ਜਬਰ ਜਨਾਹ ਕਰਕੇ ਕਤਲ ਕਰਨ ਵਾਲੇ ਨੂੰ ਉਮਰ ਕੈਦ, 3 ਬਰੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀ ਛੋਕਰਾ ਦੀ ਅਦਾਲਤ ਨੇ ਔਰਤ ਨਾਲ ਜਬਰ ਜਨਾਹ ਕਰਕੇ ਕਤਲ ਕਰਨ ਤੇ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਦੇ ਮਾਮਲੇ ’ਚ ਮੁਲਜ਼ਮ ਕਰਾਰ ਦਿੰਦੇ ਹੋਏ ਛੋਟੂ ਦਾਸ ਵਾਸੀ ਹੇਲਰਾਂ ਨੂੰ ਉਮਰ ਕੈਦ ਤੇ ਵੱਖ-ਵੱਖ ਧਾਰਾਵਾਂ ਹੇਠ ਕੁੱਲ ਸਾਢੇ ਛੇ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ।
Publish Date: Wed, 19 Aug 2026 08:31 PM (IST)
Updated Date: Wed, 19 Aug 2026 08:33 PM (IST)
ਕਾਨੂੰਨ ਪ੍ਰਤੀਨਿਧ, ਪੰਜਾਬੀ ਜਾਗਰਣ, ਜਲੰਧਰ : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀ ਛੋਕਰਾ ਦੀ ਅਦਾਲਤ ਨੇ ਔਰਤ ਨਾਲ ਜਬਰ ਜਨਾਹ ਕਰਕੇ ਕਤਲ ਕਰਨ ਤੇ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਦੇ ਮਾਮਲੇ ’ਚ ਮੁਲਜ਼ਮ ਕਰਾਰ ਦਿੰਦੇ ਹੋਏ ਛੋਟੂ ਦਾਸ ਵਾਸੀ ਹੇਲਰਾਂ ਨੂੰ ਉਮਰ ਕੈਦ ਤੇ ਵੱਖ-ਵੱਖ ਧਾਰਾਵਾਂ ਹੇਠ ਕੁੱਲ ਸਾਢੇ ਛੇ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ। ਜੁਰਮਾਨਾ ਨਾ ਦੇਣ ’ਤੇ ਮੁਲਜ਼ਮ ਨੂੰ ਇਕ ਸਾਲ ਹੋਰ ਸਜ਼ਾ ਭੁਗਤਣੀ ਪਵੇਗੀ। ਇਸੇ ਕੇਸ ’ਚ ਅਦਾਲਤ ਨੇ ਹੇਲਰਾਂ ਵਾਸੀ ਹੀ ਤਿੰਨ ਹੋਰ ਵਿਅਕਤੀਆਂ ਵਿਕਾਸ ਤੇ ਮਿਥਲੇਸ਼ ਦੋਵੇਂ ਭਰਾ ਤੇ ਵੀਰੂ ਕੁਮਾਰ ਨੂੰ ਦੋਸ਼ ਸਾਬਤ ਨਾ ਹੋਣ ’ਤੇ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ। ਇਨ੍ਹਾਂ ਸਾਰਿਆਂ ਖ਼ਿਲਾਫ਼ ਮਿਤੀ 17 ਸਤੰਬਰ 2017 ਨੂੰ ਥਾਣਾ ਲਾਂਬੜਾ ’ਚ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਘਟਨਾ ਵਾਲੇ ਦਿਨ ਉਨ੍ਹਾਂ ਦੇ ਛੋਟੇ ਲੜਕੇ ਦੇ ਜਨਮਦਿਨ ਦੀ ਪਾਰਟੀ ਚੱਲ ਰਹੀ ਸੀ ਤੇ ਮੁਲਜ਼ਮ ਉੱਥੇ ਦਾਖਲ ਹੋਣ ਲੱਗੇ ਪਰ ਉਨ੍ਹਾਂ ਨੇ ਰੋਕ ਦਿੱਤਾ। ਮੁਲਜ਼ਮਾਂ ਨੇ ਇਸ ਨੂੰ ਬੇਇੱਜ਼ਤੀ ਸਮਝਦੇ ਹੋਏ ਵਿਵਾਦ ਕੀਤਾ ਤੇ ਉੱਥੋਂ ਚਲੇ ਗਏ। ਬਾਅਦ ’ਚ ਪਤਾ ਲੱਗਾ ਉਸ ਦੀ ਮਾਤਾ ਉੱਥੇ ਨਹੀਂ ਸੀ। ਰਾਤ ਭਰ ਭਾਲ ਕਰਨ ਤੋਂ ਬਾਅਦ ਪਤਾ ਲੱਗਾ ਕਿ ਮੁਲਜ਼ਮ ਉਸ ਜ਼ਬਰਦਸਤੀ ਲੈ ਗਏ ਸੀ ਜਬਰ ਜਨਾਹ ਕਰਨ ਤੋਂ ਬਾਅਦ ਕਤਲ ਕਰਕੇ ਲਾਸ਼ ਖ਼ੁਰਦ ਬੁਰਦ ਕਰਨ ਲਈ ਬਾਜਰੇ ਦੇ ਖੇਤਾਂ ’ਚ ਸੁੱਟ ਦਿੱਤੀ ਤੇ ਲਾਸ਼ ਕੋਲੋਂ ਮੁਲਜ਼ਮ ਛੋਟੂ ਦਾਸ ਦਾ ਆਧਾਰ ਕਾਰਡ ਵੀ ਬਰਾਮਦ ਹੋਇਆ। ਪੁਲਿਸ ਵੱਲੋਂ ਜਾਂਚ ਮਗਰੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।