ਲੋਕਾਂ ਦੇ ਏਟੀਐੱਮ ਕਾਰਡ ’ਚੋਂ ਪੈਸੇ ਕਢਵਾਉਣ ਵਾਲਾ ਇਕ ਕਾਬੂ ਭੋਲੇ ਭਾਲੇ ਲੋਕਾਂ ਦੇ ਏਟੀਐੱਮ ਕਾਰਡ ’ਚੋਂ ਪੈਸੇ ਕਢਵਾਉਣ ਵਾਲਾ ਇਕ ਕਾਬੂ
Publish Date: Sun, 05 Jul 2026 06:45 PM (IST)
Updated Date: Mon, 06 Jul 2026 04:06 AM (IST)
- ਸਾਥੀ ਦੀ ਤਲਾਸ਼ ’ਚ ਛਾਪੇਮਾਰੀ ਜਾਰੀ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ ਜਲੰਧਰ : ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜੋ ਕਿ ਭੋਲੇ ਭਾਲੇ ਲੋਕਾਂ ਨੂੰ ਬੇਵਕੂਫ ਬਣਾ ਕੇ ਉਨਾਂ ਦੇ ਏਟੀਐੱਮ ’ਚੋਂ ਪੈਸੇ ਕਢਵਾ ਲੈਂਦਾ ਸੀ ਤੇ ਉਨਾਂ ਨਾਲ ਠੱਗੀ ਮਾਰਦਾ ਸੀ। ਗ੍ਰਿਫਤਾਰ ਵਿਅਕਤੀ ਦਾ ਦੂਜਾ ਸਾਥੀ ਹਾਲੇ ਪੁਲਿਸ ਦੇ ਹੱਥੇ ਨਹੀਂ ਚੜਿਆ, ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਸੀਪੀ ਵੈਸਟ ਆਤਿਸ਼ ਭਾਟੀਆ ਨੇ ਦੱਸਿਆ ਕਿ ਥਾਣਾ ਬਸਤੀ ਬਾਵਾ ਖੇਲ ਦੇ ਇੰਚਾਰਜ ਸਬ ਇੰਸਪੈਕਟਰ ਜੈ ਇੰਦਰ ਸਿੰਘ ਪੁਲਿਸ ਪਾਰਟੀ ਸਮੇਤ ਵਰਿਆਣਾ ਤੋਂ ਲੈਦਰ ਕੰਪਲੈਕਸ ਵੱਲ ਗਸ਼ਤ ਕਰ ਰਹੇ ਸਨ। ਜਦ ਉਹ ਬਸਤੀ ਬਾਵਾ ਖੇਲ ਦੇ ਗੰਦੇ ਨਾਲੇ ਲਾਗੇ ਪਹੁੰਚੇ ਤਾਂ ਇਕ ਸ਼ੱਕੀ ਵਿਅਕਤੀ ਏਟੀਐੱਮ ਮਸ਼ੀਨ ਦੇ ਬਾਹਰ ਖੜ੍ਹਾ ਦਿਖਾਈ ਦਿੱਤਾ। ਜਦ ਉਸ ਵਿਅਕਤੀ ਨੇ ਪੁਲਿਸ ਦੀ ਗੱਡੀ ਰੁਕਦੀ ਦੇਖੀ ਤਾਂ ਇਕਦਮ ਖਿਸਕਣ ਲੱਗਾ। ਸ਼ੱਕ ਪੈਣ ’ਤੇ ਥਾਣਾ ਮੁਖੀ ਨੇ ਉਸ ਨੂੰ ਕਾਬੂ ਕਰ ਕੇ ਜਦ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਮ ਅਮਰੀਕ ਸਿੰਘ ਉਰਫ ਵਿੱਕੀ ਵਾਸੀ ਈਸਟ ਇਨਕਲੇਵ ਕਾਲਾ ਸਿੰਘਾ ਰੋਡ ਕੋਟ ਸਦੀਕ ਦੱਸਿਆ। ਜਦ ਪੁਲਿਸ ਟੀਮ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਪਲਾਸ, ਇਕ ਚਾਕੂ, ਇਕ ਮੋਬਾਈਲ ਫੋਨ, ਇਕ ਏਟੀਐੱਮ ਕਾਰਡ, ਇਕ ਪਰਸ, ਚਾਰ ਫੈਵੀਕਵਿਕ ਤੇ ਇਕ ਟੇਪ ਦਾ ਪੈਕਟ ਮਿਲਿਆ। ਜਿਸ ਬਾਰੇ ਪੁੱਛਣ ’ਤੇ ਉਹ ਕੋਈ ਢੁਕਵਾਂ ਜਵਾਬ ਨਹੀਂ ਦੇ ਸਕਿਆ। ਜਿਸ ’ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਏਟੀਐੱਮ ਮਸ਼ੀਨਾਂ ਕੋਲ ਖੜ੍ਹੇ ਹੋ ਕੇ ਉੱਥੇ ਆਉਂਦੇ ਭੋਲੇ ਭਾਲੇ ਲੋਕਾਂ ਦੇ ਕਾਰਡ ਬਦਲ ਕੇ ਉਨ੍ਹਾਂ ਨਾਲ ਠੱਗੀ ਮਾਰਦਾ ਸੀ। ਇਸ ਕੰਮ ’ਚ ਉਸ ਦਾ ਇੱਕ ਹੋਰ ਸਾਥੀ ਸੰਦੀਪ ਉਰਫ ਪਿੰਕਾ ਵਾਸੀ ਵਰਿਆਣਾ ਵੀ ਹੈ। ਏਸੀਪੀ ਭਾਟੀਆ ਨੇ ਦੱਸਿਆ ਫੜੇ ਗਏ ਮੁਲਜ਼ਮ ਤੇ ਸੰਦੀਪ ਦੇ ਖਿਲਾਫ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਅਦਾਲਤ ਵਿਚੋਂ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ। ਪੁਲਿਸ ਰਿਮਾਂਡ ਦੋਰਾਣ ਉਸ ਕੋਲੋਂ ਹੁਣ ਤੱਕ ਕੀਤੀਆਂ ਗਈਆਂ ਠੱਗੀ ਦੀਆਂ ਵਾਰਦਾਤਾਂ ਬਾਰੇ ਜਾਣਕਾਰੀ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸੰਦੀਪ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।