ਪੁਲ ’ਤੇ ਖੜ੍ਹੀ ਟਰੈਕਟਰ-ਟਰਾਲੀ ਨਾਲ ਮਹਿੰਦਰਾ ਪਿਕਅਪ ਟਕਰਾਈ, ਡਰਾਈਵਰ ਜ਼ਖ਼ਮੀ ਪੁਲ ’ਤੇ ਖੜ੍ਹੀ ਟਰੈਕਟਰ-ਟਰਾਲੀ ਨਾਲ ਮਹਿੰਦਰਾ ਪਿਕਅਪ ਦੀ ਟੱਕਰ, ਡਰਾਈਵਰ ਗੰਭੀਰ ਜ਼ਖਮੀ
Publish Date: Sun, 16 Aug 2026 09:28 PM (IST)
Updated Date: Sun, 16 Aug 2026 09:29 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਪਿੰਡ ਕਾਹਨਪੁਰ ਅਤੇ ਰਾਓਵਾਲੀ ਵਿਚਕਾਰ ਸਥਿਤ ਪੁਲ ’ਤੇ ਖੜ੍ਹੀ ਟਰੈਕਟਰ-ਟਰਾਲੀ ਨਾਲ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਮਹਿੰਦਰਾ ਪਿਕਅਪ ਦੀ ਟੱਕਰ ਹੋਣ ਕਾਰਨ ਪਿਕਅਪ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਮੌਕੇ ’ਤੇ ਇਕੱਠੇ ਹੋਏ ਲੋਕਾਂ ਵੱਲੋਂ ਇਲਾਜ ਲਈ ਨਜ਼ਦੀਕੀ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ (ਐੱਸਐੱਸਐੱਫ) ਦੇ ਇੰਚਾਰਜ ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 11:30 ਵਜੇ ਕੰਟਰੋਲ ਰੂਮ ਰਾਹੀਂ ਰਾਓਵਾਲੀ ਪੁਲ ’ਤੇ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਐੱਸਐੱਸਐੱਫ ਦੀ ਟੀਮ ਮੌਕੇ ’ਤੇ ਪਹੁੰਚੀ। ਜਾਂਚ ਦੌਰਾਨ ਪਤਾ ਲੱਗਾ ਕਿ ਬਸ਼ੀਰ ਮੁਹੰਮਦ ਪੁੱਤਰ ਕਰਮਦੀਨ ਵਾਸੀ ਮੁਚਰੋਵਾਲ ਆਪਣੇ ਟਰੈਕਟਰ-ਟਰਾਲੀ ਵਿੱਚ ਭੋਗਪੁਰ ਤੋਂ ਸਰਮਸਤਪੁਰ ਵੱਲ ਟਾਈਲਾਂ ਵਾਲੇ ਬਲਾਕ ਲੈ ਕੇ ਜਾ ਰਿਹਾ ਸੀ। ਪੁਲ ’ਤੇ ਟਰੈਕਟਰ ਦਾ ਟਾਇਰ ਪੰਚਰ ਹੋਣ ਕਾਰਨ ਉਸ ਨੇ ਟਰੈਕਟਰ-ਟਰਾਲੀ ਨੂੰ ਸੁਰੱਖਿਅਤ ਢੰਗ ਨਾਲ ਖੜ੍ਹਾ ਕਰ ਕੇ ਸੇਫਟੀ ਕੋਨ ਲਗਾਇਆ ਅਤੇ ਟਾਇਰ ਠੀਕ ਕਰਵਾਉਣ ਲਈ ਚਲਾ ਗਿਆ। ਇਸੇ ਦੌਰਾਨ ਪਿੱਛੋਂ ਆ ਰਹੀ ਮਹਿੰਦਰਾ ਪਿਕਅਪ ਨੰਬਰ ਪੀਬੀ-13-ਏਡਬਲਿਊ-1755 ਨੇ ਖੜ੍ਹੀ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਪਿਕਅਪ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਐੱਸਐੱਸਐੱਫ ਟੀਮ ਦੇ ਮੌਕੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਉੱਥੇ ਮੌਜੂਦ ਲੋਕਾਂ ਨੇ ਜ਼ਖਮੀ ਨੂੰ ਹਸਪਤਾਲ ਪਹੁੰਚਾ ਦਿੱਤਾ। ਜ਼ਖਮੀ ਪਿਕਅਪ ਚਾਲਕ ਦੀ ਪਛਾਣ ਸਬੰਧੀ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਸਕੀ। ਹਾਦਸੇ ਤੋਂ ਬਾਅਦ ਐੱਸਐੱਸਐੱਫ ਟੀਮ ਨੇ ਹਾਈਡ੍ਰਾ ਮਸ਼ੀਨ ਦੀ ਮਦਦ ਨਾਲ ਦੋਵੇਂ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਵਾ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ। ਟੀਮ ਵੱਲੋਂ ਹਾਦਸੇ ਦੀ ਸੂਚਨਾ ਥਾਣਾ ਮਕਸੂਦਾ ਪੁਲਿਸ ਨੂੰ ਦਿੱਤੀ ਗਈ। ਇਸ ਉਪਰੰਤ ਐੱਸਆਈ ਯੋਗਰਾਜ ਸਿੰਘ ਮੌਕੇ ’ਤੇ ਪਹੁੰਚੇ ਅਤੇ ਹਾਦਸੇ ਦੇ ਕਾਰਨਾਂ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ।