ਡੰਪ ਬਣਨ ਲੱਗੇ ਸ਼ਹਿਰ ਦੇ ਕਈ ਖ਼ਾਲੀ ਪਲਾਟ
ਕੂੜਾ ਘਰ ਬਣੇ ਪਏ ਹਨ ਸ਼ਹਿਰ ਦੇ ਕਈ ਖਾਲੀ ਪਲਾਟ
Publish Date: Wed, 17 Jun 2026 06:29 PM (IST)
Updated Date: Wed, 17 Jun 2026 06:30 PM (IST)

-ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੂੰ ਝੱਲਣੀ ਪੈ ਰਹੀ ਹੈ ਪਰੇਸ਼ਾਨੀ ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਡੀਸੀ ਹਿਮਾਂਸ਼ੂ ਅਗਰਵਾਲ ਦੇ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਨੇ ਨਗਰ ਨਿਗਮ ਨਾਲ ਮਿਲ ਕੇ ਸ਼ਹਿਰ ’ਚ ਖਾਲੀ ਪਏ ਪਲਾਟਾਂ ਦੀ ਚਾਰਦੀਵਾਰੀ ਕਰਵਾਉਣ ਤੇ ਚਾਰਦੀਵਾਰੀ ਨਾ ਕਰਵਾਉਣ ਵਾਲੇ ਪਲਾਟ ਮਾਲਕਾਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਸਬੰਧੀ ਮੁਹਿੰਮ ਸ਼ੁਰੂ ਕੀਤੀ ਸੀ ਪਰ ਹੁਣ ਜਦੋਂ ਦਾ ਡੀਸੀ ਹਿਮਾਂਸ਼ੂ ਅਗਰਵਾਲ ਦਾ ਤਬਾਦਲਾ ਹੋਇਆ ਹੈ, ਇਹ ਮੁਹਿੰਮ ਵੀ ਠੰਢੀ ਪੈ ਗਈ ਲਗ ਰਹੀ ਹੈ ਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਅਜਿਹੇ ਕਈ ਖਾਲੀ ਪਲਾਟ ਪਏ ਹਨ ਜਿਨ੍ਹਾਂ ’ਚ ਚਾਰਦੀਵਾਰੀ ਨਾ ਹੋਣ ਕਰਕੇ ਇਹ ਪਲਾਟ ਡੰਪ ਬਣ ਕੇ ਰਹਿ ਗਏ ਹਨ। ਸ਼ਹਿਰ ਦੇ ਦਿਓਲ ਨਗਰ, ਨਿਊ ਦਿਓਲ ਨਗਰ, ਤਿਲਕ ਨਗਰ ਰੋਡ, ਨਿਊ ਦਸਮੇਸ਼ ਨਗਰ, ਦਸਮੇਸ਼ ਨਗਰ, ਮਾਡਲ ਹਾਊਸ ਤੇ ਹੋਰ ਨਾਲ ਲੱਗਦੇ ਇਲਾਕਿਆਂ ’ਚ ਕਈ ਅਜਿਹੇ ਖਾਲੀ ਪਲਾਟ ਵੇਖਣ ਨੂੰ ਮਿਲਣਗੇ ਜੋ ਕਿ ਇਸ ਸਮੇਂ ਡੰਪ ਬਣੇ ਪਏ ਹਨ ਤੇ ਇਨ੍ਹਾਂ ਖਾਲੀ ਪਲਾਟਾਂ ਕਰਕੇ ਆਲੇ-ਦੁਆਲੇ ਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਨ੍ਹਾਂ ਖਾਲੀ ਪਲਾਟਾਂ ’ਚ ਜਾਂ ਤਾਂ ਨਸ਼ੇੜੀ ਬੈਠੇ ਰਹਿੰਦੇ ਹਨ ਜਾਂ ਫਿਰ ਬੇਸਹਾਰਾ ਪਸ਼ੂ ਇੱਥੇ ਪਲਾਟਾਂ ’ਚ ਪਏ ਕੂੜੇ ਦੇ ਢੇਰਾਂ ’ਤੇ ਮੂੰਹ ਮਾਰਦੇ ਫਿਰਦੇ ਹਨ। ਇਨ੍ਹਾਂ ਇਲਾਕਿਆਂ ਦੇ ਵਾਸੀ ਮਨਦੀਪ ਸਿੰਘ, ਵਿਜੇ ਕੁਮਾਰ, ਦਲਜੀਤ ਕੁਮਾਰ, ਬਲਜੀਤ ਸਿੰਘ ਆਦਿ ਨੇ ਦੱਸਿਆ ਕਿ ਅਗਾਂਹ ਬਰਸਾਤਾਂ ਦਾ ਮੌਸਮ ਆ ਰਿਹਾ ਹੈ ਤੇ ਬਰਸਾਤ ਦੇ ਦਿਨਾਂ ’ਚ ਇਨ੍ਹਾਂ ਖਾਲੀ ਪਲਾਟਾਂ ’ਚ ਪਾਣੀ ਭਰ ਜਾਂਦਾ ਹੈ ਤੇ ਕੂੜਾ ਵੀ ਗਿੱਲਾ ਹੋਣ ਕਰਕੇ ਇਸ ਦੀ ਬਦਬੂ ਦੂਰ ਦੂਰ ਤੱਕ ਜਾਂਦੀ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਨਿਊ ਦਿਓਲ ਨਗਰ ਵਿਖੇ ਸਥਿਤ ਏਕਤਾ ਗੈਸ ਏਜੰਸੀ ਦੇ ਮਾਲਕ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਏਜੰਸੀ ਦੇ ਸਾਹਮਣੇ ਤੇ ਬਿਲਕੁਲ ਨਾਲ ਦੋ-ਚਾਰ ਵੱਡੇ ਵੱਡੇ ਖਾਲੀ ਪਲਾਟ ਪਏ ਹਨ, ਜਿਸ ’ਚ ਲੋਕ ਕੂੜਾ ਤੇ ਮਲਬਾ ਸੁੱਟਦੇ ਰਹਿੰਦੇ ਹਨ ਤੇ ਇਸ ਦੀ ਪਰੇਸ਼ਾਨੀ ਉਨ੍ਹਾਂ ਨੂੰ ਝੱਲਣੀ ਪੈਂਦੀ ਹੈ ਕਿਉਂਕਿ ਉਹ ਪਲਾਟ ਏਜੰਸੀ ਦੇ ਬਿਲਕੁਲ ਨਾਲ ਹਨ। ਏਜੰਸੀ ਦੇ ਨਾਲ ਲੱਗਦੇ ਪਲਾਟ ਬਿਲਕੁਲ ਜੰਗਲ ਬਣ ਚੁੱਕੇ ਹਨ ਤੇ ਆਏ ਦਿਨ ਉੱਥੋਂ ਜ਼ਹਿਰੀਲੇ ਕੀੜੇ ਮਕੌੜੇ ਨਿਕਲਦੇ ਰਹਿੰਦੇ ਹਨ, ਜਿਸ ਕਰਕੇ ਸਟਾਫ਼ ਮੈਂਬਰ ਵੀ ਕਾਫੀ ਪਰੇਸ਼ਾਨ ਹੁੰਦੇ ਹਨ। ਮਨਦੀਪ ਸਿੰਘ ਨੇ ਨਿਗਮ ਅਧਿਕਾਰੀਆਂ ਨੂੰ ਮੰਗ ਕਰਦੇ ਹੋਏ ਕਿਹਾ ਕਿ ਇਸ ਪਾਸੇ ਧਿਆਨ ਦੇ ਕੇ ਅਜਿਹੇ ਪਲਾਟ ਮਾਲਕਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਤੇ ਇਨ੍ਹਾਂ ਪਲਾਟਾਂ ’ਚ ਚਾਰਦੀਵਾਰੀ ਕਰਵਾਉਣ ਲਈ ਨੋਟਿਸ ਜਾਰੀ ਕੀਤੇ ਜਾਣ। --------------------------- ਕੀ ਕਹਿੰਦੇ ਹਨ ਇਲਾਕੇ ਕੌਂਸਲਰ ਅਜੇ ਬੱਬਲ ਇਸ ਸਬੰਧੀ ਇਲਾਕੇ ਦੇ ਭਾਜਪਾ ਦੇ ਕੌਂਸਲਰ ਅਜੇ ਬੱਬਲ ਦਾ ਕਹਿਣਾ ਹੈ ਕਿ ਵਾਰਡ ਨੰਬਰ 40 ’ਚ ਅਜਿਹੇ ਕਾਫੀ ਖਾਲੀ ਪਲਾਟ ਬਣ ਹਨ, ਜਿਨ੍ਹਾਂ ’ਚ ਮਨ੍ਹਾ ਕਰਨ ਦੇ ਬਾਅਦ ਵੀ ਲੋਕ ਕੂੜਾ ਸੁੱਟਦੇ ਹਨ ਤੇ ਚਾਰਦੀਵਾਰੀ ਵੀ ਨਹੀਂ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਇਨ੍ਹਾਂ ਪਲਾਟਾਂ ਜਿਨ੍ਹਾਂ ’ਚ ਚਾਰਦੀਵਾਰੀ ਨਹੀਂ ਕੀਤੀ ਗਈ ਹੈ, ਦੀ ਸੂਚੀ ਬਣਾ ਕੇ ਨਿਗਮ ਅਧਿਕਾਰੀਆਂ ਨੂੰ ਦੇਣਗੇ ਤਾਂ ਕਿ ਇਨ੍ਹਾਂ ’ਚ ਲੋਕ ਕੂੜਾ ਨਾ ਸੁੱਟਣ ਤੇ ਨਾ ਹੀ ਆਲੇ-ਦੁਆਲੇ ਦੇ ਲੋਕਾਂ ਨੂੰ ਕੋਈ ਪਰੇਸ਼ਾਨੀ ਹੋਵੇ।