ਛੱਠ ਪੂਜਾ ਨੂੰ ਲੈ ਕੇ ਸਜੇ ਬਾਜ਼ਾਰ, ਘਾਟਾਂ ਦੀਆਂ ਤਿਆਰੀਆਂ ਅੰਤਿਮ ਪੜਾਅ 'ਚ ਛੱਠ ਪੂਜਾ ਨੂੰ ਲੈ ਕੇ ਸਜੇ ਬਾਜ਼ਾਰ, ਲੋਕ ਕਰ ਰਹੇ ਖਰੀਦਾਰੀ, ਘਾਟਾਂ ਦੀਆਂ ਤਿਆਰੀਆਂ ਅੰਤਿਮ ਪੜਾਅ 'ਚ
Publish Date: Thu, 12 Nov 2026 08:01 PM (IST)
Updated Date: Thu, 12 Nov 2026 08:03 PM (IST)
-ਸੁਰੱਖਿਆ ਪ੍ਰਬੰਧਾਂ ਲਈ ਪੁਲਿਸ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ ਸ਼ੈਲੀ, ਪੰਜਾਬੀ ਜਾਗਰਣ, ਜਲੰਧਰ ਛੱਠ ਪੂਜਾ ਦਾ ਪਵਿੱਤਰ ਤਿਉਹਾਰ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਨੂੰ ਲੈ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਬਾਜ਼ਾਰ ਸਜ ਗਏ ਹਨ ਤੇ ਸ਼ਰਧਾਲੂਆਂ ਨੇ ਪੂਜਾ ਦੀ ਸਮੱਗਰੀ ਦੀ ਖਰੀਦਦਾਰੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਛੱਠ ਪੂਜਾ ਲਈ ਘਾਟਾਂ ਨੂੰ ਤਿਆਰ ਕਰਨ ਦਾ ਕੰਮ ਵੀ ਅੰਤਿਮ ਪੜਾਅ ’ਚ ਪਹੁੰਚ ਗਿਆ ਹੈ। ਵੱਖ-ਵੱਖ ਸੰਸਥਾਵਾਂ ਵੱਲੋਂ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ’ਚ ਦੋ ਤੋਂ ਢਾਈ ਲੱਖ ਦੇ ਕਰੀਬ ਸ਼ਰਧਾਲੂ ਛੱਠ ਪੂਜਾ ਕਰਨਗੇ। ਸ਼ਹਿਰ ’ਚ ਛੋਟੇ-ਵੱਡੇ ਮਿਲਾ ਕੇ ਕਰੀਬ 100 ਘਾਟਾਂ ਤੇ ਪੂਜਾ ਹੋਵੇਗੀ, ਜਿਨ੍ਹਾਂ ’ਚੋਂ 30 ਘਾਟਾਂ ਨੂੰ ਵੱਡੇ ਪੱਧਰ ਤੇ ਤਿਆਰ ਕੀਤਾ ਜਾ ਰਿਹਾ ਹੈ। ਛੱਠ ਪੂਜਾ ਨੂੰ ਲੈ ਕੇ ਬਸਤੀ ਬਾਵਾ ਖੇਲ, ਫੋਕਲ ਪੁਆਇੰਟ, 120 ਫੁੱਟੀ ਰੋਡ ਨੇੜੇ ਬਾਬੂ ਜਗਜੀਵਨ ਰਾਮ ਚੌਕ ਸਮੇਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਬਾਜ਼ਾਰ ਸਜ ਗਏ ਹਨ। ਦੁਕਾਨਾਂ ’ਤੇ ਪੂਜਾ ’ਚ ਵਰਤੀ ਜਾਣ ਵਾਲੀ ਸਮੱਗਰੀ, ਬਰਤਨ ਤੇ ਔਰਤਾਂ ਦੇ ਸ਼ਿੰਗਾਰ ਦਾ ਸਾਮਾਨ ਉਪਲੱਬਧ ਹੈ। ਸ਼ਾਮ ਹੁੰਦਿਆਂ ਹੀ ਬਾਜ਼ਾਰਾਂ ’ਚ ਖਰੀਦਦਾਰੀ ਲਈ ਭੀੜ ਵਧਣ ਲੱਗਦੀ ਹੈ। ਇਸ ਦੌਰਾਨ ਪੂਜਾ ਸਮੱਗਰੀ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਪੂਜਾ ’ਚ ਵਰਤੀ ਜਾਣ ਵਾਲੀ ਟੋਕਰੀ 300 ਤੋਂ 350 ਰੁਪਏ, ਸੂਪ: 250 ਰੁਪਏ ਜੋੜਾ, ਸੁੱਕਾਅ ਤੇ ਪਾਣੀ ਵਾਲਾ ਨਾਰੀਅਲ: 120 ਰੁਪਏ ਜੋੜਾ, ਅੜਤਾ ਬਦੀ : 10 ਰੁਪਏ ਪ੍ਰਤੀ ਪੀਸ, ਬਦੀ: 20 ਰੁਪਏ ਦੇ 6 ਪੀਸ, ਮੇਵਾ ਮਸਾਲਾ: 20 ਰੁਪਏ, ਸੂਥਨੀ : 5 ਤੋਂ 10 ਰੁਪਏ ਪ੍ਰਤੀ ਪੀਸ, ਟਾਬ: 140 ਰੁਪਏ ਜੋੜੀ, ਅਨਾਨਾਸ: 150 ਰੁਪਏ ਜੋੜਾ, ਨਿੰਬੂ: 50 ਰੁਪਏ ਦੇ 250 ਗ੍ਰਾਮ, ਤਪੋਤਰ: 150 ਰੁਪਏ ਦੇ ਦੇ ਹਿਸਾਬ ਨਾਲ ਮਿਲ ਰਿਹਾ ਹੈ। --------------------------------- ਘਾਟਾਂ ਦੀਆਂ ਤਿਆਰੀਆਂ ਅੰਤਿਮ ਪੜਾਅ ਚ, ਬਿਹਾਰ ਤੋਂ ਪੁੱਜਣਗੇ ਗਾਇਕ ਸ਼੍ਰੀ ਦੇਵੀ ਤਾਲਾਬ ਮੰਦਰ ਤੇ ਬੇਅੰਤ ਸਿੰਘ ਪਾਰਕ ’ਚ ਛੱਠ ਪੂਜਾ ਦਾ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਜਾਣਗੇ। ਇੱਥੇ ਘਾਟ ਤਿਆਰ ਕਰਨ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ। ਸ਼੍ਰੀ ਛੱਠ ਪੂਜਾ ਪ੍ਰਬੰਧਕ ਕਮੇਟੀ ਦੇ ਸੰਚਾਲਕ ਪੰਡਿਤ ਏਕੇ ਮਿਸ਼ਰਾ ਨੇ ਦੱਸਿਆ ਕਿ ਬੇਅੰਤ ਸਿੰਘ ਪਾਰਕ ’ਚ ਦੋ ਥਾਵਾਂ ਤੇ ਘਾਟ ਤਿਆਰ ਕੀਤੇ ਜਾ ਰਹੇ ਹਨ। ਤਾਲਾਬ ਦੀ ਖੁਦਾਈ ਕਰਕੇ ਉਸ ’ਚ ਪਾਣੀ ਭਰ ਦਿੱਤਾ ਗਿਆ ਹੈ। ਇੱਥੇ 5 ਤੋਂ 10 ਹਜ਼ਾਰ ਸ਼ਰਧਾਲੂਆਂ ਲਈ ਪੂਜਾ ਦੇ ਪ੍ਰਬੰਧ ਕੀਤੇ ਗਏ ਹਨ। 15 ਨਵੰਬਰ ਨੂੰ ਸੂਰਜ ਡੁੱਬਣ ਤੋਂ ਚਾਰ ਘੰਟੇ ਪਹਿਲਾਂ ਤੇ 16 ਨਵੰਬਰ ਨੂੰ ਸੂਰਜ ਚੜ੍ਹਨ ਤੋਂ ਦੋ ਘੰਟੇ ਪਹਿਲਾਂ ਤੋਂ ਲੈ ਕੇ ਦੋ ਘੰਟੇ ਬਾਅਦ ਤੱਕ ਆਵਾਜਾਈ ਨੂੰ ਵਨ-ਵੇਅ ਕੀਤਾ ਜਾਵੇਗਾ। ਨਗਰ ਨਿਗਮ ਵੱਲੋਂ ਟੈਂਕਰਾਂ ਰਾਹੀਂ ਪਾਣੀ ਮੰਗਵਾ ਕੇ ਤਾਲਾਬ ’ਚ ਪਾਇਆ ਜਾ ਰਿਹਾ ਹੈ। ਪਾਰਕ ’ਚ ਲਾਈਟਾਂ ਤੇ ਸਾਊਂਡ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਘਾਟਾਂ ਨੂੰ ਸਜਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪੰਡਿਤ ਮਿਸ਼ਰਾ ਨੇ ਦੱਸਿਆ ਕਿ 15 ਨਵੰਬਰ ਨੂੰ ਵਰਤ ਰੱਖਣ ਵਾਲੇ ਸ਼ਰਧਾਲੂ ਪਾਣੀ ’ਚ ਖੜ੍ਹੇ ਹੋ ਕੇ ਡੁੱਬਦੇ ਸੂਰਜ ਦੀ ਉਪਾਸਨਾ ਕਰਨਗੇ ਤੇ ਅਰਘ ਦੇਣਗੇ। ਇਸ ਤੋਂ ਬਾਅਦ ਰਾਤ ਨੂੰ ਠਹਿਰਨ ਲਈ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਬਿਹਾਰ ਦੇ ਮੋਤੀਹਾਰੀ ਤੋਂ ਪ੍ਰਸਿੱਧ ਭਜਨ ਗਾਇਕ 16 ਨਵੰਬਰ ਦੀ ਸਵੇਰ ਸੂਰਜ ਚੜ੍ਹਨ ਤੱਕ ਛੱਠੀ ਮਾਤਾ ਦੇ ਭਜਨਾਂ ਦਾ ਗੁਣਗਾਨ ਕਰਨਗੇ। ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਾਲੰਟੀਅਰ ਵੀ ਤਾਇਨਾਤ ਰਹਿਣਗੇ। ਬਸਤੀ ਬਾਵਾ ਖੇਲ ਸਮੇਤ ਹੋਰ ਸੰਵੇਦਨਸ਼ੀਲ ਘਾਟਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਧਰ, ਸ਼੍ਰੀ ਦੇਵੀ ਤਾਲਾਬ ਮੰਦਰ ’ਚ ਵੀ ਛੱਠ ਪੂਜਾ ਨੂੰ ਲੈ ਕੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਮੰਦਰ ਪ੍ਰਬੰਧਕ ਕਮੇਟੀ ਦੇ ਸਕੱਤਰ ਰਾਜੇਸ਼ ਵਿਜ ਨੇ ਦੱਸਿਆ ਕਿ ਮੰਦਰ ’ਚ 40 ਤੋਂ 50 ਹਜ਼ਾਰ ਸ਼ਰਧਾਲੂਆਂ ਲਈ ਪੂਜਾ ਦੇ ਪ੍ਰਬੰਧ ਕੀਤੇ ਗਏ ਹਨ। ਸਰੋਵਰ ਨੂੰ ਚਾਰੇ ਪਾਸਿਓਂ ਪਾਣੀ ਨਾਲ ਭਰਿਆ ਜਾਵੇਗਾ। 15 ਨਵੰਬਰ ਦੀ ਰਾਤ ਨੂੰ ਲੰਗਰ ਦੀ ਵਿਵਸਥਾ ਵੀ ਕੀਤੀ ਜਾਵੇਗੀ। ਧਰਮਸ਼ਾਲਾ ਦੇ ਹਾਲ ’ਚ ਸ਼ਰਧਾਲੂਆਂ ਦੇ ਰਾਤ ਨੂੰ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੈ। ਆਧਾਰ ਕਾਰਡ ਦੀ ਜਾਂਚ ਤੋਂ ਬਾਅਦ ਹੀ ਲੋਕਾਂ ਨੂੰ ਰਾਤ ਰੁਕਣ ਦੀ ਇਜਾਜ਼ਤ ਦਿੱਤੀ ਜਾਵੇਗੀ। ---------------------------- ਚਾਰ ਦਿਨਾਂ ਤੱਕ ਚੱਲਣਗੀਆਂ ਛੱਠ ਪੂਜਾ ਦੀਆਂ ਰਸਮਾਂ 13 ਨਵੰਬਰ : ਪਹਿਲੇ ਦਿਨ ਨਹਾਏ-ਖਾਏ ਦੀ ਰਸਮ ਹੁੰਦੀ ਹੈ। ਇਸ ਦਿਨ ਛੱਠ ਵਰਤ ਰੱਖਣ ਵਾਲੇ ਸ਼ਰਧਾਲੂ ਘਰਾਂ ਦੀ ਸਫ਼ਾਈ ਕਰਨ ਤੇ ਇਸ਼ਨਾਨ ਕਰਨ ਤੋਂ ਬਾਅਦ ਵਰਤ ਦਾ ਸੰਕਲਪ ਲੈਂਦੇ ਹਨ। 14 ਨਵੰਬਰ : ਦੂਜੇ ਦਿਨ ਖਰਨਾ ਦੀ ਰਸਮ ਘਰਾਂ ’ਚ ਕੀਤੀ ਜਾਂਦੀ ਹੈ। ਇਸ ਦੌਰਾਨ ਚੌਲਾਂ ਦੀ ਵਿਸ਼ੇਸ਼ ਖੀਰ ਤੇ ਹੋਰ ਪ੍ਰਸਾਦ ਤਿਆਰ ਕੀਤਾ ਜਾਂਦਾ ਹੈ। 15 ਨਵੰਬਰ : ਤੀਜੇ ਦਿਨ ਸ਼ਰਧਾਲੂ ਪਾਣੀ ’ਚ ਖੜ੍ਹੇ ਹੋ ਕੇ ਡੁੱਬਦੇ ਸੂਰਜ ਦੀ ਉਪਾਸਨਾ ਕਰਦੇ ਹਨ ਤੇ ਅਰਘ ਭੇਟ ਕਰਦੇ ਹਨ। 16 ਨਵੰਬਰ : ਚੌਥੇ ਤੇ ਆਖਰੀ ਦਿਨ ਸਵੇਰੇ ਚੜ੍ਹਦੇ ਸੂਰਜ ਨੂੰ ਅਰਘ ਦੇਣ ਤੋਂ ਬਾਅਦ ਛੱਠ ਦਾ ਵਰਤ ਸੰਪੰਨ ਹੁੰਦਾ ਹੈ।