
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਿਖਿਆਰਥੀ ਚੇਤਨਾ ਕੈਂਪ ਦੇ ਦੂਜੇ ਦਿਨ ਰਾਜਿੰਦਰ ਭਦੌੜ ਤੇ ਡਾ. ਕੁਲਦੀਪ ਦੀਪ ਨੇ ਕੀਤਾ ਸੰਬੋਧਨ

-'ਹੋਪ' ਤੇ 'ਰਾਮ ਕੇ ਨਾਮ' ਫ਼ਿਲਮ ਸ਼ੋਅ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਚੱਲ ਰਹੇ ਸਿਖਿਆਰਥੀ ਚੇਤਨਾ ਕੈਂਪ ਦੇ ਦੂਜੇ ਦਿਨ 'ਸਮਾਜ ਅੰਦਰ ਫੈਲਾਏ ਜਾ ਰਹੇ ਅੰਧ-ਵਿਸ਼ਵਾਸ਼ ਦੇ ਹਨੇਰੇ ਨੂੰ ਦੂਰ ਕਰਨ ਲਈ ਵਿਗਿਆਨਕ ਚੇਤਨਾ ਦੀ ਲੋੜ' ਵਿਸ਼ੇ 'ਤੇ ਬੋਲਦੇ ਹੋਏ ਤਰਕਸ਼ੀਲ ਸੋਸਾਇਟੀ ਪੰਜਾਬ ਦੇ ਆਗੂ ਮਾਸਟਰ ਰਾਜਿੰਦਰ ਭਦੌੜ ਨੇ ਕਿਹਾ ਕਿ ਗੈਬੀ ਸ਼ਕਤੀਆ ਦਾ ਅਡੰਬਰ ਰਚ ਕੇ ਅਸਲ 'ਚ ਲੋਕਾਂ ਖ਼ਿਲਾਫ਼ ਸਰਗਰਮ ਸ਼ਕਤੀਆਂ ਆਪਣੇ ਸੌੜੇ ਮੰਤਵਾਂ ਦੀ ਪੂਰਤੀ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਨੇ। ਉਨ੍ਹਾਂ ਕਿਹਾ ਕਿ ਸਮਾਜ ਦੀ ਆਲੋਚਨਾਤਮਕ ਦ੍ਰਿਸ਼ਟੀ ਨੂੰ ਫ਼ਨਾਹ ਕਰਨਾ ਅਜੋਕੇ ਪ੍ਰਬੰਧ ਦੀ ਅਣਸਰਦੀ ਲੋੜ ਹੈ। ਅੰਮ੍ਰਿਤਪਾਲ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ, ਗੁਰਲੀਨ ਬਠਿੰਡਾ, ਰੀਆ ਚੰਡੀਗੜ੍ਹ, ਵਿਵੇਕ ਰੱਤੂ ਕੁਲੇਵਾਲ, ਪਾਵੇਲ ਸਿਹੌੜਾ, ਸੁਖਪ੍ਰੀਤ ਕੌਰ, ਵਿਵੇਕ ਕੁਮਾਰ ਤੇ ਗੁਰਵਿੰਦਰਪਾਲ ਬਠਿੰਡਾ ਨੇ ਬਹੁਤ ਹੀ ਮਹੱਤਵਪੂਰਣ ਸੁਆਲ ਕੀਤੇ, ਜਿਨ੍ਹਾਂ ਦੇ ਠੋਸ ਉਦਾਹਰਣਾਂ ਦੇ ਹਵਾਲਿਆਂ ਨਾਲ ਜਵਾਬ ਦਿੱਤੇ। ਦੂਜੇ ਸੈਸ਼ਨ 'ਚ 'ਸੋਸ਼ਲ ਮੀਡੀਆ ਤੇ ਨੌਜਵਾਨ ਪੀੜ੍ਹੀ' ਵਿਸ਼ੇ ਉਪਰ ਬੋਲਦਿਆਂ ਡਾ. ਕੁਲਦੀਪ ਦੀਪ ਨੇ ਕਿਹਾ ਕਿ ਸੋਸ਼ਲ ਮੀਡੀਆ ਜ਼ਿੰਦਗੀ ਦੇ ਕਿਸੇ ਵੀ ਖੇਤਰ ’ਚ ਚੀਜ਼ਾਂ ਨੂੰ ਬਾਜ਼ਾਰ ਰੂਪੀ ਦ੍ਰਿਸ਼ਟੀ ਤੋਂ ਵਾਇਰਲ ਤਾਂ ਕਰ ਸਕਦਾ ਪਰ ਸੋਸ਼ਲ ਮੀਡੀਆ ਦੇ ਇਸ ਤੰਤਰ ਰਾਹੀਂ ਸਾਡੇ ਸਮਾਜ ਦੀ ਸਿਰਜਣਾਤਮਕਤਾ ਨੂੰ ਤਹਿਸ ਨਹਿਸ ਕੀਤਾ ਜਾ ਰਿਹਾ ਹੈ। ਬਾਜ਼ਾਰ, ਰਾਜਨੀਤੀ ਤੇ ਪ੍ਰਬੰਧਕੀ ਢਾਂਚਾ ਸਾਨੂੰ ਜ਼ਿੰਦਗੀ ਦੇ ਹਕੀਕੀ ਮਾਰਗ ਤੋਂ ਕੋਹਾਂ ਦੂਰ ਰੱਖਿਆ ਜਾ ਰਿਹਾ ਹੈ। ਵਰਵਰਾ ਰਾਓ, ਗੋਬਿੰਦ ਪਨਸਾਰੇ, ਗੌਰੀ ਲੰਕੇਸ਼, ਸਫ਼ਦਰ ਹਾਸ਼ਮੀ, ਪਾਸ਼, ਸਵਿਤਰੀ ਬਾਈ ਫੂਲੇ ਵਰਗਿਆਂ ਨੂੰ ਜਾਨਣ ਦੀ ਅਪੀਲ ਕੀਤੀ। ਡਾ. ਪਰਮਿੰਦਰ, ਮਾਸਟਰ ਰਾਜਿੰਦਰ ਭਦੌੜ ਤੇ ਡਾ. ਕੁਲਦੀਪ ਦੀਪ ਨੂੰ ਸਨਮਾਨ ਚਿੰਨ੍ਹ ਤੇ ਪੁਸਤਕਾਂ ਦੇ ਸੈੱਟ ਨਾਲ ਸਨਮਾਨਤ ਕੀਤਾ ਗਿਆ। ਸਮੂਹ ਸਿਖਿਆਰਥੀਆਂ ਨੂੰ ਪ੍ਰਮਾਣ-ਪੱਤਰ ਤੇ ਪੁਸਤਕਾਂ ਦੇ ਸੈੱਟ ਭੇਂਟ ਕਰਨ ਉਪਰੰਤ ਗਰੁੱਪ ਫੋਟੋ ਕਰਦਿਆਂ ਮੁਬਾਰਕਵਾਦ ਦਿੱਤੀ ਗਈ। ਪੀਪਲਜ਼ ਵਾਇਸ ਵੱਲੋਂ ਡਾ. ਸੈਲੇਸ਼ ਤੇ ਬਲਜਿੰਦਰ ਹੋਰਾਂ ਨੇ ਗੁਰਪ੍ਰੀਤ ਆਰਟਿਸਟ ਬਠਿੰਡਾ ਦੇ ਫ਼ਿਲਮਸਾਜ਼ ਸਪੁੱਤਰ ਕੁੰਵਰ ਜੈ ਸਿੰਘ ਦੀ ਫ਼ਿਲਮ 'ਹੋਪ' ਤੇ ਆਨੰਦ ਪਟਵਰਧਨ ਦੀ ਦਸਤਾਵੇਜ਼ੀ ਫ਼ਿਲਮ 'ਰਾਮ ਕੇ ਨਾਮ' ਵੀ ਵਿਖਾਈਆਂ। ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸਫ਼ਲ ਕੈਂਪ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਕਮੇਟੀ ਜਨਰਲ ਸਕੱਤਰ ਗੁਰਮੀਤ ਸਿੰਘ, ਸਹਾਇਕ ਸਕੱਤਰ ਪ੍ਰੋ. ਗੋਪਾਲ ਬੁੱਟਰ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਰਣਜੀਤ ਸਿੰਘ ਔਲਖ, ਪ੍ਰੋ. ਤੇਜਿੰਦਰ ਵਿਰਲੀ, ਡਾ. ਸੈਲੇਸ਼, ਚਰੰਜੀ ਲਾਲ ਕੰਗਣੀਵਾਲ ਤੇ ਵਿਜੈ ਬੰਬੇਲੀ ਵੀ ਮੌਜੂਦ ਸਨ।