
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ 21ਵੀਂ ਸਦੀ ਵਿੱਚ ਪੁਲਿਸਿੰਗ ਨੂੰ ਨਾਗਰਿਕ-ਕੇਂਦਰਿਤ ਬਣਾਉਣਾ ਸਮੇਂ ਦੀ ਲੋੜ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ , ਫਿਲੌਰ
ਫਿਲੌਰ ਸਥਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਵਿਖੇ ਪੰਜਾਬ ਪੁਲਿਸ ਦੇ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਵੱਲੋਂ ਜੇ-ਪਾਲ ਤੇ ਹਰਟੈਕ ਫਾਊਂਡੇਸ਼ਨ ਦੇ ਸਹਿਯੋਗ ਨਾਲ ‘ਮੇਨਸਟ੍ਰੀਮਿੰਗ ਆਫ ਵੂਮੈਨ ਇਨ ਪੰਜਾਬ ਪੁਲਿਸ’ ਪ੍ਰਾਜੈਕਟ ਤਹਿਤ ਤਿੰਨ ਰੋਜ਼ਾ ਤੀਜੇ ਪੜਾਅ ਦੀ ਜੈਂਡਰ ਸੈਂਸੇਟਾਈਜ਼ੇਸ਼ਨ ਟ੍ਰੇਨਿੰਗ ਸ਼ੁਰੂ ਕੀਤੀ ਗਈ। 18 ਤੋਂ 20 ਅਗਸਤ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਦਾ ਉਦਘਾਟਨ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਮੁੱਖ ਮਹਿਮਾਨ ਵਜੋਂ ਕੀਤਾ। ਇਹ ਦਸੰਬਰ 2025 ਤੋਂ ਚੱਲ ਰਹੀ ਤਿੰਨ ਪੜਾਵਾਂ ਵਾਲੀ ਟ੍ਰੇਨਿੰਗ ਦਾ ਅੰਤਿਮ ਪੜਾਅ ਹੈ।
ਇਸ ਪ੍ਰਾਜੈਕਟ ਦਾ ਉਦੇਸ਼ ਪੁਲਿਸ ਅਧਿਕਾਰੀਆਂ ਵਿੱਚ ਲਿੰਗ ਸੰਵੇਦਨਸ਼ੀਲਤਾ ਸਬੰਧੀ ਸਿਖਲਾਈ ਦੇ ਪ੍ਰਭਾਵ ਦਾ ਮੁਲਾਂਕਣ ਕਰਨਾ ਹੈ। ਇਸ ਤਹਿਤ ਪੰਜਾਬ ਦੇ 384 ਥਾਣਿਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 288 ਥਾਣਿਆਂ ਦੇ ਪੁਲਿਸ ਮੁਲਾਜ਼ਮਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਜਦਕਿ 96 ਥਾਣਿਆਂ ਨੂੰ ਕੰਟਰੋਲ ਗਰੁੱਪ ਵਜੋਂ ਰੱਖਿਆ ਗਿਆ ਹੈ। ਇਸ ਪਹਿਲ ਤਹਿਤ ਲਗਭਗ 2,000 ਪੁਲਿਸ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਟ੍ਰੇਨਿੰਗ ‘ਟ੍ਰੇਨਿੰਗ ਆਫ ਟ੍ਰੇਨਰਜ਼’ ਮਾਡਲ ਤਹਿਤ ਕਰਵਾਈ ਜਾ ਰਹੀ ਹੈ। ਤੀਜੇ ਪੜਾਅ ’ਚ ਫਿਲੌਰ ਅਕੈਡਮੀ ਵਿਖੇ ਤਿੰਨ ਦਿਨਾਂ ਦੌਰਾਨ ਕੁੱਲ 1,453 ਨਾਮਜ਼ਦ ਪੁਲਿਸ ਅਧਿਕਾਰੀਆਂ ਨੂੰ ਵੱਖ-ਵੱਖ ਗਰੁੱਪਾਂ ਵਿੱਚ ਸਿਖਲਾਈ ਦਿੱਤੀ ਜਾ ਰਹੀ ਹੈ।
ਉਦਘਾਟਨੀ ਸਮਾਗਮ ਦੌਰਾਨ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ 21ਵੀਂ ਸਦੀ ਵਿੱਚ ਪੁਲਿਸਿੰਗ ਨੂੰ ਨਾਗਰਿਕ-ਕੇਂਦਰਿਤ ਬਣਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਔਰਤਾਂ ਦੇ ਨਾਲ-ਨਾਲ ਹਰ ਉਸ ਸ਼ਿਕਾਇਤਕਰਤਾ ਨਾਲ ਸੰਵੇਦਨਸ਼ੀਲ ਵਿਵਹਾਰ ਕਰਨ ਲਈ ਕਿਹਾ, ਜੋ ਆਪਣੀ ਸਮੱਸਿਆ ਲੈ ਕੇ ਥਾਣੇ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸੇਵਾਵਾਂ ਵਿੱਚ 33 ਫੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ, ਜਿਸ ਵਿੱਚ ਪੁਲਿਸ ਵਿਭਾਗ ਵੀ ਸ਼ਾਮਲ ਹੈ। ਡੀਜੀਪੀ ਨੇ ਜ਼ੋਰ ਦਿੱਤਾ ਕਿ ਪੁਲਿਸ ਵਿਭਾਗ ਵਿੱਚ ਔਰਤਾਂ ਦੀ ਗਿਣਤੀ ਵਧ ਰਹੀ ਹੈ, ਇਸ ਲਈ ਪੁਲਿਸ ਪ੍ਰਣਾਲੀ ਨੂੰ ਹੋਰ ਸਮਾਵੇਸ਼ੀ ਅਤੇ ਜੈਂਡਰ-ਫ੍ਰੈਂਡਲੀ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਸਿਰਫ਼ ਰੁਟੀਨ ਡਿਊਟੀਆਂ ਤੱਕ ਸੀਮਤ ਨਾ ਰੱਖ ਕੇ ਅਪਰਾਧ, ਇੰਟੈਲੀਜੈਂਸ ਅਤੇ ਕਾਨੂੰਨ-ਵਿਵਸਥਾ ਨਾਲ ਸਬੰਧਤ ਅਹਿਮ ਜ਼ਿੰਮੇਵਾਰੀਆਂ ਵੀ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
ਇਸ ਮੌਕੇ ਪੰਜਾਬ ਪੁਲਿਸ ਨੇ ‘ਸਾਂਝ’ ਪਲੇਟਫਾਰਮ ’ਤੇ ਰੱਖਿਆ ਮੰਤਰਾਲੇ ਲਈ ਆਨਲਾਈਨ ਡਿਜੀਟਲ ਵੈਰੀਫਿਕੇਸ਼ਨ ਸਹੂਲਤ ਵੀ ਸ਼ੁਰੂ ਕੀਤੀ। ਇਸ ਨਾਲ ਨਵੇਂ ਭਰਤੀ ਹੋਏ ਡਿਫੈਂਸ ਰਿਕਰੂਟਸ ਦੀ ਤਸਦੀਕ ਦਾ ਸਮਾਂ ਮਹੀਨਿਆਂ ਤੋਂ ਘਟ ਕੇ ਕੁਝ ਦਿਨਾਂ ਤੱਕ ਰਹਿ ਗਿਆ ਹੈ। ਪਹਿਲੇ ਦਿਨ ਮਿਕਸਡ ਗਰੁੱਪ ਦੇ 642 ਨਾਮਜ਼ਦ ਪੁਲਿਸ ਅਧਿਕਾਰੀਆਂ ਅਤੇ ਮਾਸਟਰ ਟ੍ਰੇਨਰਾਂ ਨੇ ਭਾਗ ਲਿਆ। ਇਸ ਦੌਰਾਨ ਜੈਂਡਰ-ਰਿਸਪਾਂਸਿਵ ਪੁਲਿਸਿੰਗ, ਪੁਲਿਸ ਵਿੱਚ ਮਹਿਲਾਵਾਂ ਦੀ ਲੀਡਰਸ਼ਿਪ ਤੇ ਇਨਕਲੂਜ਼ਨ, ਪ੍ਰਭਾਵਸ਼ਾਲੀ ਸੰਚਾਰ ਅਤੇ ਕਮਿਊਨਿਟੀ ਐਂਗੇਜਮੈਂਟ ਸਮੇਤ ਵੱਖ-ਵੱਖ ਵਿਸ਼ਿਆਂ ’ਤੇ ਸੈਸ਼ਨ ਕਰਵਾਏ ਗਏ। ਘਰੇਲੂ ਹਿੰਸਾ ਸਬੰਧੀ ਡਾਕੂਮੈਂਟਰੀ ਵੀ ਦਿਖਾਈ ਗਈ।