ਸੁਹਰਾ ਪਰਿਵਾਰ ’ਤੇ ਪੇਕੇ ਪੁੱਜ ਕੇ ਕੁੱਟਣ ਦੇ ਲਾਏ ਦੋਸ਼ ਢੱਕ ਮਜਾਰਾ ਦੀ ਪੇਕੇ ਘਰ ਰਹਿ ਰਹੀ ਵਿਆਹੁਤਾ ਲੜਕੀ ਦੀ ਤੇ ਉਸਦੀ ਭੈਣ ਦੀ ਸਹੁਰੇ ਪਰਿਵਾਰ ਵੱਲੋਂ ਮਾਰ-ਕੁੱਟ
Publish Date: Thu, 23 Jul 2026 09:31 PM (IST)
Updated Date: Thu, 23 Jul 2026 09:31 PM (IST)
-ਕਿਹਾ, ਬੱਚਾ ਖੋਹਣ ਦੀ ਕੀਤੀ ਕੋਸ਼ਿਸ਼, ਪਤੀ ਰਹਿ ਰਿਹਾ ਵਿਦੇਸ਼ ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਹਲਕਾ ਫਿਲੌਰ ਦੇ ਨਜ਼ਦੀਕ ਪਿੰਡ ਢੱਕ ਮਜਾਰਾ ਤੋਂ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਰਹਾਲ ਮੁੰਡੀ ਵਿਆਹੀ ਪਿਛਲੇ ਇਕ ਮਹੀਨੇ ਤੋਂ ਪੇਕੇ ਘਰ ਰਹਿ ਰਹੀ ਇਕ ਲੜਕੀ ਨੇ ਆਪਣੇ ਸਹੁਰੇ ਪਰਿਵਾਰ ’ਤੇ ਘਰੇਲੂ ਤਸ਼ੱਦਦ ਤੇ ਦਾਜ ਲਈ ਤੰਗ-ਪਰੇਸ਼ਾਨ ਕਰਨ ਤੇ ਪੇਕੇ ਘਰ ਆ ਕੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਪੀੜਤ ਲੜਕੀ ਦੇ ਚਾਚਾ ਨੰਬਰਦਾਰ ਪ੍ਰੇਮ ਲਾਲ ਸਾਬਕਾ ਸਰਪੰਚ ਪਿੰਡ ਢੱਕ ਮਜਾਰਾ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਭਜਨ ਲਾਲ ਦੀ ਪੁੱਤਰੀ ਪ੍ਰਦੀਪ ਕੌਰ ਦਾ ਵਿਆਹ ਪਿੰਡ ਸਰਹਾਲ ਮੁੰਡੀ 2021 ’ਚ ਹੋਇਆ ਸੀ। ਉਸ ਦਾ ਡੇਢ ਸਾਲ ਦੀ ਉਮਰ ਦਾ ਇਕ ਬੇਟਾ ਵੀ ਹੈ। ਮੀਡੀਆ ਨੂੰ ਦੁੱਖੜਾ ਸੁਣਾਉਂਦਿਆਂ ਪ੍ਰਦੀਪ ਕੌਰ ਨੇ ਦੱਸਿਆ ਕਿ ਉਸਦਾ ਪਤੀ ਵਿਦੇਸ਼ ’ਚ ਰਹਿੰਦਾ ਹੈ, ਜਦਕਿ ਉਸਦੇ ਸਹੁਰੇ ਪਰਿਵਾਰ ਵੱਲੋਂ ਉਸਨੂੰ ਕਥਿਤ ਤੌਰ ’ਤੇ ਘਰੇਲੂ ਤਸ਼ੱਦਦ ਤੇ ਦਾਜ ਲਈ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ। ਇਨ੍ਹਾਂ ਦੋਸ਼ਾਂ ਕਾਰਨ ਪ੍ਰਦੀਪ ਪਿਛਲੇ ਕਰੀਬ ਇਕ ਮਹੀਨੇ ਤੋਂ ਆਪਣੇ ਪੇਕੇ ਪਰਿਵਾਰ ਕੋਲ ਢੱਕ ਮਜਾਰਾ ਰਹਿ ਰਹੀ ਸੀ। ਬੱਚੇ ਦੀ ਮੰਗ ਨੂੰ ਲੈ ਕੇ ਉਸ ’ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ। ਇਸੇ ਗੱਲ ਨੂੰ ਲੈ ਕੇ ਉਸਦੇ ਸਹੁਰੇ ਪਰਿਵਾਰ ਵੱਲੋਂ ਵੀਰਵਾਰ ਨੂੰ ਉਸਦੇ ਪੇਕੇ ਘਰ ’ਤੇ ਹਮਲਾ ਕਰ ਦਿੱਤਾ ਗਿਆ ਤੇ ਜਬਰਦਸਤੀ ਬੱਚੇ ਨੂੰ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ ਗਈ। ਇਸ ਹਮਲੇ ’ਚ ਪੀੜਤਾ ਪ੍ਰਦੀਪ ਕੌਰ, ਉਸਦੀ ਭੈਣ ਮਨਦੀਪ ਤੇ ਚਾਚਾ ਪ੍ਰੇਮ ਲਾਲ ਵੀ ਜ਼ਖਮੀ ਹੋ ਗਏ ਹਨ ਤੇ ਸਿਵਲ ਹਸਪਤਾਲ ਫਿਲੌਰ ਵਿਖੇ ਜ਼ੇਰੇ ਇਲਾਜ਼ ਹਨ। ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਨੂੰ ਫਰਿਆਦ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸੰਜੀਵ ਕੁਮਾਰ ਏਐੱਸਆਈ ਪੁਲਿਸ ਚੌਕੀ ਲਸਾੜਾ ਨੇ ਕਿਹਾ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ 112 ਦੇ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ ਸਨ। ਪਰਿਵਾਰ ਦੇ ਬਿਆਨ ਦਰਜ ਕੀਤੇ। ਸਹੁਰਾ ਪਰਿਵਾਰ ਨੇ ਦੱਸਿਆ ਕਿ ਮਮੂਲੀ ਘਰੇਲੂ ਝਗੜੇ ਦੇ ਸਬੰਧੀ ਸਰਹਾਲ ਮੁੰਡੀ ਦੀ ਪੰਚਾਇਤ ਪਰਿਵਾਰ ਸਮੇਤ ਢੱਕ ਮਜਾਰਾ ਪੁੱਜੇ ਸਨ। ਲੜਕੀ ਪਰਿਵਾਰ ਵੱਲੋਂ ਝਗੜਾ ਸ਼ੁਰੂ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਦੇ ਪਰਿਵਾਰ ਦੇ ਕੁਝ ਲੋਕ ਵੀ ਜ਼ਖਮੀ ਹਨ ਤੇ ਸੀਐੱਚਸੀ ਬੜਾ ਪਿੰਡ ਜ਼ੇਰੇ ਇਲਾਜ ਹਨ।