- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਮੂਲੀ ਬਰਸਾਤ ’ਚ ਨਹਿਰ ਦਾ ਰੂਪ ਲੈ ਲੈਂਦੀ ਹੈ ਦਿਓਲ ਨਗਰ ਮਾਰਕੀਟ ਦੀ ਸੜਕ

ਦਿਨ ਭਰ ਬਾਰਿਸ਼ ਦਾ ਪਾਣੀ ਭਰਿਆ ਰਹਿਣ ਕਰ ਕੇ ਠੱਪ ਹੋ ਜਾਂਦੈ ਕੰਮਕਾਜ
ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ
ਸਥਾਨਕ ਵਾਰਡ ਨੰਬਰ 40 ’ਚ ਪੈਂਦੇ ਦਿਓਲ ਨਗਰ ’ਚ ਸਥਿਤ ਇਲਾਕੇ ਦੀ ਇਕੋ-ਇਕ ਮਾਰਕੀਟ ਦੇ ਦੁਕਾਨਦਾਰ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਸੜਕ ’ਤੇ ਖੜ੍ਹੇ ਹੋਣ ਵਾਲੇ ਬਰਸਾਤ ਦੇ ਪਾਣੀ ਕਰਕੇ ਕਾਫੀ ਪ੍ਰੇਸ਼ਾਨ ਹਨ, ਕਿਉਂਕਿ ਮਾਮੂਲੀ ਜਿਹੀ ਬਰਸਾਤ ਕਰਕੇ ਹੀ ਮਾਰਕੀਟ ਦੀ ਇਹ ਸੜਕ ਨਹਿਰ ਦਾ ਰੂਪ ਲੈ ਲੈਂਦੀ ਹੈ। ਮਾਰਕੀਟ ਦੇ ਦੁਕਾਨਦਾਰਾਂ ਅਰੋੜਾ, ਸੰਤੋਸ਼ ਕੁਮਾਰ, ਰਾਜੇਸ਼ ਕੁਮਾਰ, ਪ੍ਰਦੀਪ ਕੁਮਾਰ, ਹਰਕੀਕਤ ਸਿੰਘ ਟਿੰਕੂ, ਵਿਜੇ ਕੁਮਾਰ ਆਦਿ ਨੇ ਦੱਸਿਆ ਕਿ ਬਰਸਾਤ ਚਾਹੇ 10 ਮਿੰਟ ਹੀ ਹੋਵੇ ਇਨ੍ਹਾਂ ਦੁਕਾਨਾਂ ਅੱਗੇ ਪਾਣੀ ਦਿਨ ਭਰ ਹੀ ਖੜ੍ਹਾ ਰਹਿੰਦਾ ਹੈ, ਜਿਸ ਦਾ ਕਾਰਨ ਇਹ ਹੈ ਕਿ ਅਗਾਂਹ ਸੜਕ ਕਾਫੀ ਉੱਚੀ ਹੈ ਤੇ ਦੁਕਾਨਾਂ ਅੱਗੇ ਸੜਕ ਨੀਵੀਂ ਹੈ, ਜਿਸ ਕਰਕੇ ਸਾਰਾ ਪਾਣੀ ਇੱਥੇ ਆ ਕੇ ਖੜ੍ਹਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਹ ਸੜਕ ਕਈ ਸਾਲਾਂ ਤੋਂ ਨਹੀਂ ਬਣਾਈ ਗਈ ਹੈ। ਇਸ ਤੋਂ ਇਲਾਵਾ ਇਸ ਸੜਕ ’ਤੇ ਰੋਡ ਗਲੀਆਂ (ਸਾਈਡ ਵਾਲੀਆਂ ਨਾਲੀਆਂ) ਦੀ ਸਫ਼ਾਈ ਵੀ ਕਈ ਕਈ ਮਹੀਨੇ ਨਹੀਂ ਕੀਤੀ ਜਾਂਦੀ ਹੈ| ਰੋਡ ਗਲੀਆਂ ਸਾਫ਼ ਨਾ ਹੋਣ ਕਰਕੇ ਪਾਣੀ ਦੀ ਨਿਕਾਸੀ ਵੀ ਨਹੀਂ ਹੋ ਪਾਉਂਦੀ ਹੈ। ਅੱਜ ਵੀ ਇਸ ਪ੍ਰੇਸ਼ਾਨੀ ਸਬੰਧੀ ਲੋਕਾਂ ਨੇ ਇਲਾਕੇ ਦੇ ਭਾਜਪਾ ਦੇ ਕੌਂਸਲਰ ਅਜੇ ਬੱਬਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਉਸੇ ਵੇਲੇ ਹੀ ਨਿਗਮ ਦੀ ਟੀਮ ਭੇਜ ਕੇ ਸਫ਼ਾਈ ਕਰਵਾਈ। ਕੌਂਸਲਰ ਅਜੇ ਬੱਬਲ ਨੇ ਭਰੋਸਾ ਦਿਵਾਇਆ ਕਿ ਉਹ ਛੇਤੀ ਹੀ ਰੋਡ ਗਲੀਆਂ ਦੀ ਸਫ਼ਾਈ ਵੀ ਕਰਵਾਉਣ ਲਈ ਨਿਗਮ ਕਰਮਚਾਰੀਆਂ ਨੂੰ ਕਹਿਣਗੇ ਤਾਂ ਕਿ ਦੁਕਾਨਦਾਰਾਂ ਦੀ ਪ੍ਰੇਸ਼ਾਨੀ ਦੂਰ ਹੋ ਸਕੇ।