- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਟੇਡੀਅਮ ਪਹੁੰਚੀ ਮਨਪ੍ਰੀਤ ਸਿੰਘ ਦੀ ਪਤਨੀ ਇਲੀ ਸਿੱਦਕੀ, ਬੇਟੀ ਬੋਲੀ-ਚੱਕ ਦੇ ਇੰਡੀਆ

ਸਾਬਕਾ ਕਪਤਾਨ ਮਨਪ੍ਰੀਤ ਸਿੰਘ ਦੀ ਪਤਨੀ ਇਲੀ ਸਿੱਦਕੀ ਪੁੱਜੀ ਸਟੇਡੀਅਮ
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਓਲੰਪੀਅਨ ਹਾਕੀ ਚੈਂਪੀਅਨਸ਼ਿਪ ਟਰਾਫੀ ਦੇਖਣ ਲਈ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਮਨਪ੍ਰੀਤ ਸਿੰਘ ਦੀ ਪਤਨੀ ਇਲੀ ਸਿੱਦਕੀ ਆਪਣੀਆਂ ਦੋਵੇਂ ਧੀਆਂ ਨਾਲ ਪੁੱਜੀ। ਉਨ੍ਹਾਂ ਨੇ ਹਿੱਸਾ ਲੈਣ ਆਈਆਂ ਸਾਰੀਆਂ ਟੀਮਾਂ ਦੇ ਨਾਲ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੰਦਿਆਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਖਿਡਾਰੀਆਂ ਦਾ ਹੌਸਲਾ ਵਧਾਇਆ। ਇਸ ਦੌਰਾਨ ਮਨਪ੍ਰੀਤ ਸਿੰਘ ਦੀਆਂ ਦੋਵੇਂ ਧੀਆਂ ਐਲਵਿਨ ਤੇ ਜੈਸਮਿਨ ਨੇ ਵੀ ਭਾਰਤੀ ਟੀਮ ਲਈ ‘ਚੱਕ ਦੇ ਇੰਡੀਆ’ ਦਾ ਨਾਅਰਾ ਲਾਇਆ।
ਇਲੀ ਸਿੱਦਕੀ ਨੇ ਕਿਹਾ ਕਿ ਮਨਪ੍ਰੀਤ ਦੇ ਸੱਟ ਲੱਗਣ ਕਾਰਨ ਮੈਚ ’ਚ ਨਾ ਖੇਡ ਸਕਣ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੈ। ਇਸ ਦੇ ਬਾਵਜੂਦ ਉਹ ਭਾਰਤੀ ਟੀਮ ਦਾ ਹੌਸਲਾ ਵਧਾਉਣ ਲਈ ਉਚੇਚੇ ਤੌਰ ’ਤੇ ਸਟੇਡੀਅਮ ਆਈ ਹੈ। ਉਨ੍ਹਾਂ ਕਿਹਾ ਕਿ ਹਾਕੀ ਦੇ ਮੱਕੇ ਵਜੋਂ ਜਾਣੇ ਜਾਂਦੇ ਜਲੰਧਰ ਲਈ ਮਾਣ ਵਾਲੀ ਗੱਲ ਹੈ ਕਿ ਇੱਥੋਂ ਦੇ ਸਟੇਡੀਅਮ ’ਚ ਅੰਤਰਰਾਸ਼ਟਰੀ ਪੱਧਰ ਦੇ ਮੈਚ ਕਰਵਾਏ ਜਾ ਰਹੇ ਹਨ। ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਮਨਪ੍ਰੀਤ ਸਿੰਘ ਨੇ ਟੂਰਨਾਮੈਂਟ ’ਚ ਹਿੱਸਾ ਨਾ ਲੈ ਸਕਣ ’ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਜਿੱਥੇ ਹਾਕੀ ਸਿੱਖੀ ਉੱਥੇ ਖੇਡਣ ਦਾ ਮੌਕਾ ਮਿਲਿਆ ਅਸੀਂ ਇਸ ਦੇ ਨਾਲ ਹੀ ਆਪਣੇ ਘਰੇਲੂ ਦਰਸ਼ਕਾਂ ਸਾਹਮਣੇ ਖੇਡਣ ਦਾ ਇਹ ਬਹੁਤ ਵਧੀਆ ਮੌਕਾ ਸੀ ਪਰ ਸੱਟ ਕਾਰਨ ਉਹ ਇਸ ਮੌਕੇ ਦਾ ਲਾਹਾ ਨਹੀਂ ਲੈ ਸਕਣਗੇ। ਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮੈਦਾਨ ’ਚ ਖੇਡਣ ਦੀ ਬਹੁਤ ਉਤਸੁਕਤਾ ਸੀ, ਕਿਉਂਕਿ ਉਨ੍ਹਾਂ ਨੇ ਇਸੇ ਮੈਦਾਨ ਤੋਂ ਹਾਕੀ ਖੇਡਣੀ ਸ਼ੁਰੂ ਕੀਤੀ ਸੀ ਤੇ ਇੱਥੇ ਹੀ ਅਭਿਆਸ ਕਰਕੇ ਇਸ ਮੁਕਾਮ ਤੇ ਪੁੱਜੇ। ਭਵਿੱਖ ’ਚ ਮੁੜ ਇਸ ਸਟੇਡੀਅਮ ’ਚ ਖੇਡਣ ਦਾ ਮੌਕਾ ਮਿਲੇ ਜਾਂ ਨਾ ਮਿਲੇ ਇਸ ਲਈ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਏਸ਼ਿਆਈ ਖੇਡਾਂ ’ਚ ਤਮਗਾ ਜਿੱਤਣ ਤੋਂ ਬਾਅਦ ਟੀਮ ਦਾ ਮਨੋਬਲ ਉੱਚਾ ਹੈ ਤੇ ਖਿਡਾਰੀ ਚੰਗੀ ਫਾਰਮ ’ਚ ਹਨ। ਉਨ੍ਹਾਂ ਦੀ ਜਗ੍ਹਾ ਟੀਮ ’ਚ ਵਿਵੇਕ ਸਾਗਰ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਕਈ ਵਾਰ ਟੀਮ ਦਾ ਹਿੱਸਾ ਰਹਿ ਚੁੱਕੇ ਹਨ ਤੇ ਇਕ ਵਧੀਆ ਖਿਡਾਰੀ ਹਨ।
------------------------------
ਪੰਜਾਬੀ ਗਾਇਕ ਨਿੰਜਾ ਦੇ ਗੀਤਾਂ ’ਤੇ ਝੂਮੇ ਦਰਸ਼ਕ
ਹਾਕੀ ਮੈਚ ਦੌਰਾਨ ਕਰਵਾਏ ਗਏ ਰੰਗਾਰੰਗ ਪ੍ਰੋਗਰਾਮ ਨੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਪੰਜਾਬੀ ਗਾਇਕ ਨਿੰਜਾ ਨੇ ਆਪਣੇ ਗੀਤਾਂ ਨਾਲ ਸਮਾਂ ਬੰਨ੍ਹ ਦਿੱਤਾ। ਉਨ੍ਹਾਂ ਦੀ ਗਾਇਕੀ ’ਤੇ ਦਰਸ਼ਕ ਝੂਮਦੇ ਤੇ ਭੰਗੜਾ ਪਾਉਂਦੇ ਨਜ਼ਰ ਆਏ। ਇਸ ਤੋਂ ਇਲਾਵਾ ਭੰਗੜੇ ਤੇ ਗਿੱਧੇ ਦੀਆਂ ਪੇਸ਼ਕਾਰੀਆਂ ਨੇ ਵੀ ਦਰਸ਼ਕਾਂ ਦਾ ਮਨ ਮੋਹ ਲਿਆ। ਗੱਤਕੇ ਦੀਆਂ ਟੀਮਾਂ ਨੇ ਆਕਰਸ਼ਕ ਪੇਸ਼ਕਾਰੀ ਕੀਤੀ। ਖਚਾਖੱਚ ਦਰਸ਼ਕਾਂ ਨਾਲ ਭਰੇ ਮੈਦਾਨ ’ਚ ਬੇਹੱਦ ਉਤਸ਼ਾਹ ਹੈ।