ਜਲੰਧਰ ਕੈਂਟ ’ਚ ‘ਆਪ’ ਦਾ ਵੱਡਾ ਫੇਰਬਦਲ : ਦੀਪਕ ਬਾਲੀ ਨੂੰ ਸੌਂਪੀ ਹਲਕੇ ਦੀ ਕਮਾਨ ਜਲੰਧਰ ਕੈਂਟ ਵਿੱਚ 'ਆਪ' ਦਾ ਵੱਡਾ ਫੇਰਬਦਲ: ਦੀਪਕ ਬਾਲੀ ਨੂੰ ਸੌਂਪੀ ਹਲਕੇ ਦੀ ਕਮਾਨ
Publish Date: Thu, 15 Oct 2026 10:01 PM (IST)
Updated Date: Thu, 15 Oct 2026 10:03 PM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ : ਆਮ ਆਦਮੀ ਪਾਰਟੀ ਨੇ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਆਪਣੀ ਰਣਨੀਤੀ ਨੂੰ ਤੇਜ਼ ਕਰਦਿਆਂ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਵਿੱਚ ਇੱਕ ਵੱਡਾ ਅਤੇ ਅਹਿਮ ਸੰਗਠਨਾਤਮਕ ਫੇਰਬਦਲ ਕੀਤਾ ਹੈ। ਪਾਰਟੀ ਹਾਈ ਕਮਾਂਡ ਨੇ ਵੱਡਾ ਕਦਮ ਚੁੱਕਦਿਆਂ ਰਾਜਵਿੰਦਰ ਕੌਰ ਥਿਆੜਾ ਦੀ ਜਗ੍ਹਾ ਸੀਨੀਅਰ ਆਗੂ ਦੀਪਕ ਬਾਲੀ ਨੂੰ ਜਲੰਧਰ ਕੈਂਟ ਹਲਕੇ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਹੈ। ਜ਼ਿਕਰਯੋਗ ਹੈ ਕਿ ਦੀਪਕ ਬਾਲੀ ਪੰਜਾਬ ਹੈਰੀਟੇਜ ਐਂਡ ਟੂਰਿਜਮ ਪ੍ਰਮੋਸ਼ਨ ਬੋਰਡ ਤੇ ਸਲਾਹਕਾਰ ਹੋਣ ਦੇ ਨਾਲ ਨਾਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਵੀ ਹਨ। ਇਸ ਸਿਆਸੀ ਉਲਟਫੇਰ ਨਾਲ ਦੋਆਬਾ ਖੇਤਰ ਦੀ ਰਾਜਨੀਤੀ ਵਿੱਚ ਇੱਕ ਵੱਖਰੀ ਹੀ ਚਰਚਾ ਛਿੜ ਗਈ ਹੈ। ਦੱਸ ਦੇਈਏ ਇਹ ਹਲਕਾ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਹੈ ਤੇ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਪਰਗਟ ਸਿੰਘ ਦਾ ਹਲਕਾ ਹੈ। ਆਉਣ ਵਾਲੇ ਸਮੇਂ ਵਿੱਚ ਮੁਕਾਬਲਾ ਕਾਫ਼ੀ ਦਿਲਚਸਪ ਹੋਣ ਜਾ ਰਿਹਾ ਹੈ। ਇਸ ਬਦਲਾਅ ਨੂੰ ਕਾਂਗਰਸ ਦੇ ਸੀਨੀਅਰ ਆਗੂ ਅਤੇ ਸੂਬਾ ਪ੍ਰਧਾਨ ਪਰਗਟ ਸਿੰਘ ਦੇ ਖਿਲਾਫ ਇੱਕ ਮਜ਼ਬੂਤ ਅਤੇ ਰਣਨੀਤਕ ਦਾਅ ਵਜੋਂ ਦੇਖਿਆ ਜਾ ਰਿਹਾ ਹੈ। ਵਿਚਾਰਨ ਵਾਲੀ ਗੱਲ ਹੈ ਕਿ ਜਲੰਧਰ ਕੈੰਟ ਹਲਕੇ ਤੋਂ ਖੁਦ ਨੂੰ ਟਿਕਟ ਦੇ ਦਾਅਵੇਦਾਰ ਦੱਸਣ ਵਾਲੇ ਦਿਗਜਾਂ ਲਈ ਹੁਣ ਹਲਕੇ ਵਿੱਚ ਆਪਣਾ ਭਵਿੱਖ ਤਲਾਸ਼ਣਾ ਇੱਕ ਵੱਡੀ ਚੁਣੌਤੀ ਹੋਵੇਗਾ। ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਤੋਂ ਚੋਣ ਲੜਨ ਦੀ ਚਾਹਵਾਨ ਰਾਜਵਿੰਦਰ ਕੌਰ ਥਿਆੜਾ ਨੂੰ ਪਾਰਟੀ ਨੇ ਪਹਿਲਾਂ ਇੰਪਰੂਵਮੈਂਟ ਟਰੱਸਟ ਜਲੰਧਰ ਦੇ ਚੇਅਰਪਰਸਨ ਦੇ ਅਹੁਦੇ ਤੋਂ ਹਟਾਇਆ ਤੇ ਹੁਣ ਹਲਕਾ ਇੰਚਾਰਜ ਦੀ ਜਿੰਮੇਵਾਰੀ ਵੀ ਵਾਪਸ ਲੈ ਲਈ ਗਈ ਹੈ। ਦੂਜੇ ਪਾਸੇ ਕਾਂਗਰਸ ਛੱਡ ਕੇ ਆਪ ਚ ਆਏ ਮੁੱਖ ਮੰਤਰੀ ਓਐੱਸਡੀ ਰਾਜਵੀਰ ਘੁੰਮਣ ਦੇ ਖਾਸ ਕਾਕੂ ਆਲੂਵਾਲੀਆ ਅਤੇ ਮੰਗਲ ਸਿੰਘ ਬਾਸੀ ਵੀ ਟਿਕਟ ਲੈਣ ਦੀ ਦੌੜ ਵਿੱਚ ਸਨ ਪਰ ਹੁਣ ਸਮੀਕਰਨ ਬਦਲ ਗਏ ਹਨ। ਜ਼ਮੀਨੀ ਪਕੜ ਨੂੰ ਮਜ਼ਬੂਤ ਕਰਨ ਦੀ ਤਿਆਰੀ ਪਾਰਟੀ ਹਲਕਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ, ਆਮ ਆਦਮੀ ਪਾਰਟੀ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਜ਼ਮੀਨੀ ਪੱਧਰ ’ਤੇ ਤਾਲਮੇਲ ਬਿਹਤਰ ਬਣਾਉਣ ਲਈ ਲਗਾਤਾਰ ਅਹਿਮ ਫੈਸਲੇ ਲੈ ਰਹੀ ਹੈ। ਇਸੇ ਰਣਨੀਤੀ ਤਹਿਤ ਪਹਿਲਾਂ ਜਲੰਧਰ ਸੈੰਟਰਲ ਵਿਚ ਬਦਲਾਅ ਕਰਦਿਆਂ ਨਿਤਿਨ ਕੋਹਲੀ ਨੂੰ, ਜਲੰਧਰ ਨਾਰਥ ਵਿੱਚ ਵੀ ਬਦਲਾਅ ਕਰਦਿਆਂ ਮੇਅਰ ਵਿਨੀਤ ਧੀਰ ਨੂੰ ਜ਼ਿੰਮੇਵਾਰੀ ਸੌਪੀ ਗਈ ਸੀ ਅਤੇ ਹੁਣ ਕੈਂਟ ਹਲਕੇ ਵਿੱਚ ਦੀਪਕ ਬਾਲੀ ਨੂੰ ਅੱਗੇ ਲਿਆਂਦਾ ਗਿਆ ਹੈ। ਦੀਪਕ ਬਾਲੀ ਪਾਰਟੀ ਦੇ ਪੁਰਾਣੇ ਅਤੇ ਮੋਹਰੀ ਆਗੂਆਂ ਵਿੱਚੋਂ ਗਿਣੇ ਜਾਂਦੇ ਹਨ। ਇਸ ਤੋਂ ਇਲਾਵਾ ਉਹ ਪੰਜਾਬ ਵਿੱਚ ਸਰਕਾਰ ਵੱਲੋਂ ਕਰਵਾਏ ਜਾ ਰਹੇ ਪ੍ਰਮੁੱਖ ਧਾਰਮਿਕ ਤੇ ਸੱਭਿਆਚਾਰਕ ਸਮਾਗਮਾਂ ਦੀ ਦੇਖ-ਰੇਖ ਵੀ ਬਾਖ਼ੂਬੀ ਨਿਭਾ ਚੁੱਕੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਦੀਪਕ ਬਾਲੀ ਦੀ ਨਵੀਂ ਅਗਵਾਈ ਹੇਠ ਆਪ ਜਲੰਧਰ ਕੈਂਟ ਵਿੱਚ ਕਿਵੇਂ ਪਕੜ ਮਜ਼ਬੂਤ ਕਰਦੀ ਹੈ ਅਤੇ ਵਿਰੋਧੀਆਂ ਨੂੰ ਕਿਸ ਤਰ੍ਹਾਂ ਦੀ ਟੱਕਰ ਦਿੰਦੀ ਹੈ।