- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਲਾਵਲਪੁਰ ’ਚ ਔਰਤ ਦੀ ਮੌਤ ਮਾਮਲਾ, ਪਰਿਵਾਰ ਨੇ ਪਤੀ ’ਤੇ ਲਗਾਏ ਹੱਤਿਆ ਦੇ ਦੋਸ਼, ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨਾ

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਨਜ਼ਦੀਕੀ ਕਸਬਾ ਅਲਾਵਲਪੁਰ ’ਚ ਇਕ ਔਰਤ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਉਸਦੇ ਪਤੀ ’ਤੇ ਕੁੱਟਮਾਰ ਕਰਕੇ ਹੱਤਿਆ ਕਰਨ ਦੇ ਦੋਸ਼ ਲਗਾਉਂਦਿਆਂ ਅਲਾਵਲਪੁਰ ਪੁਲਿਸ ਚੌਕੀ ਅੱਗੇ ਧਰਨਾ ਲਗਾ ਕੇ ਇਨਸਾਫ਼ ਦੀ ਮੰਗ ਕੀਤੀ। ਮ੍ਰਿਤਕਾ ਦੀ ਪਛਾਣ ਕੁਲਵਿੰਦਰ ਕੌਰ (40) ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸਦਾ ਕਰੀਬ 20 ਸਾਲ ਪਹਿਲਾਂ ਅਲਾਵਲਪੁਰ ਦੇ ਜਤਿੰਦਰ ਵਰਮਾ ਉਰਫ਼ ਜੋਨੀ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਜਤਿੰਦਰ ਅਕਸਰ ਕੁਲਵਿੰਦਰ ਕੌਰ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਦਾ ਸੀ। ਕੁਝ ਸਮਾਂ ਪਹਿਲਾਂ ਹੋਈ ਕੁੱਟਮਾਰ ਕਾਰਨ ਉਸਦੀ ਰੀੜ੍ਹ ਦੀ ਹੱਡੀ ’ਚ ਵੀ ਸੱਟ ਲੱਗੀ ਸੀ, ਜਿਸ ਤੋਂ ਬਾਅਦ ਪਰਿਵਾਰ ਉਸਨੂੰ ਆਪਣੇ ਕੋਲ ਲੈ ਗਿਆ ਅਤੇ ਇਲਾਜ ਕਰਵਾਇਆ। ਪਰਿਵਾਰ ਮੁਤਾਬਕ ਬਾਅਦ ’ਚ ਦੋਵਾਂ ਪਰਿਵਾਰਾਂ ਤੇ ਮੋਹਤਬਰਾਂ ਦੀ ਹਾਜ਼ਰੀ ’ਚ ਥਾਣਾ ਭਾਰਗੋ ਕੈਂਪ ਵਿਖੇ ਰਾਜ਼ੀਨਾਮਾ ਹੋਣ ਉਪਰੰਤ ਕੁਲਵਿੰਦਰ ਕੌਰ ਮੁੜ ਆਪਣੇ ਸਹੁਰੇ ਘਰ ਚਲੀ ਗਈ ਸੀ। ਪਰਿਵਾਰ ਨੇ ਦੋਸ਼ ਲਗਾਇਆ ਕਿ ਬੀਤੀ ਰਾਤ ਉਸ ਨਾਲ ਦੁਬਾਰਾ ਕੁੱਟਮਾਰ ਕੀਤੀ ਗਈ ਅਤੇ ਉਸਦੀ ਮੌਤ ਹੋ ਗਈ। ਮ੍ਰਿਤਕਾ ਦੇ ਪੁੱਤਰ ਬੌਬੀ ਵਰਮਾ ਨੇ ਦੱਸਿਆ ਕਿ ਉਹ ਆਪਣੇ ਛੋਟੇ ਭਰਾ ਸਮੇਤ ਚਾਚੇ ਦੇ ਘਰ ਰਹਿ ਰਿਹਾ ਸੀ। ਉਸ ਨੇ ਕਿਹਾ ਕਿ ਰਾਤ ਨੂੰ ਉਸਦੀ ਆਪਣੀ ਮਾਂ ਨਾਲ ਗੱਲ ਹੋਈ ਸੀ ਤੇ ਉਸ ਸਮੇਂ ਘਰ ’ਚ ਤਕਰਾਰ ਹੋ ਰਹੀ ਸੀ। ਮਾਮਲੇ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਚੌਕੀ ਅਲਾਵਲਪੁਰ ਅੱਗੇ ਧਰਨਾ ਦਿੱਤਾ ਗਿਆ। ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਰਿਵਾਰ ਨੇ ਦੱਸਿਆ ਕਿ ਮ੍ਰਿਤਕਾ ਦਾ ਪਤੀ ਤੇ ਸਹੁਰੇ ਪਰਿਵਾਰ ਦੇ ਕੁਝ ਮੈਂਬਰ ਘਰੋਂ ਗਾਇਬ ਹਨ। ਇਸ ਸਬੰਧੀ ਐੱਸਐੱਚਓ ਆਦਮਪੁਰ ਪੰਕਜ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲਣ ’ਤੇ ਟੀਮ ਮੌਕੇ ’ਤੇ ਪਹੁੰਚੀ, ਜਿੱਥੇ ਲਾਸ਼ ਪੱਖੇ ਨਾਲ ਲਟਕੀ ਹੋਈ ਮਿਲੀ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕਾ ਦੇ ਪਤੀ ਜਤਿੰਦਰ ਵਰਮਾ ਉਰਫ਼ ਜੋਨੀ, ਉਸਦੀ ਮਾਤਾ ਤੇ ਭਰਜਾਈ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।