ਫਿਲੌਰ ’ਚ ਮੁਲਾਜ਼ਮਾਂ ਵੱਲੋਂ ਰੋਸ ਮਾਰਚ, ਮੰਗਾਂ ਨਾ ਮੰਨਣ ’ਤੇ ਸੰਘਰਸ਼ ਦੀ ਚਿਤਾਵਨੀ ਫਿਲੌਰ ’ਚ ਮੁਲਾਜ਼ਮਾਂ ਦਾ ਵਿਸ਼ਾਲ ਰੋਸ ਮਾਰਚ, ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ
Publish Date: Thu, 27 Aug 2026 06:52 PM (IST)
Updated Date: Thu, 27 Aug 2026 06:55 PM (IST)
-ਸਮੂਹਿਕ ਛੁੱਟੀ ਲੈ ਕੇ ਅਧਿਆਪਕਾਂ ਤੇ ਮੁਲਾਜ਼ਮਾਂ ਨੇ ਕੀਤੀ ਹੜਤਾਲ, ਸੈਂਕੜੇ ਮੁਲਾਜ਼ਮਾਂ ਨੇ ਲਿਆ ਹਿੱਸਾ ਨਵਦੀਪ ਸਿੰਘ ਨਵੀ/ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਤੇ ਸਾਂਝਾ ਮੁਲਾਜ਼ਮ ਮੰਚ ’ਤੇ ਆਧਾਰਿਤ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਤਹਿਸੀਲ ਫਿਲੌਰ ਦੇ ਅਧਿਆਪਕਾਂ ਤੇ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਕੇ ਹੜਤਾਲ ਕੀਤੀ। ਇਸ ਉਪਰੰਤ ਸੈਂਕੜੇ ਮੁਲਾਜ਼ਮਾਂ ਵੱਲੋਂ ਫਿਲੌਰ ’ਚ ਵਿਸ਼ਾਲ ਰੋਸ ਮਾਰਚ ਕੱਢ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਰੋਸ ਪ੍ਰਦਰਸ਼ਨ ਦੀ ਸਾਂਝੇ ਤੌਰ ’ਤੇ ਅਗਵਾਈ ਹਕਮਲ ਸਿੰਘ, ਤਾਰਾ ਸਿੰਘ ਬੀਕਾ, ਸੁੱਖਵਿੰਦਰ ਰਾਮ, ਪ੍ਰੇਮ ਪਾਲ, ਕ੍ਰਿਸ਼ਨਾ ਦੇਵੀ, ਰਾਣੋ ਸ਼ੋਕਰਾਂ, ਸੁੱਖਵਿੰਦਰ ਸਿੰਘ, ਧਰਮਿੰਦਰ ਕੁਮਾਰ, ਜੀਵਨ ਸੈਦੋਵਾਲ, ਹਰਮੇਸ਼ ਰਾਹੀ, ਗੋਪਾਲ ਰਾਵਤ ਤੇ ਰਾਕੇਸ਼ ਕੁਮਾਰ ਸਮੇਤ ਹੋਰ ਆਗੂਆਂ ਨੇ ਕੀਤੀ। ਇਸ ਮੌਕੇ ਸੂਬਾਈ ਆਗੂ ਕਰਨੈਲ ਫਿਲੌਰ, ਸੁਰਿੰਦਰ ਕੁਮਾਰ ਪੂਆਰੀ, ਅਵਤਾਰ ਮਹਿਸਮਪੁਰ, ਕੁਲਦੀਪ ਵਾਲੀਆ ਤੇ ਸੰਦੀਪ ਰਾਜੋਵਾਲ ਨੇ ਕਿਹਾ ਕਿ ਸਰਕਾਰ ਨੇ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ। ਉਨ੍ਹਾਂ 18 ਫ਼ੀਸਦੀ ਮਹਿੰਗਾਈ ਭੱਤੇ ਸਬੰਧੀ ਅਦਾਲਤੀ ਹੁਕਮ ਲਾਗੂ ਨਾ ਕਰਨ ਦਾ ਦੋਸ਼ ਵੀ ਲਾਇਆ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾਂ ਦਾ ਜਲਦ ਹੱਲ ਨਾ ਕੀਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਾਜ਼ਮ ਆਪਣੇ ਹੱਕਾਂ ਲਈ ਲੰਬੀ ਲੜਾਈ ਲੜਨ ਲਈ ਤਿਆਰ ਹਨ। ਮੁਲਾਜ਼ਮ ਆਗੂਆਂ ਨੇ ਪੁਰਾਣੀ ਪੈਨਸ਼ਨ ਸਕੀਮ ਬਿਨਾਂ ਸ਼ਰਤ ਬਹਾਲ ਕਰਨ, 18 ਫ਼ੀਸਦੀ ਮਹਿੰਗਾਈ ਭੱਤਾ ਜਾਰੀ ਕਰਨ, ਸਾਰੇ ਬਕਾਏ ਇਕਮੁਸ਼ਤ ਦੇਣ, ਪ੍ਰੋਬੇਸ਼ਨ ਦੌਰਾਨ ਪੂਰੀ ਤਨਖਾਹ ਦੇਣ ਤੇ ਕੇਂਦਰੀ ਸਕੇਲ ਸਬੰਧੀ ਪੱਤਰ ਵਾਪਸ ਲੈਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਕੰਪਿਊਟਰ ਅਧਿਆਪਕਾਂ, ਐੱਨਐੱਸਕਿਊਐੱਫ, ਮੈਰੀਟੋਰੀਅਸ ਤੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ’ਚ ਮਰਜ ਕਰਨ, ਕੱਚੇ ਕਾਮਿਆਂ ਨੂੰ ਪੱਕਾ ਕਰਨ ਤੇ ਆਸ਼ਾ ਵਰਕਰਾਂ, ਮਿਡ-ਡੇ-ਮੀਲ, ਆਂਗਣਵਾੜੀ ਵਰਕਰਾਂ, ਸਫ਼ਾਈ ਮਜ਼ਦੂਰਾਂ, ਚੌਕੀਦਾਰਾਂ ਤੇ ਸੇਵਾਦਾਰਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ ਗਈ। ਪੈਨਸ਼ਨਰਾਂ ਲਈ 2.59 ਗੁਣਾਕ ਨਾਲ ਪੈਨਸ਼ਨ ਦੁਹਰਾਈ, ਏਸੀਪੀ ਬਹਾਲੀ, ਕੈਸ਼ਲੈਸ ਹੈਲਥ ਸਕੀਮ, ਡੈੱਥ-ਕਮ-ਰਿਟਾਇਰਮੈਂਟ ਗ੍ਰੈਚੂਟੀ 25 ਲੱਖ ਰੁਪਏ ਤੇ ਮੈਡੀਕਲ ਭੱਤਾ 2,000 ਰੁਪਏ ਮਹੀਨਾ ਕਰਨ ਦੀ ਮੰਗ ਵੀ ਰੱਖੀ ਗਈ। ਇਸ ਦੇ ਨਾਲ 200 ਰੁਪਏ ਦਾ ਜ਼ਜੀਆ ਕਰ ਖ਼ਤਮ ਕਰਨ ਤੇ ਮੁਲਾਜ਼ਮਾਂ ਦੇ ਹੱਕ ’ਚ ਆਏ ਅਦਾਲਤੀ ਹੁਕਮ ਲਾਗੂ ਕਰਨ ਦੀ ਮੰਗ ਕੀਤੀ ਗਈ।