ਸ਼ੱਕੀ ਹਾਲਾਤ ’ਚ ਵਿਆਹੁਤਾ ਦੀ ਮੌਤ, ਡੇਢ ਸਾਲ ਪਹਿਲਾਂ ਹੋਈ ਸੀ ਲਵ ਮੈਰਿਜ-ਸਹੁਰਿਆਂ 'ਤੇ ਹੱਤਿਆ ਦਾ ਲੱਗਾ ਦੋਸ਼
ਪਰਿਵਾਰ ਦਾ ਦੋਸ਼ ਹੈ ਕਿ ਘਟਨਾ ਮਗਰੋਂ ਸਹੁਰਾ ਪਰਿਵਾਰ ਦੇ ਬਹੁਤ ਸਾਰੇ ਮੈਂਬਰ ਘਰ ਛੱਡ ਕੇ ਚਲੇ ਗਏ। ਉਥੇ ਹੀ ਮ੍ਰਿਤਕਾ ਦੀ ਮਾਂ ਹਸਪਤਾਲ ’ਚ ਹਾਜ਼ਰ ਸੀ। ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਨੀਤੂ ਦੇ ਗਲੇ 'ਤੇ ਸ਼ੱਕੀ ਨਿਸ਼ਾਨ ਮਿਲੇ ਹਨ, ਜਿਸ ਨਾਲ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦੀ ਹੱਤਿਆ ਕੀਤੀ ਗਈ ਹੈ।
Publish Date: Thu, 04 Jun 2026 11:01 PM (IST)
Updated Date: Fri, 05 Jun 2026 03:57 PM (IST)
ਜਾਸ, ਜਲੰਧਰ : ਅਵਤਾਰ ਨਗਰ ਸਥਿਤ ਜ਼ੀਰੋ ਨੰਬਰ ਗਲੀ ’ਚ ਇਕ 29 ਸਾਲਾ ਵਿਆਹੁਤਾ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਮ੍ਰਿਤਕ ਪਛਾਣ ਨੀਤੂ ਵਜੋਂ ਹੋਈ ਹੈ। ਜਾਣਕਾਰੀ ਮਿਲਦਿਆਂ ਹੀ ਭਾਰਗੋ ਕੈਂਪ ਪੁਲਿਸ ਮੌਕੇ 'ਤੇ ਪੁੱਜੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੇ ਚਚੇਰੇ ਭਰਾ ਤਰਸੇਮ ਥਾਪਾ ਨੇ ਦੱਸਿਆ ਕਿ ਨੀਤੂ ਨੇ ਲਗਪਗ ਡੇਢ ਸਾਲ ਪਹਿਲਾਂ ਅਵਤਾਰ ਨਗਰ ਦੇ ਰਹਿਣ ਵਾਲੇ ਮਨੀ ਨਾਂ ਦੇ ਨੌਜਵਾਨ ਨਾਲ ਪ੍ਰੇਮ ਵਿਆਹ ਕੀਤਾ ਸੀ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਵਿਆਹ ਮਗਰੋਂ ਹੀ ਦੋਵਾਂ ਵਿਚਾਲੇ ਵਿਵਾਦ ਰਹਿੰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਉਨ੍ਹਾਂ ਨੂੰ ਗੁਆਂਢੀ ਨੇ ਫੋਨ ਕਰ ਕੇ ਨੀਤੂ ਦੀ ਤਬੀਅਤ ਖਰਾਬ ਹੋਣ ਦੀ ਜਾਣਕਾਰੀ ਦਿੱਤੀ। ਗੁਆਂਢੀ ਨੇ ਹੀ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ ਦਿੱਤਾ।
ਪਰਿਵਾਰ ਦਾ ਦੋਸ਼ ਹੈ ਕਿ ਘਟਨਾ ਮਗਰੋਂ ਸਹੁਰਾ ਪਰਿਵਾਰ ਦੇ ਬਹੁਤ ਸਾਰੇ ਮੈਂਬਰ ਘਰ ਛੱਡ ਕੇ ਚਲੇ ਗਏ। ਉਥੇ ਹੀ ਮ੍ਰਿਤਕਾ ਦੀ ਮਾਂ ਹਸਪਤਾਲ ’ਚ ਹਾਜ਼ਰ ਸੀ। ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਨੀਤੂ ਦੇ ਗਲੇ 'ਤੇ ਸ਼ੱਕੀ ਨਿਸ਼ਾਨ ਮਿਲੇ ਹਨ, ਜਿਸ ਨਾਲ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦੀ ਹੱਤਿਆ ਕੀਤੀ ਗਈ ਹੈ। ਉਨ੍ਹਾਂ ਨੇ ਪੁਲਿਸ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰ ਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਮ੍ਰਿਤਕ ਦੀ ਸੱਸ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਸ਼ਹਿਰ ’ਚ ਹੀ ਹੈ ਪਰ ਘਟਨਾ ਮਗਰੋਂ ਉਸ ਨਾਲ ਸੰਪਰਕ ਨਹੀਂ ਹੋ ਸਕਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੋਸਟਮਾਰਟਮ ਰਿਪੋਰਟ ਤੇ ਜਾਂਚ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਮੇਂ ਪੁਲਿਸ ਸਾਰੇ ਧਿਰਾਂ ਨੂੰ ਧਿਆਨ ’ਚ ਰੱਖਦਿਆਂ ਮਾਮਲੇ ਦੀ ਜਾਂਚ ਕਰ ਰਹੀ ਹੈ।