ਸਕੈਮ ’ਚ ਫਸੇ ਕਈ ਮੋਬਾਈਲ ਵੇਚਣ ਵਾਲੇ ਦੁਕਾਨਦਾਰ ਮੋਬਾਇਲ ਸਕੈਮ ਵਿੱਚ ਫਸੇ ਕਈ ਮੋਬਾਇਲ ਵੇਚਣ ਵਾਲੇ ਦੁਕਾਨਦਾਰ
Publish Date: Tue, 14 Jul 2026 10:50 PM (IST)
Updated Date: Tue, 14 Jul 2026 10:51 PM (IST)
-ਮੁਲਜ਼ਮ ਨੇ ਸੁਨਿਆਰੇ ਨੂੰ ਵੀ ਲਾਇਆ 4 ਲੱਖ ਦਾ ਚੂਨਾ -ਪੰਜ ਕਰੋੜ ਤੋਂ ਵੱਧ ਦੀ ਠੱਗੀ ਮਾਰ ਕੇ ਹੋਇਆ ਪਰਿਵਾਰ ਸਮੇਤ ਫਰਾਰ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸਾਈਬਰ ਠੱਗੀ ਦੇ ਤਾਂ ਕਈ ਕਾਰਨਾਮੇ ਹੁਣ ਤੱਕ ਸਾਹਮਣੇ ਆ ਚੁੱਕੇ ਹਨ ਪਰ ਜਲੰਧਰ ਸ਼ਹਿਰ ਵਿੱਚ ਇੱਕ ਅਜਿਹਾ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਪੁਰਾਣੇ ਮਹਿੰਗੇ ਮੋਬਾਈਲ ਲੈ ਕੇ ਉਸ ਦੇ ਬਦਲੇ ਸਸਤੇ ਨਵੇਂ ਮੋਬਾਈਲ ਦੇਣ ਦਾ ਝਾਂਸਾ ਦੇ ਕੇ ਕਈ ਦੁਕਾਨਦਾਰਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਕਰਕੇ ਇਕ ਨੌਜਵਾਨ ਰਾਤੋ ਰਾਤ ਪਰਿਵਾਰ ਸਮੇਤ ਆਪਣਾ ਸਾਮਾਨ ਚੁੱਕ ਕੇ ਫਰਾਰ ਹੋ ਗਿਆ। ਉਸ ਠੱਗ ਨੇ ਮੋਬਾਈਲ ਵਿਕਰੇਤਾਵਾਂ ਦੇ ਨਾਲ ਨਾਲ ਇੱਕ ਸੁਨਿਆਰੇ ਨੂੰ ਵੀ ਨਿਸ਼ਾਨਾ ਬਣਾਇਆ ਜੋ ਕਿ ਇਕ ਮੋਬਾਈਲ ਵਿਕਰੇਤਾ ਦੇ ਸਾਹਮਣੇ ਦੁਕਾਨ ਕਰਦਾ ਸੀ। ਉਸ ਨੂੰ ਝਾਂਸੇ ਵਿੱਚ ਲੈ ਕੇ ਉਸ ਨਾਲ ਵੀ 4 ਲੱਖ ਰੁਪਏ ਦੀ ਠੱਗੀ ਮਾਰ ਗਿਆ। ਠੱਗੀ ਦਾ ਸ਼ਿਕਾਰ ਹੋਏ ਦੁਕਾਨਦਾਰ ਹੁਣ ਉਸ ਨੂੰ ਲੱਭਣ ਲਈ ਦਰ ਦਰ ਦੇ ਧੱਕੇ ਖਾ ਰਹੇ ਹਨ। ਜਾਣਕਾਰੀ ਅਨੁਸਾਰ ਨਿਤੀਸ਼ ਸਿੰਗਲਾ ਨਾਂ ਦਾ ਇੱਕ ਨੌਜਵਾਨ ਚੀਮਾ ਨਗਰ ਚੌਂਕ ਵਿੱਚ ਦੋ ਵੱਡੇ ਸ਼ੋਅਰੂਮ ਖੋਲ੍ਹ ਕੇ ਦੁਕਾਨਦਾਰਾਂ ਨੂੰ ਇਹੀ ਲਾਲਚ ਦੇ ਰਿਹਾ ਸੀ ਕਿ ਉਹ ਜੋ ਮੋਬਾਈਲ ਪੁਰਾਣੇ ਗਾਰੰਟੀ ’ਚ ਹਨ, ਉਸ ਨੂੰ ਦੇ ਦੇਣ ਅਤੇ ਬਦਲੇ ਮਹਿੰਗੇ ਮੋਬਾਈਲ ਘੱਟ ਤੋਂ ਘੱਟ ਰੇਟ ’ਤੇ ਲੈ ਸਕਦੇ ਹਨ। ਉਸ ਨੇ ਦੁਕਾਨਦਾਰਾਂ ਵਿੱਚ ਆਪਣਾ ਵਿਸ਼ਵਾਸ ਬਣਾਉਣ ਲਈ ਪਹਿਲੇ ਪਹਿਲੇ ਤਾਂ ਕੁਝ ਗਾਹਕਾਂ ਅਤੇ ਦੁਕਾਨਦਾਰਾਂ ਨੂੰ ਪੁਰਾਣੇ ਮੋਬਾਈਲ ਲੈ ਕੇ ਬਦਲੇ ਨਵੇਂ ਮੋਬਾਈਲ ਸਸਤੇ ਭਾਅ ਤੇ ਦੇ ਦਿੱਤੇ। ਹੌਲੀ ਹੌਲੀ ਉਸ ਦਾ ਵਿਸ਼ਵਾਸ ਇਨਾ ਬਣ ਗਿਆ ਕਿ ਉਸ ਨੇ ਦੁਕਾਨਦਾਰਾਂ ਕੋਲੋਂ ਜ਼ਿਆਦਾ ਤੋਂ ਜ਼ਿਆਦਾ ਮਹਿੰਗੇ ਪੁਰਾਣੇ ਮੋਬਾਈਲ ਲੈਣੇ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਨੂੰ ਇੱਕ ਇੱਕ ਮਹੀਨੇ ਦਾ ਸਮਾਂ ਦੇਣਾ ਸ਼ੁਰੂ ਕਰ ਦਿੱਤਾ। ਉਸਨੇ ਦੁਕਾਨਦਾਰ ਕੋਲੋਂ ਮੋਬਾਇਲ ਲੈ ਕੇ ਉਨ੍ਹਾਂ ਨੂੰ ਮੋਬਾਈਲ ਦੇਣ ਦਾ ਝਾਂਸਾ ਦਿੱਤਾ ਅਤੇ ਕਈ ਦੁਕਾਨਦਾਰਾਂ ਨੂੰ ਆਪਣਾ ਆਧਾਰ ਕਾਰਡ, ਪੈਨ ਕਾਰਡ ਅਤੇ ਚੈੱਕ ਵੀ ਦੇ ਦਿੱਤੇ। ਜਦ ਉਹ ਗੋਲ ਮਾਰਕੀਟ ਵਿੱਚ ਸਥਿਤ ਦੁਕਾਨਾਂ ’ਤੇ ਮੋਬਾਈਲ ਲੈਣ ਆਉਂਦਾ ਸੀ ਤਾਂ ਉਸ ਨੇ ਇੰਨਾ ਵਿਸ਼ਵਾਸ ਬਣਾ ਲਿਆ ਕਿ ਇੱਕ ਮੋਬਾਈਲਾਂ ਦੀ ਦੁਕਾਨ ਦੇ ਸਾਹਮਣੇ ਪੈਂਦੇ ਸੁਨਿਆਰੇ ਨੂੰ ਵੀ ਆਪਣੀਆਂ ਗੱਲਾਂ ’ਚ ਫਸਾ ਲਿਆ। ਉਸ ਸੁਨਿਆਰੇ ਨੂੰ ਇਹੀ ਕਹਿ ਕੇ ਕਿ ਸਾਹਮਣੇ ਵਾਲੀ ਦੁਕਾਨਦਾਰ ਕੋਲੋਂ ਮੇਰੇ ਬਾਰੇ ਪੁੱਛ ਲਓ ਤੇ ਉਸ ਨੂੰ ਸੋਨੇ ਦੇ ਗਹਿਣੇ ਬਣਵਾ ਦਿਓ। ਜਦ ਸੁਨਿਆਰੇ ਨੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਸਾਡੇ ਕੋਲ ਹੀ ਨੌਜਵਾਨ ਆਉਂਦਾ ਹੈ ਤੇ ਸਾਡੇ ਨਾਲ ਬੜਾ ਵਧੀਆ ਬਿਜ਼ਨਸ ਕਰ ਰਿਹਾ ਹੈ। ਜੇ ਇਹ ਤੁਹਾਡੇ ਕੋਲੋਂ ਸੋਨਾ ਖਰੀਦਦਾ ਹੈ ਤਾਂ ਤੁਹਾਡੇ ਪੈਸੇ ਕਿਧਰੇ ਨਹੀਂ ਜਾਣਗੇ ਤੁਸੀਂ ਇਸ ਕੋਲੋਂ ਚੈੱਕ ਵੀ ਲੈ ਲਵੋ। ਇਸ ਤੋਂ ਬਾਅਦ ਨਿਤੀਸ਼ ਸਿੰਗਲਾ ਨੇ ਉਸ ਸੁਨਿਆਰੇ ਕੋਲੋਂ ਤਕਰੀਬਨ ਸਾਢੇ 8 ਲੱਖ ਰੁਪਏ ਦੇ ਗਹਿਣੇ ਬਣਵਾ ਲਏ। ਉਸ ਨੇ ਸੁਨਿਆਰੇ ਨੂੰ 4 ਲੱਖ ਰੁਪਏ ਨਗਦ ਦੇ ਦਿੱਤੇ ਤੇ ਸਾਢੇ ਚਾਰ ਲੱਖ ਰੁਪਏ ਦੇ ਚੈੱਕ ਦੇ ਦਿੱਤੇ, ਜਿਸ ਉੱਪਰ ਕੁਝ ਦਿਨਾਂ ਬਾਅਦ ਦੀ ਤਰੀਕ ਪਾ ਦਿੱਤੀ। ਹੱਦ ਤਾਂ ਉਦੋਂ ਹੋ ਗਈ ਜਦ ਦੁਕਾਨਦਾਰ ਨਿਤੀਸ਼ ਸਿੰਗਲਾ ਦੇ ਦਫਤਰ ਗਏ ਤਾਂ ਉੱਥੇ ਤਾਲਾ ਲੱਗਾ ਹੋਇਆ ਸੀ। ਇਸ ਤੋਂ ਬਾਅਦ ਹੌਲੀ ਹੌਲੀ ਇਹੀ ਗੱਲ ਸ਼ਹਿਰ ਵਿੱਚ ਫੈਲ ਗਈ ਅਤੇ ਉਸ ਨਾਲ ਬਿਜਨਸ ਕਰਨ ਵਾਲੇ ਮੋਬਾਈਲਾਂ ਦੇ ਦੁਕਾਨਦਾਰਾ ਨੇ ਉਸਦੇ ਘਰ ਵੱਲ ਰੁੱਖ ਕਰਨਾ ਸ਼ੁਰੂ ਕਰ ਦਿੱਤਾ ਪਰ ਘਰ ਨੂੰ ਵੀ ਤਾਲਾ ਲੱਗਾ ਹੋਇਆ ਸੀ, ਜਿਸ ਕੋਠੀ ਨੂੰ ਉਹ ਆਪਣੀ ਕੋਠੀ ਦੱਸਦਾ ਸੀ ਬਾਅਦ ਵਿੱਚ ਪਤਾ ਲੱਗਾ ਕਿ ਉਹ ਉਸ ਕੋਠੀ ਵਿੱਚ ਕਿਰਾਏ ’ਤੇ ਰਹਿੰਦਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਰਾਤ ਵੇਲੇ ਉਹ ਆਪਣਾ ਸਾਰਾ ਸਾਮਾਨ ਟਰੱਕ ਵਿੱਚ ਲੱਦ ਕੇ ਆਪਣੇ ਪਰਿਵਾਰ ਸਮੇਤ ਫਰਾਰ ਹੋ ਗਿਆ। ਜਦ ਸੁਨਿਆਰੇ ਵੱਲੋਂ ਬੈਂਕ ਵਿੱਚੋਂ ਉਸਦਾ ਖਾਤਾ ਚੈੱਕ ਕੀਤਾ ਗਿਆ ਤਾਂ ਉਸ ਵਿੱਚ ਸਿਰਫ ਚਾਰ 500 ਰੁਪਏ ਹੀ ਸਨ। ਠੱਗੀ ਦਾ ਸ਼ਿਕਾਰ ਹੋਏ ਤਕਰੀਬਨ 20 ਤੋਂ 25 ਦੁਕਾਨਦਾਰ ਹੁਣ ਇਸ ਦੀ ਸ਼ਿਕਾਇਤ ਕਰਨ ਲਈ ਪੁਲਿਸ ਥਾਣੇ ਦੇ ਚੱਕਰ ਲਗਾ ਰਹੇ ਹਨ। ਕਈ ਦੁਕਾਨਦਾਰ ਤਾਂ ਉਸ ਨੂੰ ਆਪਣੇ ਤੌਰ ’ਤੇ ਵੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਜਿਸ ਅਡਰੈੱਸ ਦਾ ਆਧਾਰ ਕਾਰਡ ਅਤੇ ਪੈਨ ਕਾਰਡ ਬਣਿਆ ਹੋਇਆ ਹੈ ਉਹ ਲੁਧਿਆਣਾ ਦਾ ਦੱਸਿਆ ਜਾ ਰਿਹਾ ਹੈ। ਫਿਲਹਾਲ ਹੁਣ ਤੱਕ ਠੱਗੀ ਦੀ ਰਕਮ ਜਿਹੜੀ ਸਾਹਮਣੇ ਆਈ ਹੈ ਉਹ ਤਕਰੀਬਨ ਪੰਜ ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਨਿਤੀਸ਼ ਸਿੰਗਲਾ ਦੀ ਠੱਗੀ ਦਾ ਸ਼ਿਕਾਰ ਹੋਏ ਹੋਰ ਪੀੜਿਤ ਵੀ ਸਾਹਮਣੇ ਆਉਣਗੇ। ਫਿਲਹਾਲ ਠੱਗੀ ਦਾ ਸ਼ਿਕਾਰ ਹੋਏ ਲੋਕ ਥਾਂ-ਥਾਂ ’ਤੇ ਧੱਕੇ ਖਾਣ ਲਈ ਮਜਬੂਰ ਹਨ।