ਮੇਜਰ ’ਤੇ ਸਮੂਹਿਕ ਜਬਰ-ਜਨਾਹ ਦਾ ਕੇਸ: ਪਿਤਾ ਨੇ ਦੱਸਿਆ ‘ਫਰਜ਼ੀ’, CM ਤੇ DGP ਨੂੰ ਚਿੱਠੀ ਲਿਖ ਮੰਗਿਆ ਇਨਸਾਫ਼
ਤਿੰਨ ਸਾਲ ਪਹਿਲਾਂ ਵਿਆਹ ਤੋਂ ਇਨਕਾਰ ਕਰਨ ’ਤੇ ਉੱਤਰਾਖੰਡ ਦੀ ਇਕ ਲੜਕੀ ਨੇ ਜਲੰਧਰ ਵਾਸੀ ਮੇਜਰ ਮਨਪ੍ਰੀਤ ਸਿੰਘ ’ਤੇ ਸਮੂਹਿਕ ਜਬਰ-ਜਨਾਹ ਦਾ ਕੇਸ ਦਰਜ ਕਰਵਾ ਦਿੱਤਾ ਸੀ। ਇਹ ਮਾਮਲਾ ਅਜੇ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਵਿਚਾਰ ਅਧੀਨ ਹੈ। ਕੇਸ ਦਰਜ ਹੋਣ ਤੋਂ ਬਾਅਦ ਵੀ ਲੜਕੀ ਵੱਲੋਂ ਮੇਜਰ ਤੇ ਉਨ੍ਹਾਂ ਦੇ ਪਰਿਵਾਰ ਨੂੰ ਤੰਗ ਕਰਨਾ ਨਹੀਂ ਛੱਡਿਆ ਗਿਆ।
Publish Date: Wed, 18 Feb 2026 01:40 PM (IST)
Updated Date: Wed, 18 Feb 2026 01:42 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਤਿੰਨ ਸਾਲ ਪਹਿਲਾਂ ਵਿਆਹ ਤੋਂ ਇਨਕਾਰ ਕਰਨ ’ਤੇ ਉੱਤਰਾਖੰਡ ਦੀ ਇਕ ਲੜਕੀ ਨੇ ਜਲੰਧਰ ਵਾਸੀ ਮੇਜਰ ਮਨਪ੍ਰੀਤ ਸਿੰਘ ’ਤੇ ਸਮੂਹਿਕ ਜਬਰ-ਜਨਾਹ ਦਾ ਕੇਸ ਦਰਜ ਕਰਵਾ ਦਿੱਤਾ ਸੀ। ਇਹ ਮਾਮਲਾ ਅਜੇ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਵਿਚਾਰ ਅਧੀਨ ਹੈ। ਕੇਸ ਦਰਜ ਹੋਣ ਤੋਂ ਬਾਅਦ ਵੀ ਲੜਕੀ ਵੱਲੋਂ ਮੇਜਰ ਤੇ ਉਨ੍ਹਾਂ ਦੇ ਪਰਿਵਾਰ ਨੂੰ ਤੰਗ ਕਰਨਾ ਨਹੀਂ ਛੱਡਿਆ ਗਿਆ। ਕਦੇ ਮੇਜਰ ਦੇ ਪਿਤਾ ਤੇ ਕਦੇ ਉਨ੍ਹਾਂ ਦੀ ਭੈਣ ’ਤੇ ਉਸ ਨੂੰ ਸਾੜ ਕੇ ਮਾਰਨ ਦੀ ਕੋਸ਼ਿਸ਼ ਦੇ ਦੋਸ਼ ਲਾਏ ਗਏ। ਇਸ ਸਭ ਦੇ ਬਾਵਜੂਦ ਗੱਲ ਨਾ ਬਣਨ ’ਤੇ ਲੜਕੀ ਨੇ ਪਿਛਲੇ ਮਹੀਨੇ ਜਨਵਰੀ ’ਚ ਮੇਜਰ, ਉਨ੍ਹਾਂ ਦੇ ਜੀਜਾ ਸਮੇਤ ਦੋ ਹੋਰ ਲੋਕਾਂ ’ਤੇ ਨਵੀਂ ਬਾਰਾਦਰੀ ਥਾਣੇ ’ਚ ਗੈਂਗਰੇਪ ਦਾ ਕੇਸ ਦਰਜ ਕਰਵਾ ਦਿੱਤਾ। ਜਿਸ ਦਿਨ ਦਾ ਦੋਸ਼ ਲਾਇਆ ਗਿਆ ਹੈ, ਉਸ ਦਿਨ ਨਾ ਤਾਂ ਮੁਟਿਆਰ ਜਲੰਧਰ ਆਈ ਸੀ ਤੇ ਨਾ ਹੀ ਮੇਜਰ ਦੇ ਜੀਜਾ ਜਲੰਧਰ ’ਚ ਮੌਜੂਦ ਸਨ।
ਮੇਜਰ ਦੇ ਪਿਤਾ, ਜੋ ਖੁਦ ਭਾਰਤੀ ਹਵਾਈ ਸੈਨਾ ਤੋਂ ਸੇਵਾਮੁਕਤ ਹਨ, ਨੇ ਦੱਸਿਆ ਕਿ ਝੂਠੇ ਦੋਸ਼ਾਂ ਕਰ ਕੇ ਪਰਿਵਾਰ ਇਨਸਾਫ਼ ਲਈ ਭਟਕ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਤੇ ਡੀਜੀਪੀ ਨੂੰ ਚਿੱਠੀ ਲਿਖ ਕੇ ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਤਕਨੀਕੀ ਤੇ ਡਿਜ਼ੀਟਲ ਸਬੂਤਾਂ ਦੇ ਆਧਾਰ ’ਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਤੇ ਲੜਕੀ ਖ਼ਿਲਾਫ਼ ਕਾਰਵਾਈ ਦੀ ਵੀ ਮੰਗ ਕੀਤੀ ਹੈ। ਦਿਓਲ ਨਗਰ ਵਾਸੀ ਮੇਜਰ ਮਨਪ੍ਰੀਤ ਸਿੰਘ 22 ਸਾਲ ਦੀ ਉਮਰ ’ਚ 2012 ਤੋਂ ਫੌਜ ’ਚ ਸੇਵਾ ਦੇ ਰਹੇ ਹਨ। ਉਨ੍ਹਾਂ ਦੇ ਪਿਤਾ ਭਾਰਤੀ ਹਵਾਈ ਸੈਨਾ ਤੋਂ ਸੇਵਾਮੁਕਤ ਹਨ ਤੇ ਇਸ ਵੇਲੇ ਮੇਜਰ ਬਠਿੰਡਾ ਕੈਂਟ ’ਚ ਤਾਇਨਾਤ ਹਨ। ਕੁਝ ਸਾਲ ਪਹਿਲਾਂ ਜਦੋਂ ਉਹ ਜੰਮੂ-ਕਸ਼ਮੀਰ ’ਚ ਨੈਸ਼ਨਲ ਰਾਈਫਲਜ਼ ’ਚ ਤਾਇਨਾਤ ਸਨ ਤਾਂ ਪਰਿਵਾਰ ਉਨ੍ਹਾਂ ਦੀ ਵਿਆਹ ਦੀ ਗੱਲ ਕਰ ਰਿਹਾ ਸੀ। ਉਨ੍ਹਾਂ ਇਕ ਵੈਬਸਾਈਟ ’ਤੇ ਪ੍ਰੋਫਾਈਲ ਬਣਾਈ, ਜਿੱਥੇ ਉਨ੍ਹਾਂ ਦੀ ਮੁਲਾਕਾਤ ਹਰਿਦੁਆਰ ਦੀ ਇਕ ਲੜਕੀ ਨਾਲ ਹੋਈ।
ਲਗਪਗ ਦੋ ਮਹੀਨੇ ਗੱਲਬਾਤ ਹੋਈ ਪਰ ਮੇਜਰ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ 21 ਸਤੰਬਰ 2023 ਨੂੰ ਮੁਟਿਆਰ ਨੇ ਮੇਜਰ ’ਤੇ ਜਬਰ ਜਨਾਹ ਦਾ ਕੇਸ ਦਰਜ ਕਰਵਾ ਦਿੱਤਾ, ਜੋ ਅਜੇ ਵੀ ਹਾਈ ਕੋਰਟ ’ਚ ਵਿਚਾਰ ਅਧੀਨ ਹੈ। ਮੇਜਰ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਸਮਝੌਤਾ ਵੀ ਹੋਇਆ ਪਰ ਕੁਝ ਸਮੇਂ ਬਾਅਦ ਲੜਕੀ ਨੇ ਉਨ੍ਹਾਂ ਦੇ ਪਿਤਾ ’ਤੇ ਉਸ ਨੂੰ ਸਾੜ ਕੇ ਮਾਰਨ ਦੀ ਕੋਸ਼ਿਸ਼ ਦਾ ਦੋਸ਼ ਲਾ ਦਿੱਤਾ। ਫਿਰ ਅੰਮ੍ਰਿਤਸਰ ਜਾ ਕੇ ਉਨ੍ਹਾਂ ਦੀ ਭੈਣ ’ਤੇ ਵੀ ਮਾਰਨ ਦੀ ਕੋਸ਼ਿਸ਼ ਦੇ ਦੋਸ਼ ਲਗਾਏ, ਜੋ ਬੇਬੁਨਿਆਦ ਸਾਬਤ ਹੋਏ। ਮੁੱਖ ਮੰਤਰੀ ਤੇ ਡੀਜੀਪੀ ਨੂੰ ਲਿਖੀ ਚਿੱਠੀ ’ਚ ਦੱਸਿਆ ਗਿਆ ਹੈ ਕਿ ਮਨਪ੍ਰੀਤ ਸਿੰਘ 12 ਤੋਂ 17 ਜਨਵਰੀ 2026 ਤੱਕ ਛੁੱਟੀ ’ਤੇ ਜਲੰਧਰ ਆਏ ਹੋਏ ਸਨ ਤੇ ਪਿੱਠ ਦੇ ਦਰਦ ਦਾ ਇਲਾਜ ਕਰਵਾ ਰਹੇ ਸਨ। ਇਸ ਦੌਰਾਨ ਮੁਟਿਆਰ ਨੇ ਗੈਂਗਰੇਪ ਦਾ ਕੇਸ ਦਰਜ ਕਰਵਾ ਦਿੱਤਾ। ਮੁਟਿਆਰ ਨੇ ਦੋਸ਼ ਲਾਇਆ ਕਿ ਉਸ ਨੂੰ ਜਲੰਧਰ ਬੁਲਾਇਆ ਗਿਆ, ਫਿਰ ਇਕ ਚੌਕ ’ਤੇ ਕਾਰ ’ਚ ਮੇਜਰ, ਉਨ੍ਹਾਂ ਦੇ ਜੀਜਾ ਤੇ ਇਕ ਹੋਰ ਵਿਅਕਤੀ ਆਏ, ਉਸ ਨੂੰ ਕੁਝ ਸੁੰਘਾਇਆ ਗਿਆ ਤੇ ਹੋਸ਼ ਆਉਣ ’ਤੇ ਉਹ ਕਪੂਰਥਲਾ ਦੇ ਇਕ ਹੋਟਲ ’ਚ ਸੀ। ਪਰਿਵਾਰ ਦਾ ਕਹਿਣਾ ਹੈ ਕਿ ਜਿਸ ਦਿਨ ਦਾ ਦੋਸ਼ ਲਗਾਇਆ ਗਿਆ, ਉਸ ਦਿਨ ਨਾ ਤਾਂ ਮੇਜਰ ਦੇ ਜੀਜਾ ਜਲੰਧਰ ’ਚ ਸਨ ਤੇ ਨਾ ਹੀ ਮੁਟਿਆਰ ਜਲੰਧਰ ਆਈ ਸੀ। ਪੁਲਿਸ ਜਾਂਚ ’ਚ ਵੀ ਸਾਹਮਣੇ ਆਇਆ ਹੈ ਕਿ ਉਸ ਦਿਨ ਲੜਕੀ ਦੀ ਮੋਬਾਈਲ ਲੋਕੇਸ਼ਨ ਹਰਿਦੁਆਰ ਦੀ ਸੀ। ਪਰਿਵਾਰ ਦਾ ਦੋਸ਼ ਹੈ ਕਿ ਮੁਟਿਆਰ ਝੂਠੇ ਕੇਸਾਂ ਰਾਹੀਂ ਉਨ੍ਹਾਂ ਨੂੰ ਬਲੈਕਮੇਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ 2022 ’ਚ ਲੜਕੀ ਨੇ ਇਕ ਸੀਆਰਪੀਐੱਫ ਦੇ ਜਵਾਨ ’ਤੇ ਵੀ ਇਸੇ ਤਰ੍ਹਾਂ ਦਾ ਕੇਸ ਦਰਜ ਕਰਵਾਇਆ ਸੀ।
ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ
ਐੱਸਐੱਚਓਥਾਣਾ ਨਵੀਂ ਬਾਰਾਦਰੀ ਦੇ ਐੱਸਐੱਚਓ ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਮੇਜਰ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਮਿਲੇ ਸਨ। ਜਿਸ ਲੜਕੀ ਨੇ ਗੈਂਗਰੇਪ ਦੇ ਦੋਸ਼ ਲਾਏ ਹਨ, ਉਸ ਦੀ ਮੋਬਾਈਲ ਲੋਕੇਸ਼ਨ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਦਿਨ ਉਹ ਕਿੱਥੇ ਸੀ ਤੇ ਕਿੱਥੇ ਗਈ, ਇਸ ਦੀ ਜਾਂਚ ਹੋ ਰਹੀ ਹੈ। ਹੋਰ ਲੋਕਾਂ ਦੀ ਮੋਬਾਈਲ ਲੋਕੇਸ਼ਨ ਵੀ ਖੰਗਾਲੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।