- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਧਾਨ ਮੰਤਰੀ ਮੋਦੀ ਤੋਂ ਪ੍ਰਭਾਵਿਤ ਹੋ ਕੇ ਜਲੰਧਰ ਸੈਂਟਰਲ ਮੰਡਲ-5 ਵਿੱਚ ਕਈ ਪਰਿਵਾਰ ਭਾਜਪਾ 'ਚ ਹੋਏ ਸ਼ਾਮਲ

ਪੀਐੱਮ ਦੇ ਜਲੰਧਰ ਦੌਰੇ ਨੂੰ ਮਿਲਿਆ ਭਰਪੂਰ ਲੋਕ ਸਮਰਥਨ : ਇੰਜੀ. ਚੰਦਨ ਰਖੇਜਾ
ਲਵਦੀਪ ਬੈਂਸ, ਪੰਜਾਬੀ ਜਾਗਰਣ
ਪਤਾਰਾ/ਜਲੰਧਰ ਕੈਂਟ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਦੌਰੇ ਅਤੇ ਉਨ੍ਹਾਂ ਦੇ ਪ੍ਰੇਰਣਾਦਾਇਕ ਸੰਬੋਧਨ ਦਾ ਪ੍ਰਭਾਵ ਪੂਰੇ ਪੰਜਾਬ ’ਚ ਦੇਖਣ ਨੂੰ ਮਿਲ ਰਿਹਾ ਹੈ। ਸਮਾਗਮ ਦੌਰਾਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਹਜ਼ਾਰਾਂ ਲੋਕ ਪ੍ਰਧਾਨ ਮੰਤਰੀ ਨੂੰ ਸੁਣਨ ਲਈ ਜਲੰਧਰ ਪਹੁੰਚੇ। ਉੱਥੇ ਹੀ ਉਨ੍ਹਾਂ ਦੇ ਵਿਕਾਸਵਾਦੀ ਵਿਜ਼ਨ, ਰਾਸ਼ਟਰ ਹਿੱਤ ਦੀਆਂ ਨੀਤੀਆਂ ਤੇ ਪੰਜਾਬ ਦੇ ਸੁਨਹਿਰ ਭਵਿੱਖ ਪ੍ਰਤੀ ਵਚਨਬੱਧਤਾ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਿਨੇਟ ਮੰਤਰੀ ਮਨੋਰੰਜਨ ਕਾਲੀਆ ਦੀ ਅਗਵਾਈ ਤੇ ਜਲੰਧਰ ਸੈਂਟਰਲ ਮੰਡਲ-5 ਦੇ ਪ੍ਰਧਾਨ ਇੰਜੀ. ਚੰਦਨ ਰਖੇਜਾ ਦੀ ਪ੍ਰਧਾਨਗੀ ਹੇਠ ਮੰਡਲ-5 ’ਚ ਕਈ ਪਰਿਵਾਰ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਏ।
ਸਮਾਗਮ ਦੌਰਾਨ ਦਕੋਹਾ ਨਿਵਾਸੀ ਤਰੂਣਾ, ਹਰਪ੍ਰੀਤ ਕੌਰ, ਈਸ਼ਾ, ਨਵਯਾ ਅਤੇ ਏਕਤਾ ਨਗਰ ਨਿਵਾਸੀ ਲਵਿਸ਼, ਡਿੰਪਲ ਸ਼ਰਮਾ ਸਮੇਤ ਕਈ ਪਰਿਵਾਰਾਂ ਨੇ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਨਵੇਂ ਸ਼ਾਮਲ ਹੋਏ ਮੈਂਬਰਾਂ ਦਾ ਪਾਰਟੀ ’ਚ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਦਾ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਡਲ ਪ੍ਰਧਾਨ ਇੰਜੀ. ਚੰਦਨ ਰਖੇਜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਲੰਧਰ ਆਗਮਨ ਪੰਜਾਬ ਲਈ ਇੱਕ ਇਤਿਹਾਸਕ ਪਲ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਖੁਦ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਉਪਰੰਤ ਉਸ ਦਾ ਲੋਕ ਅਰਪਣ ਕਰਨ ਲਈ ਪਹੁੰਚੇ ਹਨ, ਜੋ ਜਲੰਧਰ ਸੈਂਟਰਲ ਮੰਡਲ-5 ਲਈ ਮਾਣ ਦੀ ਗੱਲ ਹੈ ਕਿਉਂਕਿ ਇਹ ਰੇਲਵੇ ਸਟੇਸ਼ਨ ਉਨ੍ਹਾਂ ਦੇ ਹੀ ਮੰਡਲ-5 ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਦੇਸ਼ ਭਰ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਤੇ ਪੰਜਾਬ ਲਈ ਉਨ੍ਹਾਂ ਦੀ ਸਪਸ਼ਟ ਵਿਕਾਸ ਨੀਤੀ ਤੋਂ ਪ੍ਰਭਾਵਿਤ ਹੋ ਕੇ ਲੋਕ ਵੱਡੀ ਗਿਣਤੀ ’ਚ ਭਾਜਪਾ ਨਾਲ ਜੁੜ ਰਹੇ ਹਨ।
ਇੰਜੀ. ਰਖੇਜਾ ਨੇ ਵਿਸ਼ਵਾਸ ਜਤਾਉਂਦਿਆਂ ਕਿਹਾ ਕਿ ਅੱਜ ਭਾਜਪਾ ’ਚ ਸ਼ਾਮਲ ਹੋਏ ਪਰਿਵਾਰ ਸਾਲ 2027 ਤੋਂ ਪਹਿਲਾਂ ਆਉਣ ਵਾਲੇ ਬਦਲਾਅ ਦੀ ਸਿਰਫ਼ ਇੱਕ ਝਲਕ ਹਨ। ਆਉਣ ਵਾਲੇ ਸਮੇਂ ’ਚ ਪੰਜਾਬ ਦੀ ਜਨਤਾ ਵਿਕਾਸ, ਸੁਸ਼ਾਸਨ ਤੇ ਰਾਸ਼ਟਰ ਹਿੱਤ ਦੀ ਰਾਜਨੀਤੀ ਨੂੰ ਸਮਰਥਨ ਦਿੰਦਿਆਂ ਭਾਰਤੀ ਜਨਤਾ ਪਾਰਟੀ ਦੇ ਹੱਕ ’ਚ ਆਪਣਾ ਫ਼ੈਸਲਾ ਦੇਵੇਗੀ। ਸਮਾਗਮ ਦੌਰਾਨ ਸਾਰੇ ਨਵੇਂ ਸ਼ਾਮਲ ਹੋਏ ਪਰਿਵਾਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਹਿਤ ਤੇ ਪੰਜਾਬ ਦੇ ਵਿਕਾਸ ਲਈ ਕੰਮ ਕਰਨ ਦਾ ਸੰਕਲਪ ਲਿਆ। ਇਸ ਮੌਕੇ ਭਾਜਪਾ ਮੰਡਲ-5 ਦੇ ਪ੍ਰਧਾਨ ਇੰਜੀ. ਚੰਦਨ ਰਖੇਜਾ, ਸੀਨੀਅਰ ਆਗੂ ਮੁਨੀਸ਼ ਨੱਢਾ, ਮੰਡਲ ਉਪ ਪ੍ਰਧਾਨ ਸਚਿਨ ਸ਼ਰਮਾ, ਗਗਨ ਬੇਦੀ, ਅਮਿਤ ਦੁਰੇਜਾ ਸਣੇ ਭਾਜਪਾ ਦੇ ਅਨੇਕਾਂ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ ।