
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਨਦੀਪ ਗੁੰਬਰ ਦੇ ਸਿਰ ਸਜਿਆ ਮਿਸੇਜ਼ ਤੀਜ ਦਾ ਤਾਜ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ: ਸ਼ਹਿਰ ਦੇ ਜੋਤੀ ਚੌਕ ਸਥਿਤ ਹੋਟਲ ਡੇਜ਼ ਵਿਖੇ ਪੰਜਾਬੀ ਜਾਗਰਣ ਤੇ ਦੈਨਿਕ ਜਾਗਰਣ ਦੇ ਸਹਿਯੋਗ ਨਾਲ ਸੰਗਿਨੀ ਕਲੱਬ ਦੇ ਉਪਰਾਲੇ ਸਦਕਾ ਉਡਾਨ ਲੇਡੀਜ਼ ਕਲੱਬ ਨਾਲ ਮਿਲ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਸਮਾਗਮ ਵਿਚ ਔਰਤਾਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਵਿਚ ਸ਼ਿਰਕਤ ਕੀਤੀ ਤੇ ਪੰਜਾਬੀ ਸੱਭਿਆਚਾਰ ਦੇ ਰੰਗ ਪੇਸ਼ ਕੀਤੇ।
ਇਸ ਸਮਾਗਮ ’ਚ ਇੰਦਰਪ੍ਰੀਤ ਸਿੰਘ ਸੰਪਾਦਕ ਪੰਜਾਬੀ ਜਾਗਰਣ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਅਮਰਜੀਤ ਕੌਰ, ਡਾ. ਸੁਸ਼ਮਾ ਚਾਵਲਾ, ਪ੍ਰਭਜੋਤ ਕੌਰ ਕੌੰਸਲਰ ਵਾਰਡ ਨੰ. 27, ਜ਼ਾਰਾ ਤੇ ਜ਼ੀਨਤ ਨੇ ਹਾਜ਼ਰੀ ਭਰੀ। ਤੀਜ ਵਿਚ ਹਰ ਰੰਗ ਭਰਨ ਲਈ ਟੀਨਾ ਧੁੰਨਾ ਤੇ ਰੁਪਾਲੀ ਕੱਕੜ ਨੇ ਐਂਕਰਿੰਗ ਕਰਕੇ ਜਿਥੇ ਸਭ ਨੂੰ ਹਸਾਇਆ ਤੇ ਨਚਾਇਆ ਉਥੇ ਕਮਾਲ ਦੀ ਅਦਾਕਾਰੀ ਨਾਲ ਸਭ ਦਾ ਦਿਲ ਵੀ ਜਿੱਤਿਆ।
ਸਮਾਗਮ ਦੌਰਾਨ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਤੇ ਮੁਕਾਬਲੇ ਕਰਵਾਏ ਗਏ। ਇਸ ਸਮਾਗਮ ’ਚ ਪੰਜਾਬੀ ਲੋਕ ਗੀਤਾਂ ’ਤੇ ਡਾਂਸ ਕਰਕੇ ਖੂਬ ਰੰਗ ਬੰਨ੍ਹਿਆ। ਗਿੱਧੇ ਦੀ ਧਮਾਲ ਨੇ ਸਮਾਂ ਬੰਨ੍ਹ ਦਿੱਤਾ। ਇਸ ਦੇ ਨਾਲ ਹੀ ਮੁਟਿਆਰਾਂ ਤੇ ਔਰਤਾਂ ਨੇ ਰੈਂਪ ਵਾਕ ਕਰਕੇ ਹੁਸਨ ਦੇ ਜਲਵੇ ਬਿਖਰੇ। ਡੀ.ਜੇ. ਦੀਆਂ ਤਾਲਾਂ 'ਤੇ ਔਰਤਾਂ ਤੇ ਮੁਟਿਆਰਾਂ ਨੇ ਖੂਬ ਭੰਗੜਾ ਅਤੇ ਗਿੱਧਾ ਪਾਇਆ।
ਇਸ ਮੌਕੇ 'ਤੀਜ ਕਵੀਨ', 'ਬੈਸਟ ਵਾਕ' ਬੈਸਟ ਸਮਾਈਲ ਤੇ 'ਬੈਸਟ ਅਟਾਇਰ' ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਮਿਸੇਜ਼ ਤੀਜ ਦਾ ਖਿਤਾਬ ਮਨਦੀਪ ਗੁੰਬਰ ਨੇ ਜਿੱਤਿਆ ਜਦਕਿ ਬੈਸਟ ਵਾਕ ਸੰਦੀਪ, ਬੈਸਟ ਪਹਿਰਾਵਾ ਗੁਰਜੀਤ ਕੌਰ, ਬੈਸਟ ਸਮਾਈਲ ਦਾ ਖਿਤਾਬ ਸ਼ੀਤਲ ਠਾਕੁਰ ਦੀ ਝੋਲੀ ਪਿਆ। ਨਾਲ ਹੀ ਮਿਸ ਤੀਜ ਦਾ ਖਿਤਾਬ ਪ੍ਰੀਤੀ ਸ਼ਰਮਾ ਨੇ ਜਿੱਤਿਆ ਜਦਕਿ ਬੈਸਟ ਵਾਕ ਪੈਰੀ, ਬੈਸਟ ਸਮਾਈਲ ਇਮਾਨੀ ਤੇ ਬੈਸਟ ਡਾਂਸ ਪ੍ਰਿਕਸ਼ਾ ਦੀ ਝੋਲੀ ਪਿਆ। ਸਮੇਂ ਦੀ ਪਾਬੰਦੀ ਲਈ 'ਪੰਚੁਐਲਿਟੀ ਗਿਫ਼ਟਸ' ਦੇ ਨਾਲ-ਨਾਲ ਖੇਡਾਂ ਵਿਚ ਹਰ ਇੱਕ ਲਈ ਗਿਫਟ ਵੀ ਦਿੱਤਾ ਗਿਆ। ਅਮਰਜੀਤ ਕੌਰ, ਤੇਜਿੰਦਰ ਕੌਰ ਥਿੰਦ, ਪ੍ਰਭਜੋਤ ਕੌਰ, ਜ਼ਾਰਾ ਤੇ ਜ਼ੀਨਤ ਨੇ ਜੱਜ ਦੀ ਭੂਮਿਕਾ ਨਿਭਾਈ।
ਕਲੀਮ ਹੁਸੈਨ ਸੈਲੂਨ ਨੇ ਗਿਫਟ ਵਾਊਚਰ, ਪ੍ਰੋਫੈਸ਼ਨਲ ਹੋਟਲ ਸਲਿਊਸ਼ਨਸ ਜਲੰਧਰ ਨੇ ਗਿਫਟ ਹੈਂਪਰ ਤੇ ਸ਼ੀਤਲ ਮੇਕਓਵਰ ਗਿਫਟ ਵਾਊਚਰ ਸਪਾਂਸਰ ਕੀਤੇ, ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਇਸ ਦੌਰਾਨ ਉਡਾਨ ਲੇਡੀਜ਼ ਕਲੱਬ ਦੀਆਂ ਪ੍ਰਬੰਧਕਾਂ ਟੀਨਾ ਧੁੰਨਾ, ਰੁਪਾਲੀ ਕੱਕੜ ਅਤੇ ਸਰੋਜ ਰਾਣੀ ਤੇ ਸੰਗਿਨੀ ਕਲੱਬ ਦੀ ਨੈਨਸੀ ਨੇ ਸਾਰੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਾਡੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਜਿਊਂਦਾ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਭਵਿੱਖ ’ਚ ਵੀ ਸਮੇਂ-ਸਮੇਂ ’ਤੇ ਅਜਿਹੇ ਉਪਰਾਲੇ ਕਰਦੇ ਰਹਾਂਗੇ।