- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਮ ਸੇਵਾ ਸ਼ੁਰੂ ਨਾ ਹੋਣ ਕਰਕੇ ਲੋਕਾਂ ਦੇ ਹਜ਼ਾਰਾਂ ਨਕਸ਼ੇ ਫਸੇ, ਨਿਗਮ ਨੂੰ ਹੋ ਰਿਹਾ ਹੈ ਮਾਲੀ ਨੁਕਸਾਨ

ਮਦਨ ਭਾਰਦਵਾਜ, ਪੰਜਾਬੀ ਜਾਗਰਣ
ਜਲੰਧਰ : ਨਗਰ ਨਿਗਮ ਦਾ ਈ ਨਕਸ਼ਾ ਪੋਰਟਲ ਬੰਦ ਹੋਣ ਤੇ ਐੱਮ ਸੇਵਾ ਪੋਰਟਲ ਸ਼ੁਰੂ ਨਾ ਹੋਣ ਕਾਰਨ ਲੋਕਾਂ ਦੇ ਹਜ਼ਾਰਾਂ ਨਕਸ਼ੇ ਫਸੇ ਹੋਏ ਹਨ, ਜਿਸ ਕਾਰਨ ਲੋਕਾਂ ਨੂੰ ਆਪਣੇ ਘਰ ਬਣਾਉਣ ’ਚ ਜਿੱਥੇ ਰੁਕਾਵਟ ਆ ਰਹੀ ਹੈ, ਉੱਥੇ ਨਗਰ ਨਿਗਮ ਨੂੰ ਵੀ ਲੱਖਾਂ ਦਾ ਮਾਲੀ ਨੁਕਸਾਨ ਹੋਣ ਜਾ ਰਿਹਾ ਹੈ। ਸਥਾਨਕ ਸਰਕਾਰਾਂ ਵਿਭਾਗ ਨੇ ਪਹਿਲਾਂ ਈ ਸੇਵਾ ਨਕਸ਼ਾ ਪੋਰਟਲ ਸ਼ੁਰੂ ਕੀਤਾ ਸੀ ਤਾਂ ਉਸ ਦੀ ਅਜਿਹੀ ਹਾਲਤ ਹੋਈ ਸੀ ਤੇ ਉਹ ਪੋਰਟਲ ਵੀ ਲਗਪਗ 6 ਮਹੀਨੇ ਤੋਂ ਵੱਧ ਸਮੇਂ ਦੇ ਬਾਅਦ ਸ਼ੁਰੂ ਹੋ ਸਕਿਆ ਸੀ। ਇਸ ਦੇ ਬਾਅਦ ਸਰਕਾਰ ਨੇ ਮੁੜ ਸਰਵਰ ਬਦਲ ਕੇ ਐੱਮ ਸੇਵਾ ਪੋਰਟਲ ਸ਼ੁਰੂ ਤਾਂ ਕੀਤਾ ਪਰ ੳਹ ਅਜੇ ਤੱਕ ਐਕਟਿਵ ਨਹੀਂ ਹੋ ਸਕਿਆ, ਜਿਸ ਕਾਰਨ ਲੋਕਾਂ ਦੇ ਹਜ਼ਾਰਾਂ ਨਕਸ਼ੇ ਫਸੇ ਹੋਏ ਹਨ ਤੇ ਲੋਕ ਆਪਣੇ ਘਰ ਬਣਾਉਣ ਤੋਂ ਬੈਠੇ ਹੋਏ ਹਨ। ਇਸ ਦੇ ਨਾਲ ਹੀ ਕਮਰਸ਼ੀਅਲ ਨਕਸ਼ੇ ਵੀ ਫਸੇ ਹੋਏ ਹਨ। ਜੇਐੱਮ ਸੇਵਾ ਪੋਰਟਲ ਸ਼ੁਰੂ ਹੁੰਦਾ ਹੈ ਤਾਂ ਫਿਰ ਨਗਰ ਨਿਗਮ ਨੂੰ ਲੱਖਾਂ ਰੁਪਏ ਦਾ ਰੈਵੀਨਿਊ ਆ ਸਕਦਾ ਹੈ, ਜਿਹੜਾ ਕਿ ਉਸ ਦੀ ਮਾੜੀ ਆਰਥਿਕ ਹਾਲਤ ਨੂੰ ਸੁਧਾਰਨ ਦਾ ਕੰਮ ਕਰ ਸਕਦਾ ਹੈ। ਇੱਕ ਜਾਣਕਾਰੀ ਅਨੁਸਾਰ ਐੱਮ ਸੇਵਾ ਪੋਰਟਲ ਚਾਲੂ ਕਰਨ ਲਈ ਆਈਡੀ ਹੀ ਤਿਆਰ ਨਹੀਂ ਕੀਤੀ ਗਈ ਤੇ ਨਾ ਹੀ ਪਾਈ ਗਈ ਹੈ, ਜਿਸ ਕਾਰਨ ਐੱਮ ਸੇਵਾ ਚਾਲੂ ਹੋਣ ਨਾਲ ਲੋਕਾਂ ਦੇ ਨਕਸ਼ੇ ਆਦਿ ਪਾਸ ਹੋ ਸਕਣ। ਨਗਰ ਨਿਗਮ ਦੇ ਸੂਤਰਾਂ ਦੇ ਅਨੁਸਾਰ ਇਸ ਤੋਂ ਪਹਿਲਾਂ ਵੀ ਜਦੋਂ ਈ ਨਕਸ਼ਾ ਪੋਰਟਲ ਸਰਕਾਰ ਨੇ ਸ਼ੁਰੂ ਕੀਤਾ ਸੀ, ਉਸ ਨੂੰ ਵੀ ਅਮਲੀ ਰੂਪ ’ਚ ਲਿਆਉਣ ਲਈ ਲੰਮਾ ਸਮਾਂ ਮਤਲਬ 6 ਮਹੀਨੇ ਤੋਂ ਵੀ ਵੱਧ ਸਮਾਂ ਲਗਾ ਸੀ ਤੇ ਉਸ ਦੇ ਚਾਲੂ ਹੋਣ ਨਾਲ ਲੋਕਾਂ ਦੇ ਨਕਸ਼ੇ ਪਾਸ ਹੋਣੇ ਸ਼ੁਰੂ ਹੋ ਗਏ ਸਨ ਤੇ ਨਗਰ ਨਿਗਮ ਨੂੰ ਵੀ ਰੈਵੀਨਿਊ ਆਉਣਾ ਸ਼ਰੂ ਹੋ ਗਿਆ ਸੀ। ਹੁਣ ਜਦੋਂਕਿ ਸਰਕਾਰ ਨੇ ਮੁੜ ਈ ਨਕਸ਼ਾ ਪੋਰਟਲ ਬੰਦ ਕਰ ਕੇ ਐੱਮ ਸੇਵਾ ਪੋਰਟਲ ਸ਼ੁਰੂ ਕੀਤਾ ਹੈ, ਉਹ ਨਾ ਚੱਲਣ ਕਾਰਨ ਨਗਰ ਨਿਗਮ ਨੂੰ ਪਿਛਲੇ ਕਾਫੀ ਸਮੇਂ ਤੋਂ ਆਰਥਿਕ ਨੁਕਸਾਨ ਹੋ ਰਿਹਾ ਹੈ।
- ਮੇਅਰ ਨੇ ਕਮਿਸ਼ਨਰ ਨੂੰ ਐੱਮ ਸੇਵਾ ਚਾਲੂ ਕਰਨ ਬਾਰੇ ਕਿਹਾ
ਇਸ ਦੌਰਾਨ ਮੇਅਰ ਵਿਨੀਤ ਧੀਰ ਨੇ ਐੱਮ ਸੇਵਾ ਪੋਰਟਲ ਸ਼ੁਰੂ ਨਾ ਹੋਣ ’ਤੇ ਕਮਿਸ਼ਨਰ ਸੁਰਿੰਦਰ ਸਿੰਘ ਨੂੰ ਮੋਬਾਈਲ ਰਾਹੀਂ ਸੂਚਿਤ ਕੀਤਾ ਤੇ ਕਿਹਾ ਕਿ ਅਜਿਹਾ ਹੋਣ ਕਾਰਨ ਨਗਰ ਨਿਗਮ ਨੂੰ ਰੋਜ਼ਾਨਾ ਲੱਖਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ, ਜਦੋਂਕਿ ਨਗਰ ਨਿਗਮ ਪਹਿਲਾਂ ਹੀ ਆਰਥਿਕਤਾ ਦੀ ਮਾਰ ਹੇਠ ਚੱਲ ਰਹੀ ਹੈ। ਇਸ ’ਤੇ ਕਮਿਸ਼ਨਰ ਨੇ ਕਿਹਾ ਕਿ ਉਹ ਇਸ ਸਬੰਧੀ ਬਿਲਡਿੰਗ ਬ੍ਰਾਂਚ ਨੂੰ ਹਦਾਇਤ ਦੇ ਰਹੇ ਹਨ ਤਾਂ ਜੋ ਐੱਮ ਸੇਵਾ ਚਾਲੂ ਹੋਣ ਨਾਲ ਨਗਰ ਨਿਗਮ ਨੂੰ ਮਾਲੀਆ ਆ ਸਕੇ।
- ਹਜ਼ਾਰ ਨਕਸ਼ੇ ਪੈਂਡਿੰਗ : ਕਤਿਆਲ
ਇਸ ਦੌਰਾਨ ਇੰਜੀਨੀਅਰਸ ਐਂਡ ਬੀਡੀਏ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਕਤਿਆਲ ਨੇ ਕਿਹਾ ਹੈ ਕਿ ਐੱਮ ਸੇਵਾ ਚਾਲੂ ਨਾ ਹੋਣ ਕਾਰਨ ਉਨ੍ਹਾਂ ਦੀ ਜਥੇਬੰਦੀ ਦੇ ਲਗਪਗ 1500 ਨਕਸ਼ੇ ਪੈਂਡਿੰਗ ਪਏ ਹਨ, ਜਿਹੜੇ ਕਿ ਮੇਲ ਰਾਹੀਂ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਨੂੰ ਭੇਜੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਨਕਸ਼ੇ ਬਣਾਉਣ ਵਾਲੇ ਲੋਕ ਵਾਰ-ਵਾਰ ਪੁੱਛਦੇ ਹਨ ਕਿ ਨਕਸ਼ਾ ਕਦੋਂ ਪਾਸ ਹੋਵੇਗਾ, ਜਿਸ ਕਾਰਨ ਸਾਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸਾਡੇ ਕਾਰੋਬਾਰ ਨੂੰ ਝਟਕਾ ਲੱਗ ਰਿਹਾ ਹੈ। ਇਸ ਲਈ ਸਰਕਾਰ ਤੇ ਨਗਰ ਨਿਗਮ ਨੂੰ ਐੱਮ ਸੇਵਾ ਛੇਤੀ ਤੋਂ ਛੇਤੀ ਲਾਗੂ ਕਰਨੀ ਚਾਹੀਦੀ ਹੈ।
- ਪ੍ਰਾਪਰਟੀ ਟੈਕਸ ਐੱਮ ਸੇਵਾ ਰਾਹੀਂ ਹੁੰਦਾ ਹੈ ਜਮ੍ਹਾਂ
ਇਸ ਦੌਰਾਨ ਨਗਰ ਨਿਗਮ ਦੇ ਸਿਸਟਮ ਮੈਨੇਜਰ ਰਾਜੇਸ਼ ਸ਼ਰਮਾ ਅਨੁਸਾਰ ਐੱਮ ਸੇਵਾ ਪੋਰਟਲ ਚਾਲੂ ਹੈ ਤੇ ਪਿਛਲੇ ਸਤੰਬਰ ਮਹੀਨੇ ਤੇ ਹੁਣ ਵੀ ਜਿਹੜਾ ਟੈਕਸ ਆਨਲਾਈਨ ਜਮ੍ਹਾਂ ਹੋਇਆ ਹੈ, ਉਹ ਐੱਮ ਸੇਵਾ ਪੋਰਟਲ ਰਾਹੀਂ ਹੀ ਜਮ੍ਹਾਂ ਹੋਇਆ ਹੈ। ਇਸ ਲਈ ਪ੍ਰਾਪਰਟੀ ਟੈਕਸ ਬ੍ਰਾਂਚ ਐੱਮ ਸੇਵਾ ਨਾਲ ਹੀ ਆਪਣਾ ਕੰਮ ਕਰ ਰਹੀ ਹੈ। ਜਦੋਂਕਿ ਬਿਲਡਿੰਗ ਬ੍ਰਾਂਚ ਦੇ ਐੱਮ ਸੇਵਾ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।