ਨਗਰ ਕੌਂਸਲ ਆਦਮਪੁਰ ਦੀ ਪਹਿਲੀ ਮੀਟਿੰਗ ’ਚ ਵਿਕਾਸ ਕਾਰਜਾਂ ਸਬੰਧੀ ਕਈ ਮਤੇ ਪਾਸ ਨਗਰ ਕੌਂਸਲ ਆਦਮਪੁਰ ਦੀ ਪਹਿਲੀ ਮੀਟਿੰਗ ’ਚ ਵਿਕਾਸ ਕਾਰਜਾਂ ਸਬੰਧੀ ਕਈ ਮਤੇ ਪਾਸ
Publish Date: Tue, 11 Aug 2026 09:31 PM (IST)
Updated Date: Tue, 11 Aug 2026 09:32 PM (IST)
-ਪਹਿਲੀ ਗਾਰੰਟੀ ਪੂਰੀ ਕਰਦਿਆਂ ਗਊਸ਼ਾਲਾ ਲਈ 13 ਕਨਾਲ 7 ਮਰਲੇ ਜ਼ਮੀਨ ਦੇਣ ਦਾ ਫ਼ੈਸਲਾ ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਨਗਰ ਕੌਂਸਲ ਆਦਮਪੁਰ ਦੀ ਪਹਿਲੀ ਮੀਟਿੰਗ ਪ੍ਰਧਾਨ ਚਰਨਜੀਤ ਸ਼ੇਰੀ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ, ਸਫ਼ਾਈ ਤੇ ਹੋਰ ਲੋਕ ਭਲਾਈ ਦੇ ਕੰਮਾਂ ਸਬੰਧੀ ਕਈ ਅਹਿਮ ਮਤੇ ਪਾਸ ਕੀਤੇ ਗਏ। ਮੀਟਿੰਗ ਦੌਰਾਨ ਨਗਰ ਕੌਂਸਲ ਨੇ ਆਪਣੀ ਪਹਿਲੀ ਗਾਰੰਟੀ ਪੂਰੀ ਕਰਦਿਆਂ ਅਲਾਵਲਪੁਰ ਰੋਡ ’ਤੇ ਸਥਿਤ ਕੌਂਸਲ ਦੀ 13 ਕਨਾਲ 7 ਮਰਲੇ ਵਾਹੀਯੋਗ ਜ਼ਮੀਨ ਸ੍ਰੀ ਗੋਪਾਲ ਗੋਧਾਮ ਗਊਸ਼ਾਲਾ ਵੈੱਲਫੇਅਰ ਸੁਸਾਇਟੀ ਨੂੰ ਗਊਸ਼ਾਲਾ ਬਣਾਉਣ ਲਈ ਦੇਣ ਦਾ ਮਤਾ ਪਾਸ ਕੀਤਾ। ਜ਼ਮੀਨ ਦੀ ਮਾਲਕੀ ਨਗਰ ਕੌਂਸਲ ਕੋਲ ਹੀ ਰਹੇਗੀ ਤੇ ਇਹ ਜ਼ਮੀਨ ਬਿਨਾਂ ਕਿਸੇ ਵਿੱਤੀ ਲੈਣ-ਦੇਣ ਦੇ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵਾਲਮੀਕਿ ਸਮਾਜ ਲਈ ਧਰਮਸ਼ਾਲਾ ਦੀ ਉਸਾਰੀ ਵਾਸਤੇ ਕਰੀਬ 10 ਲੱਖ ਰੁਪਏ ਦਾ ਮਤਾ ਪਾਸ ਕੀਤਾ ਗਿਆ, ਜਿਸ ਦਾ ਕੰਮ ਸਰਕਾਰੀ ਗ੍ਰਾਂਟ ਮਿਲਣ ਉਪਰੰਤ ਕਰਵਾਇਆ ਜਾਵੇਗਾ। 15 ਅਗਸਤ ਨੂੰ ਆਜ਼ਾਦੀ ਦਿਹਾੜਾ ਨਗਰ ਕੌਂਸਲ ਦਫ਼ਤਰ ਵਿਖੇ ਮਨਾਉਣ ਦਾ ਫ਼ੈਸਲਾ ਵੀ ਲਿਆ ਗਿਆ। ਸਫ਼ਾਈ ਸ਼ਾਖਾ ਦੀਆਂ ਗੱਡੀਆਂ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਹੋਰ ਮਸ਼ੀਨਰੀ ਖੜ੍ਹੀ ਕਰਨ ਲਈ ਬੱਸ ਸਟੈਂਡ ਨੇੜੇ ਨਗਰ ਕੌਂਸਲ ਦੀ ਮਲਕੀਅਤ ਵਾਲੀ ਜਗ੍ਹਾ ’ਤੇ ਸ਼ੈੱਡ ਪਾਉਣ ਲਈ ਕਰੀਬ 24.50 ਲੱਖ ਰੁਪਏ ਖਰਚ ਕਰਨ ਦਾ ਮਤਾ ਪਾਸ ਕੀਤਾ ਗਿਆ। ਇਸੇ ਤਰ੍ਹਾਂ ਬੱਸ ਸਟੈਂਡ ਵਾਲੀ ਜਗ੍ਹਾ ਦੀ ਬਾਊਂਡਰੀ ਵਾਲ ਲਈ ਕਰੀਬ 10 ਲੱਖ ਰੁਪਏ ਖਰਚ ਕੀਤੇ ਜਾਣਗੇ। ਨਗਰ ਕੌਂਸਲ ਦੇ ਪੁਰਾਣੇ ਦਫ਼ਤਰ ਦੀ ਮੁਰੰਮਤ ਲਈ 10 ਲੱਖ ਰੁਪਏ ਖਰਚ ਕਰਨ ਦਾ ਫ਼ੈਸਲਾ ਕੀਤਾ ਗਿਆ। ਦਫ਼ਤਰ ਦੀਆਂ ਛੱਤਾਂ ’ਚੋਂ ਬਰਸਾਤ ਦੌਰਾਨ ਪਾਣੀ ਚੋਣ ਤੇ ਦਫ਼ਤਰ ਦਾ ਮੁੱਖ ਸੜਕ ਤੋਂ ਨੀਵਾਂ ਹੋਣ ਕਾਰਨ ਪਾਣੀ ਭਰਨ ਦੀ ਸਮੱਸਿਆ ਨੂੰ ਦੇਖਦਿਆਂ ਇਹ ਮੁਰੰਮਤ ਕਰਵਾਈ ਜਾਵੇਗੀ। ਸ਼ਹਿਰ ਦੇ ਕਰੀਬ 80 ਫ਼ੀਸਦੀ ਇਲਾਕੇ ’ਚ ਸੀਵਰੇਜ ਪੈ ਚੁੱਕਾ ਹੈ। ਸੀਵਰੇਜ ਦੀਆਂ ਬਲੋਕੇਜਾਂ ਖੋਲ੍ਹਣ ਲਈ ਕਰੀਬ 80 ਲੱਖ ਰੁਪਏ ਦੀ ਲਾਗਤ ਨਾਲ ਜੈਟਿੰਗ-ਕਮ-ਸਕਸ਼ਨ ਮਸ਼ੀਨ ਖਰੀਦਣ ਦਾ ਮਤਾ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਠੋਸ ਕੂੜੇ ਦੀ ਲਿਫਟਿੰਗ ਲਈ ਕਰੀਬ 4.50 ਲੱਖ ਰੁਪਏ ਦੀ ਹਾਈਡਰੌਕ ਟਰਾਲੀ ਤੇ ਦਫ਼ਤਰ ਲਈ ਕਰੀਬ 3 ਲੱਖ ਰੁਪਏ ਦਾ ਨਵਾਂ ਫਰਨੀਚਰ ਖਰੀਦਣ ਦਾ ਫ਼ੈਸਲਾ ਕੀਤਾ ਗਿਆ। ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਤੇ ਨਸ਼ਿਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਸਟੇਡੀਅਮ ਦੀ ਪਿਛਲੀ ਜਗ੍ਹਾ ’ਤੇ ਕਬੱਡੀ ਗਰਾਊਂਡ ਬਣਾਉਣ ਲਈ ਕਰੀਬ 5 ਲੱਖ ਰੁਪਏ ਖਰਚ ਕਰਨ ਦਾ ਮਤਾ ਵੀ ਪਾਸ ਕੀਤਾ ਗਿਆ। ਮੀਟਿੰਗ ’ਚ ਨਗਰ ਕੌਂਸਲ ਦੇ ਸਮੂਹ ਕੌਂਸਲਰ ਹਾਜ਼ਰ ਸਨ।