਗੇ। ਵਿਨੀਤ ਧੀਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਵਿਆਪਕ ਪੱਧਰ ’ਤੇ ਕੰਮ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਜਤਾਇਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਜਲੰਧਰ ਨਾਰਥ ਹਲਕੇ ਤੋਂ ਭਾਰੀ ਬਹੁਮਤ ਨਾਲ ਜਿੱਤ ਦਰਜ ਕਰੇਗੀ। ਇਸ ਮੌਕੇ ਵੱਖ-ਵੱਖ ਇਲਾਕਿਆਂ ਦੇ ਕੌਂਸਲਰ ਤੇ ਪਤਵੰਤੇ ਮੌਜੂਦ ਸਨ।