ਮਖਦੂਮਪੁਰਾ ’ਚ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦਾ ਕਤਲ ਮਖਦੂਮਪੁਰਾ ’ਚ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦਾ ਕਤਲ, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ
Publish Date: Tue, 24 Nov 2026 11:33 PM (IST)
Updated Date: Tue, 24 Nov 2026 11:34 PM (IST)
-ਸ਼ਿਵ ਸੈਨਾ ਆਗੂ ਦੇ ਮੁੰਡੇ ਤੇ ਸਾਥੀਆਂ ’ਤੇ ਲੱਗੇ ਕਤਲ ਦੇ ਦੋਸ਼ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ ਥਾਣਾ ਨੰਬਰ ਚਾਰ ਦੀ ਹੱਦ ’ਚ ਪੈਂਦੇ ਮਖਦੂਮਪੁਰਾ ਵਿਚ ਦੇਰ ਸ਼ਾਮ ਆਪਣੇ ਘਰ ਦੇ ਬਾਹਰ ਖੜ੍ਹੇ ਇਕ ਵਿਅਕਤੀ ’ਤੇ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਬੂਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜ਼ਖਮੀ ਹਾਲਤ ’ਚ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਲੱਕੀ ਠਾਕੁਰ ਉਰਫ ਲੱਕੀ ਖੋਖਾ ਵਾਸੀ ਮਖਦੂਮਪੁਰਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਮਖਦੂਮਪੁਰਾ ਇਲਾਕੇ ’ਚ ਉਸਨੂੰ ਘੇਰ ਲਿਆ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਮਖਦੂਮਪੁਰਾ ਦਾ ਰਹਿਣ ਵਾਲਾ ਲੱਕੀ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਘਰ ਨੇੜੇ ਇਕ ਕਰਿਆਨੇ ਦੀ ਦੁਕਾਨ ਤੇ ਖੜ੍ਹਾ ਸੀ। ਇਸ ਦੌਰਾਨ ਕੁਝ ਨੌਜਵਾਨ ਜਿਨ੍ਹਾਂ ਦੇ ਹੱਥਾਂ ’ਚ ਤੇਜ਼ਧਾਰ ਹਥਿਆਰ ਸਨ, ਮੌਕੇ ’ਤੇ ਪੁੱਜੇ ਤੇ ਲੱਕੀ ’ਤੇ ਹਮਲਾ ਕਰ ਦਿੱਤਾ। ਬਚਾਅ ਲਈ ਉਹ ਦੁਕਾਨ ’ਚ ਵੜ ਗਿਆ ਪਰ ਹਮਲਾਵਰਾਂ ਨੇ ਉਸ ’ਤੇ ਉਥੇ ਵੀ ਜਾ ਕੇ ਹਮਲਾ ਜਾਰੀ ਰੱਖਿਆ ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਗੰਭੀਰ ਸੱਟਾਂ ਲੱਗਣ ਕਾਰਨ ਉਹ ਜ਼ਮੀਨ ਤੇ ਡਿੱਗ ਪਿਆ। ਘਟਨਾ ਤੋਂ ਤੁਰੰਤ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਉਹ ਗੰਭੀਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ। ਸੂਚਨਾ ਮਿਲਣ ਤੇ ਏਸੀਪੀ ਸੈਂਟਰਲ ਓਂਕਾਰ ਸਿੰਘ ਬਰਾੜ ਥਾਣਾ ਚਾਰ ਦੇ ਮੁਖੀ ਇੰਸਪੈਕਟਰ ਸਾਹਿਲ ਚੌਧਰੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਮੌਕੇ ’ਤੇ ਪੁੱਜੇ ਮ੍ਰਿਤਕ ਦੇ ਵੱਡੇ ਭਰਾ ਨੇ ਦੱਸਿਆ ਕਿ ਉਸ ਨੂੰ ਸੂਚਨਾ ਮਿਲੀ ਸੀ ਕਿ ਉਸ ਦੇ ਛੋਟੇ ਭਰਾ ਲੱਕੀ ਜੋ ਪ੍ਰਾਪਰਟੀ ਡੀਲਰ ਤੇ ਫਾਇਨਾਂਸ ਦਾ ਕੰਮ ਕਰਦਾ ਹੈ, ਉੱਪਰ ਹਮਲਾ ਕੀਤਾ ਗਿਆ ਹੈ, ਜਿਸ ਨਾਲ ਉਸ ਦੀ ਮੌਤ ਹੋ ਗਈ ਹੈ। ਉਸਨੂੰ ਪਤਾ ਲੱਗਾ ਹੈ ਕਿ ਹਮਲਾ ਸ਼ਿਵ ਸੈਨਾ ਆਗੂ ਦੇ ਪੁੱਤਰ ਤੇ ਉਸਦੇ ਸਾਥੀਆਂ ਨੇ ਕੀਤਾ ਹੈ, ਜਿਨ੍ਹਾਂ ਨਾਲ ਲੱਕੀ ਦਾ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਲੱਕੀ ਰੋਟੀ ਖਾਣ ਤੋਂ ਬਾਅਦ ਘਰੋਂ ਸੈਰ ਲਈ ਨਿਕਲਿਆ ਸੀ ਤੇ ਘਰ ਦੇ ਬਾਹਰ ਸਥਿਤ ਕਰਿਆਨੇ ਦੀ ਦੁਕਾਨ ’ਤੇ ਖੜ੍ਹਾ ਸੀ। ਉਸ ’ਤੇ ਹਮਲਾ ਕੀਤਾ ਗਿਆ। ਏਸੀਪੀ ਓੰਕਾਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਦਿੱਤਾ ਹੈ ਤੇ ਹਮਲਾਵਰਾਂ ਦੀ ਭਾਲ ’ਚ ਛਾਪਾਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਹਮਲਾਵਰਾਂ ਨੂੰ ਗਿਰਫਤਾਰ ਕਰਨ ਲਈ ਭੇਜ ਦਿੱਤੀਆਂ ਹਨ, ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।