- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੰਨ ਗੁਰਾਇਆਂ ਵਾਲ਼ਾ ਐਵਾਰਡ ਨਾਲ ਮਦਨ ਜਲੰਧਰੀ ਹੋਏ ਸਨਮਾਨਿਤ

-ਸ਼ਾਇਰਾਂ ਦੀ ਦੁਨੀਆ-3 ਹੋਈ ਲੋਕ ਅਰਪਣ
ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆਂ : ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਪੰਜਾਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸਹਿਯੋਗ ਨਾਲ਼ ਗੁਰਾਇਆਂ ਵਿਖੇ ਸਾਹਿਤਕ ਇਕੱਠ ਕੀਤਾ ਗਿਆ ਜਿਸਦੇ ਪ੍ਰਧਾਨਗੀ ਮੰਡਲ ’ਚ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ, ਜਨ ਸਕੱਤਰ ਪ੍ਰੋ. ਸੰਧੂ ਵਰਿਆਣਵੀ, ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਪ੍ਰੋ. ਸੁਰਜੀਤ ਜੱਜ, ਪ੍ਰਿੰਸੀਪਲ ਨਵਤੇਜ ਸਿੰਘ ਗੜ੍ਹਦੀਵਾਲਾ, ਮੰਚ ਦੇ ਪ੍ਰਧਾਨ ਸ਼ਾਮ ਸਰਗੂੰਦੀ, ਚੰਨ ਗੁਰਾਇਆਂ ਵਾਲ਼ਾ ਦੇ ਭਾਣਜਾ ਨਿਰਮਲ ਕੁਮਾਰ, ਆਦਿ ਵਿਰਾਜਮਾਨ ਰਹੇ। ਵਿਸ਼ੇਸ਼ ਤੌਰ ’ਤੇ ਅਸ਼ੀਰਵਾਦ ਤੇ ਸ਼ੁੱਭ ਕਾਮਨਾਵਾਂ ਦੇਣ ਲਈ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਤੇ ਵਿਸ਼ਵ ਪ੍ਰਸਿੱਧ ਗਾਇਕ ਬੂਟਾ ਮੁਹੰਮਦ ਪਹੁੰਚੇ। ਮੰਚ ਸੰਚਾਲਨ ਕਰ ਰਹੇ ਜਨ ਸਕੱਤਰ ਉੱਘੇ ਲੋਕ ਸ਼ਾਇਰ ਜਗਦੀਸ਼ ਰਾਣਾ ਨੇ ਮੰਚ ਦੀਆਂ ਗਤੀਵਿਧੀਆਂ ਬਾਰੇ ਦੱਸਦਿਆਂ ਕਿਹਾ ਕਿ ਅਮਰੀਕਾ ਰਹਿੰਦੇ ਪ੍ਰਸਿੱਧ ਗੀਤਕਾਰ ਮੱਖਣ ਲੁਹਾਰ ਵੱਲੋਂ ਇਹ ਮੰਚ ਤਿਆਰ ਕੀਤਾ ਗਿਆ।
ਚੰਨ ਗੁਰਾਇਆ ਵਾਲ਼ਾ ਬਾਰੇ ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਚੰਨ ਵਰਗਾ ਗੀਤਕਾਰ ਹਰ ਕੋਈ ਨਹੀਂ ਹੋ ਸਕਦਾ। ਅੱਜ ਗੁਰਾਇਆ ਦੀ ਪਹਿਚਾਣ ਚੰਨ ਦੇ ਨਾਮ ਕਰਕੇ ਵੀ ਬਣ ਗਈ ਹੈ। ਇਸ ਮੌਕੇ ਮੰਚ ਵੱਲੋਂ ਸਨਮਾਨ ਪੱਤਰ, ਨਕਦ ਰਾਸ਼ੀ, ਲੋਈ ਤੇ ਕਿਤਾਬਾਂ ਦੇ ਕੇ ਨਾਮਵਰ ਗੀਤਕਾਰ ਮਦਨ ਜਲੰਧਰੀ ਨੂੰ ਪਹਿਲਾ ਚੰਨ ਗੁਰਾਇਆਂ ਵਾਲ਼ਾ ਯਾਦਗਾਰੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਮਦਨ ਜਲੰਧਰੀ ਨੇ ਮੌਕੇ ’ਤੇ ਜਿੱਥੇ ਮੰਚ ਦਾ ਧੰਨਵਾਦ ਕੀਤਾ ਓਥੇ ਹੀ ਚੰਨ ਗੁਰਾਇਆ ਵਾਲਾ ਨਾਲ ਸਾਂਝਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਚੰਨ ਗੁਰਾਇਆਂ ਵਾਲ਼ਾ ਦੇ ਨਾਮ ’ਤੇ ਸਨਮਾਨਿਤ ਹੋਣਾ ਆਪਣੇ ਆਪ ’ਚ ਹੀ ਮਾਣ ਵਾਲੀ ਗੱਲ ਹੈ। ਧੂਰੀ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਕਿਹਾ ਕਿ ਇਲਾਕੇ ਦੇ ਵੱਡੇ ਕਵੀ ਗੀਤਕਾਰ ਚੰਨ ਗੁਰਾਇਆ ਵਾਲਾ ਦੇ ਨਾਮ ਤੇ ਮਦਨ ਜਲੰਧਰੀ ਨੂੰ ਸਨਮਾਨਿਤ ਕਰਕੇ ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਨੇ ਵੱਡਾ ਤੇ ਵਧੀਆ ਉਪਰਾਲਾ ਕੀਤਾ ਹੈ।
ਇਸ ਮੌਕੇ ਮੰਚ ਵਲੋਂ ਉੱਘੇ ਲੋਕ ਸ਼ਾਇਰ ਜਗਦੀਸ਼ ਰਾਣਾ ਦੁਆਰਾ ਗੌਲ਼ੇ ਅਣਗੌਲ਼ੇ ਸ਼ਾਇਰਾਂ ਬਾਰੇ ਲਿਖੇ ਸ਼ਬਦ ਚਿੱਤਰਾਂ ਦੀ ਪੁਸਤਕ ਸ਼ਾਇਰਾਂ ਦੀ ਦੁਨੀਆਂ ਭਾਗ 3 ਲੋਕ ਅਰਪਣ ਕੀਤੀ ਗਈ ਜਿਸ ਬਾਰੇ ਬੋਲਦਿਆਂ ਪ੍ਰੋ. ਸੰਧੂ ਵਰਿਆਣਵੀ ਤੇ ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ ਸ਼ਬਦ ਚਿੱਤਰ ਲਿਖਣਾ ਕੋਈ ਸੌਖਾ ਕਾਰਜ ਨਹੀਂ ਹੈ। ਮੌਕੇ ’ਤੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸੰਤ ਕੁਲਵੰਤ ਰਾਮ ਭਰੋਮਜਾਰਾ ਤੇ ਗਾਇਕ ਬੂਟਾ ਮੁਹੰਮਦ ਨੇ ਕਿਹਾ ਕਿ ਮਦਨ ਜਲੰਧਰੀ ਨੂੰ ਚੰਨ ਗੁਰਾਇਆਂ ਵਾਲ਼ਾ ਦੇ ਨਾਮ ’ਤੇ ਐਵਾਰਡ ਦੇ ਕੇ ਮੰਚ ਨੇ ਵਧੀਆ ਕਾਰਜ ਕੀਤਾ ਹੈ। ਉਨ੍ਹਾਂ ਜਗਦੀਸ਼ ਰਾਣਾ ਦੀ ਪੁਸਤਕ ਸ਼ਾਇਰਾਂ ਦੀ ਦੁਨੀਆ ਭਾਗ 3 ਲਈ ਵਧਾਈ ਦਿੰਦਿਆਂ ਆਖਿਆ ਕਿ ਜਗਦੀਸ਼ ਰਾਣਾ ਮਿਹਨਤੀ, ਸਿਰੜੀ ਤੇ ਹਿੰਮਤੀ ਸੁਭਾਅ ਕਰਕੇ ਔਖੇ ਤੋਂ ਔਖਾ ਕਾਰਜ ਵੀ ਆਸਾਨੀ ਨਾਲ਼ ਕਰ ਲੈਂਦਾ ਹੈ। ਪ੍ਰਵਾਸੀ ਸਾਹਿਤਕਾਰ ਕਮਲ ਧਰਮਸੋਤ ਦੀ ਪੁਸਤਕ ਵੱਖਰੇ ਰਾਹਾਂ ਦੇ ਪਾਂਧੀ ਵੀ ਮੌਕੇ ’ਤੇ ਲੋਕ ਅਰਪਣ ਕੀਤੀ ਗਈ।
ਇਸ ਮੌਕੇ ਹੋਏ ਸ਼ਾਨਦਾਰ ਕਵੀ ਦਰਬਾਰ ’ਚ ਸਤਪਾਲ ਸਾਹਲੋਂ, ਕੇ ਸਾਧੂ ਸਿੰਘ, ਸੁਖਦੇਵ ਸਿੰਘ ਔਲਖ, ਕੁਲਵੰਤ ਸਿੰਘ ਬੂੰਗਾ, ਵਿੰਦਰ ਮਾਝੀ, ਗੁਰਜੀਤ ਸਿੰਘ ਸਹੋਤਾ, ਹਰਦਿਆਲ ਹੁਸ਼ਿਆਰਪੁਰੀ, ਬਲਵੰਤ ਚਿਰਾਗ਼, ਅਜੀਤ ਪਿਆਸਾ, ਦੇਵ ਰਾਜ ਦਾਦਰ, ਬਿੰਦਰ ਬਕਾਪੁਰੀ, ਦਵਿੰਦਰ ਜੱਸਲ, ਸੁਰਿੰਦਰ ਸਾਗਰ, ਹਰਮੇਸ਼ ਗਹੌਰੀਆ, ਗੁਰਦਿਆਲ ਸਿੰਘ ਮੁਠੱਡਾ, ਧਰਮਿੰਦਰ ਮਸਾਣੀ ਆਦਿ ਕਵੀਆਂ ਗਾਇਕਾਂ ਨੇ ਆਪਣੀਆਂ ਰਚਨਾਵਾਂ ਨਾਲ਼ ਚਾਰ ਚੰਨ ਲਾ ਦਿੱਤੇ। ਇਸ ਮੌਕੇ ਨੱਕਾਸ਼ ਚਿੱਤੇਵਾਣੀ, ਰਵਿੰਦਰ ਚੋਟ, ਬਲਦੇਵ ਰਾਜ ਕੋਮਲ, ਦਿਲਬਹਾਰ ਸ਼ੌਕਤ, ਪੰਮੀ ਰੁੜਕਾ, ਬਲਵਿੰਦਰ ਕੌਰ ਹੀਰ (ਐੱਮਸੀ), ਨਿਰਮਲ ਗੁੜੇ, ਮਿੱਤਰ ਮਨਜੀਤ, ਸੋਹਣ ਸਿੰਘ ਭਿੰਡਰ, ਟੋਨੀ ਦੁਸਾਂਝ, ਜਸਵਿੰਦਰ ਫਗਵਾੜਾ, ਬੱਬੂ ਸੈਣੀ, ਸੋਢੀ ਰਾਣਾ, ਸੂਦ ਵਿਰਕ, ਜਿੰਗਾ ਸਿੰਘ, ਵਿੱਕੀ ਬਹਾਦਰਕੇ, ਦਲਜੀਤ ਮਹਿਮੀ, ਲਾਲੀ ਕਰਤਾਰਪੁਰੀ, ਮੁਲਖ ਰਾਜ ਜੱਖੂ, ਸੰਜੀਵ ਸਿੱਧੂ, ਰਾਜੀਵ ਭਾਰਤੀ, ਸ਼ਿੰਗਾਰਾ ਮਸਾਣੀ, ਜਿੰਮੀ ਗੁਰਾਇਆਂ, ਹੈਪੀ ਗੁਰਾਇਆਂ, ਸ਼ਿੰਦਾ ਗੁਰਾਇਆਂ, ਸੁਰਿੰਦਰ ਕੁਮਾਰ, ਰਵੀ ਕੁਮਾਰ, ਸੋਹਣ ਲਾਲ, ਰਣਦੀਪ ਜੱਸੀ, ਵਰਦਾਨ ਰਾਜ ਆਦਿ ਹਾਜ਼ਰ ਸਨ।