- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਅਰ ਤੇ ਡਿਪਟੀ ਕਮਿਸ਼ਨਰ ਵੱਲੋਂ ਨਗਰ ਨਿਗਮ ਨੂੰ ਸ਼ਰਧਾਲੂਆਂ ਲਈ ਸੁਚੱਜੇ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਮੇਅਰ ਵਿਨੀਤ ਧੀਰ ਤੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਅੱਜ 14 ਤੋਂ 16 ਨਵੰਬਰ, ਤੱਕ ਹੋਣ ਵਾਲੀ ਛਠ ਪੂਜਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਮੇਅਰ ਤੇ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਿਸਤ ਦੋਆਬ ਨਹਿਰ ’ਤੇ ਸਥਿਤ ਵੱਖ-ਵੱਖ ਘਾਟਾਂ ’ਤੇ ਸਫ਼ਾਈ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਹੀ, ਪੁਲਿਸ ਵਿਭਾਗ ਨੂੰ ਸ਼ਰਧਾਲੂਆਂ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਇਸ ਗੱਲ ֹ’ਤੇ ਜ਼ੋਰ ਦਿੱਤਾ ਕਿ ਤਿਉਹਾਰ ਦੌਰਾਨ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਨਹੀਂ ਹੋਣੀ ਚਾਹੀਦੀ, ਕਿਉਂਕਿ ਤਿੰਨ ਦਿਨ ਚੱਲਣ ਵਾਲੇ ਇਸ ਪਵਿੱਤਰ ਸਮਾਗਮ ਦੌਰਾਨ ਭਾਰੀ ਇਕੱਠ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਸਥਾਨਕ ਧਾਰਮਿਕ ਜਥੇਬੰਦੀਆਂ ਨਾਲ ਵੀ ਮੁਲਾਕਾਤ ਕੀਤੀ ਤਾਂ ਜੋ ਉਨ੍ਹਾਂ ਦੇ ਸੁਝਾਅ ਲਏ ਜਾ ਸਕਣ। ਉਨ੍ਹਾਂ ਨੇ ਨਗਰ ਨਿਗਮ ਨੂੰ ਸਫਾਈ ਕਾਰਜਾਂ ਸਮੇਤ ਸਾਰੇ ਪ੍ਰਬੰਧ ਮੁਕੰਮਲ ਕਰਨ ਲਈ ਕਿਹਾ। ਧੀਰ ਤੇ ਵਾਲੀਆ ਨੇ ਸ਼ਰਧਾਲੂਆਂ ਨੂੰ ਧਾਰਮਿਕ ਰਸਮਾਂ ਨਿਭਾਉਣ ਲਈ ਸਨਮਾਨਯੋਗ ਤੇ ਸੁਰੱਖਿਅਤ ਮਾਹੌਲ ਦੇਣ ਦੀ ਵਚਨਬੱਧਤਾ ਦੁਹਰਾਈ।