- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ

ਬੀਐੱਮਸੀ ਤੇ ਬੱਸ ਸਟੈਂਡ ਫਲਾਈਓਵਰ ਦੀਆਂ ਸੜਕਾਂ ਪੁੱਟ ਕੇ ਨਵੇਂ ਸਿਰਿਓਂ ਬਣਾਈਆਂ ਜਾਣਗੀਆਂ, -ਮੀਂਹ ਕਾਰਨ ਸੜਕਾਂ ਦੇ ਨਿਰਮਾਣ 'ਚ ਪੈ ਰਹੀ ਰੁਕਾਵਟ, ਮਹਾਵੀਰ ਮਾਰਗ ਸੜਕ ਪ੍ਰਾਜੈਕਟ ਹਾਈ ਕੋਰਟ 'ਚ ਫਸਿਆ
ਜਾਗਰਣ ਸੰਵਾਦਦਾਤਾ, ਜਲੰਧਰ : ਨਗਰ ਨਿਗਮ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਨੂੰ ਅਗਲੇ 15 ਦਿਨਾਂ ’ਚ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਇਨ੍ਹਾਂ ’ਚ ਸਭ ਤੋਂ ਪ੍ਰਮੁੱਖ ਬੀਐੱਮਸੀ ਫਲਾਈਓਵਰ ਤੇ ਬੱਸ ਸਟੈਂਡ ਫਲਾਈਓਵਰ ਦੀਆਂ ਸੜਕਾਂ ਹਨ। ਇਸ ਤੋਂ ਇਲਾਵਾ ਨਾਮਦੇਵ ਚੌਕ ਤੋਂ ਨਗਰ ਨਿਗਮ ਮੁੱਖ ਦਫ਼ਤਰ, ਬਸਤੀ ਮਿੱਠੂ ਤੇ ਲੱਧੇਵਾਲੀ ਫਿਰਨੀ ਦੀਆਂ ਸੜਕਾਂ ਵੀ ਅਹਿਮ ਹਨ। ਕਈ ਅੰਦਰੂਨੀ ਸੜਕਾਂ ਦਾ ਨਿਰਮਾਣ ਵੀ ਪ੍ਰਸਤਾਵਿਤ ਹੈ। ਇਸ ਤੋਂ ਪਹਿਲਾਂ ਨਗਰ ਨਿਗਮ ਮਕਸੂਦਾਂ ਤੇ ਡੀਏਵੀ ਕਾਲਜ ਫਲਾਈਓਵਰ ਦੀਆਂ ਸੜਕਾਂ ਨੂੰ ਪੁੱਟ ਕੇ ਨਵੇਂ ਸਿਰਿਓਂ ਬਣਾ ਚੁੱਕਾ ਹੈ। ਜਲੰਧਰ ਦੇ ਬਰਲਟਨ ਪਾਰਕ ਸਥਿਤ ਸੁਰਜੀਤ ਹਾਕੀ ਸਟੇਡੀਅਮ ’ਚ 27 ਅਕਤੂਬਰ ਤੋਂ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਸ਼ੁਰੂ ਹੋਣੀ ਹੈ ਤੇ ਇਸ ਦਾ ਉਦਘਾਟਨੀ ਸਮਾਰੋਹ ਜਲੰਧਰ ’ਚ ਹੀ ਹੋਵੇਗਾ। ਇਸ ਤੋਂ ਪਹਿਲਾਂ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਨੂੰ ਦਰੁਸਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਸ ਟਰਾਫੀ ’ਚ ਜਾਪਾਨ, ਦੱਖਣੀ ਕੋਰੀਆ, ਮਲੇਸ਼ੀਆ, ਚੀਨ ਤੇ ਬੰਗਲਾਦੇਸ਼ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਦੇ ਕਈ ਮੁਕਾਬਲੇ ਜਲੰਧਰ ’ਚ ਖੇਡੇ ਜਾਣਗੇ। ਅਜਿਹੇ ’ਚ ਸ਼ਹਿਰ ਦਾ ਅਕਸ ਬਿਹਤਰ ਬਣਾਈ ਰੱਖਣ ਲਈ ਪ੍ਰਸ਼ਾਸਨ ਸਾਰੀਆਂ ਪ੍ਰਮੁੱਖ ਸੜਕਾਂ ਦਾ ਨਿਰਮਾਣ ਜਲਦੀ ਤੋਂ ਜਲਦੀ ਕਰਵਾਉਣ ਵਿੱਚ ਜੁਟਿਆ ਹੋਇਆ ਹੈ। ਇਸ ਸਬੰਧੀ ਸੁਪਰਡੈਂਟ ਇੰਜੀਨੀਅਰ ਰਾਹੁਲ ਧਵਨ ਨੇ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਨੂੰ ਅਗਲੇ 10 ਦਿਨਾਂ ’ਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਹਾਕੀ ਟੂਰਨਾਮੈਂਟ ਦੌਰਾਨ ਖਿਡਾਰੀਆਂ ਤੇ ਦਰਸ਼ਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਹਾਲਾਂਕਿ ਮੀਂਹ ਕਾਰਨ ਕੰਮ ’ਚ ਰੁਕਾਵਟ ਪੈ ਰਹੀ ਹੈ। ਲੁੱਕ ਤੇ ਬੱਜਰੀ ਵਾਲੀਆਂ ਸੜਕਾਂ ਦਾ ਨਿਰਮਾਣ ਮੀਂਹ ਦੌਰਾਨ ਨਹੀਂ ਕੀਤਾ ਜਾ ਸਕਦਾ, ਫਿਰ ਵੀ ਆਉਣ ਵਾਲੇ ਦਿਨਾਂ ’ਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਨਗਰ ਨਿਗਮ ਬਕਾਇਆ ਕੰਮ ਸ਼ੁਰੂ ਕਰਵਾ ਸਕੇਗਾ।
ਦਸੰਬਰ ਦੇ ਪਹਿਲੇ ਹਫ਼ਤੇ ’ਚ ਸੜਕਾਂ ਦਾ ਨਿਰਮਾਣ ਆਮ ਤੌਰ 'ਤੇ ਬੰਦ ਹੋ ਜਾਂਦਾ ਹੈ ਕਿਉਂਕਿ ਤਾਪਮਾਨ ਘਟਣ ਕਾਰਨ ਲੁੱਕ ਤੇ ਬੱਜਰੀ ਵਾਲੀਆਂ ਸੜਕਾਂ ਨਹੀਂ ਬਣਾਈਆਂ ਜਾ ਸਕਦੀਆਂ। ਇਸ ਲਈ ਬਾਕੀ ਰਹਿੰਦੇ ਕੰਮ ਵੀ ਨਵੰਬਰ ’ਚ ਨਿਪਟਾਉਣੇ ਪੈਣਗੇ। ਫਰਵਰੀ 2027 ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਇਸ ਤੋਂ ਪਹਿਲਾਂ ਨਗਰ ਨਿਗਮ ਲੁੱਕ-ਬੱਜਰੀ ਵਾਲੀਆਂ ਸਾਰੀਆਂ ਸੜਕਾਂ ਦਾ ਕੰਮ ਮੁਕੰਮਲ ਕਰਨਾ ਚਾਹੇਗਾ। ਨਗਰ ਨਿਗਮ ਨੇ ਕੰਕਰੀਟ ਤੇ ਇੰਟਰਲਾਕਿੰਗ ਟਾਈਲਾਂ ਵਾਲੀਆਂ ਵੀ ਕਈ ਸੜਕਾਂ ਬਣਾਉਣੀਆਂ ਹਨ ਪਰ ਇਨ੍ਹਾਂ ਦੇ ਨਿਰਮਾਣ ’ਚ ਜ਼ਿਆਦਾ ਰੁਕਾਵਟ ਨਹੀਂ ਆਵੇਗੀ ਕਿਉਂਕਿ ਇਹ ਕੰਮ ਸਰਦੀਆਂ ’ਚ ਵੀ ਕੀਤੇ ਜਾ ਸਕਦੇ ਹਨ।
ਕਪੂਰਥਲਾ ਚੌਕ ਤੋਂ ਡਾ. ਅੰਬੇਡਕਰ ਚੌਕ ਤੱਕ ਸੜਕ ਦਾ ਕੰਮ ਫਸਿਆ
ਸ਼ਹਿਰ ਦੀ ਜੀਵਨ ਰੇਖਾ ਮੰਨੀ ਜਾਂਦੀ ਕਪੂਰਥਲਾ ਚੌਕ ਤੋਂ ਡਾ. ਬੀਆਰ ਅੰਬੇਡਕਰ ਚੌਕ ਤੱਕ ਦੀ ਸੜਕ ਦਾ ਨਿਰਮਾਣ ਸਭ ਤੋਂ ਮਹੱਤਵਪੂਰਨ ਹੈ। ਇਸ ਸੜਕ ਦੇ ਇਕ ਪਾਸੇ ਦਾ ਨਿਰਮਾਣ ਮੁਕੰਮਲ ਹੋ ਚੁੱਕਾ ਹੈ। ਡਾ. ਅੰਬੇਡਕਰ ਚੌਕ ਤੋਂ ਕਪੂਰਥਲਾ ਚੌਕ ਤੱਕ ਦੀ ਸੜਕ ਬਣ ਚੁੱਕੀ ਹੈ ਪਰ ਦੂਜੇ ਪਾਸੇ ਦਾ ਕੰਮ ਅਟਕ ਗਿਆ ਹੈ। ਇਸ ਸੜਕ ਦਾ ਠੇਕਾ ਜੁਬਲੀ ਐਂਟਰਪ੍ਰਾਈਜ਼ਿਜ਼ ਕੋਲ ਸੀ, ਜਿਸ ਨੂੰ ਨਗਰ ਨਿਗਮ ਨੇ ਬਲੈਕਲਿਸਟ ਕਰ ਦਿੱਤਾ ਸੀ। ਠੇਕੇਦਾਰ ਨੇ ਸਮੇਂ ਸਿਰ ਕੰਮ ਸ਼ੁਰੂ ਨਹੀਂ ਕੀਤਾ ਸੀ। ਇਸ ਕਾਰਨ ਨਗਰ ਨਿਗਮ ਨੇ ਨੋਟਿਸ ਵੀ ਜਾਰੀ ਕੀਤਾ ਪਰ ਠੇਕੇਦਾਰ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ। ਠੇਕੇਦਾਰ ਵੱਲੋਂ ਦਾਇਰ ਪਟੀਸ਼ਨ ਕਾਰਨ ਹੁਣ ਇਹ ਮਾਮਲਾ ਹਾਈ ਕੋਰਟ ’ਚ ਵਿਚਾਰ ਅਧੀਨ ਹੈ ਤੇ ਨਗਰ ਨਿਗਮ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੁਪਰਡੈਂਟ ਇੰਜੀਨੀਅਰ ਰਾਹੁਲ ਧਵਨ ਦਾ ਕਹਿਣਾ ਹੈ ਕਿ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਮਾਮਲੇ ਦਾ ਨਿਪਟਾਰਾ ਕਰਵਾ ਕੇ ਸੜਕ ਦਾ ਕੰਮ ਸ਼ੁਰੂ ਕਰਵਾਇਆ ਜਾ ਸਕੇ। ਇਸ ਲਈ ਸਾਰੀਆਂ ਸਬੰਧਤ ਧਿਰਾਂ ਨਾਲ ਜਲਦੀ ਹੀ ਮੀਟਿੰਗ ਕੀਤੀ ਜਾਵੇਗੀ।
ਇਨ੍ਹਾਂ ਪ੍ਰਮੁੱਖ ਸੜਕਾਂ ਦਾ ਹੋਵੇਗਾ ਨਿਰਮਾਣ
- ਬੀਐੱਮਸੀ ਫਲਾਈਓਵਰ
- ਬੱਸ ਸਟੈਂਡ ਫਲਾਈਓਵਰ
- ਨਾਮਦੇਵ ਚੌਕ ਤੋਂ ਨਗਰ ਨਿਗਮ ਮੁੱਖ ਦਫ਼ਤਰ ਤੱਕ
- ਬਸਤੀ ਮਿੱਠੂ
- ਲੱਧੇਵਾਲੀ ਫਿਰਨੀ ਦੀ ਸੜਕ
- ਇੰਡਸਟਰੀਅਲ ਏਰੀਆ
- ਸ਼ਿਵ ਨਗਰ-ਨਾਗਰਾ ਰੋਡ
- ਟਰਾਂਸਪੋਰਟ ਨਗਰ
---------------------
ਸੜਕ ਨੂੰ ਕੰਧ ਤੋਂ ਕੰਧ ਤੱਕ ਨਾ ਬਣਾਉਣ ਕਾਰਨ ਨਕੋਦਰ ਰੋਡ 'ਤੇ ਲੋਕ ਪਰੇਸ਼ਾਨ
ਗੁਰੂ ਰਵਿਦਾਸ ਚੌਕ ਤੋਂ ਡਾ. ਅੰਬੇਡਕਰ ਚੌਕ ਤੱਕ ਦੀ ਸੜਕ 'ਤੇ ਪੈਟਰੋਲ ਪੰਪ ਨੇੜੇ ਸੜਕ ਦੇ ਕਿਨਾਰਿਆਂ 'ਤੇ ਪਾਣੀ ਭਰਨ ਕਾਰਨ ਲੋਕ ਪਰੇਸ਼ਾਨ ਹਨ। ਸੜਕ ਦੇ ਕਿਨਾਰਿਆਂ 'ਤੇ ਟੋਏ ਪਏ ਹੋਏ ਹਨ ਤੇ ਪਾਣੀ ਇਕੱਠਾ ਹੋ ਰਿਹਾ ਹੈ। ਇਸ ਕਾਰਨ ਦੁਕਾਨਦਾਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਵਾਰ ਮੀਂਹ ਦਾ ਪਾਣੀ ਭਰ ਜਾਣ ਤੋਂ ਬਾਅਦ ਕਈ-ਕਈ ਦਿਨ ਤੱਕ ਸੜਕ 'ਤੇ ਹੀ ਖੜ੍ਹਾ ਰਹਿੰਦਾ ਹੈ। ਇਸ ਸਮੱਸਿਆ ਨੂੰ ਦੇਖਦਿਆਂ ਦੁਕਾਨਦਾਰਾਂ ਨੇ ਖ਼ੁਦ ਉੱਥੇ ਮਲਬਾ ਪਵਾਇਆ, ਤਾਂ ਜੋ ਲੋਕਾਂ ਨੂੰ ਆਉਣ-ਜਾਣ ’ਚ ਆਸਾਨੀ ਹੋ ਸਕੇ। ਜੇਕਰ ਨਗਰ ਨਿਗਮ ਨੇ ਇਸ ਮੁੱਖ ਸੜਕ ਨੂੰ ਕੰਧ ਤੋਂ ਕੰਧ ਤੱਕ ਬਣਵਾਇਆ ਹੁੰਦਾ ਤਾਂ ਲੋਕਾਂ ਨੂੰ ਇਸ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪੈਂਦਾ। ਸੜਕ ਦੇ ਕਿਨਾਰੇ ਕੱਚੇ ਹਨ ਤੇ ਆਲੇ-ਦੁਆਲੇ ਸੰਘਣੀ ਆਬਾਦੀ ਹੈ। ਇਸ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ।