ਨਿਰੰਤਰ ਅਭਿਆਸ ਕਦੇ ਵਿਅਰਥ ਨਹੀਂ ਜਾਂਦਾ : ਪਰਗਟ ਸਿੰਘ
ਲਾਇਲਪੁਰ ਖਾਲਸਾ ਕਾਲਜ ਵੱਲੋਂ ਸਾਲਾਨਾ ਖੇਡ ਦਿਵਸ ਸ਼ਾਨੋ-ਸ਼ੌਕਤ ਨਾਲ ਮਨਾਇਆ
Publish Date: Tue, 24 Feb 2026 06:33 PM (IST)
Updated Date: Tue, 24 Feb 2026 06:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਵੱਲੋਂ ਸਰੀਰਕ ਸਿੱਖਿਆ ਤੇ ਖੇਡ ਵਿਭਾਗ ਦੇ ਤਹਿਤ ਸਾਲਾਨਾ ਖੇਡ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਓਲੰਪੀਅਨ, ਰਾਜਨੇਤਾ ਤੇ ਵਿਧਾਇਕ ਪ੍ਰਗਟ ਸਿੰਘ ਸਨ। ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਅਤੇ ਡੀਨ ਸਪੋਰਟਸ ਡਾ. ਸਿਮਰਨਜੀਤ ਸਿੰਘ ਬੈਂਸ ਨੇ ਉਨ੍ਹਾਂ ਦਾ ਸਵਾਗਤ ਕੀਤਾ, ਜਦਕਿ ਐੱਨਸੀਸੀ ਕੈਡਿਟਾਂ ਵੱਲੋਂ ਰਸਮੀ ਐਸਕੋਰਟ ਦਿੱਤਾ ਗਿਆ। ਆਪਣੇ ਸੰਬੋਧਨ ’ਚ ਪ੍ਰਗਟ ਸਿੰਘ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨਿਰੰਤਰ ਅਭਿਆਸ ਕਦੇ ਵਿਅਰਥ ਨਹੀਂ ਜਾਂਦਾ ਤੇ ਖੇਡਾਂ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਅਤਿ ਜ਼ਰੂਰੀ ਹਨ। ਪ੍ਰਿੰਸੀਪਲ ਡਾ. ਸੰਧੂ ਨੇ ਖੇਡਾਂ ਨੂੰ ਤਣਾਅ ਘਟਾਉਣ ਤੇ ਵਿਅਕਤੀਤਵ ਵਿਕਾਸ ਲਈ ਲਾਭਕਾਰੀ ਦੱਸਿਆ। ਖੇਡ ਮੇਲੇ ਦੀ ਸ਼ੁਰੂਆਤ ਵਾਲੀਬਾਲ ਮੈਚ ਨਾਲ ਹੋਈ। ਮੁੰਡਿਆਂ ਲਈ ਵਾਲੀਬਾਲ, 800 ਮੀਟਰ ਦੌੜ, ਲੰਬੀ ਛਾਲ ਤੇ ਸ਼ਾਟ-ਪੁੱਟ ਮੁਕਾਬਲੇ ਕਰਵਾਏ ਗਏ, ਜਦਕਿ ਕੁੜੀਆਂ ਲਈ ਫਨ ਐਂਡ ਫਿਟਨੈਸ ਦੌੜ, ਰੱਸਾਕਸ਼ੀ, ਸ਼ਾਟ-ਪੁੱਟ ਤੇ ਤਿੰਨ ਲੱਤੀ ਦੌੜ ਕਰਵਾਈ। ਵੱਖ-ਵੱਖ ਟੀਮਾਂ ਤੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਨਾਮ ਹਾਸਲ ਕੀਤੇ। ਅੰਤ ’ਚ ਡੀਨ ਸਪੋਰਟਸ ਡਾ. ਬੈਂਸ ਨੇ ਸਾਰੇ ਸਟਾਫ ਤੇ ਭਾਈਵਾਲਾਂ ਦਾ ਧੰਨਵਾਦ ਕਰਦਿਆਂ ਸਮਾਗਮ ਨੂੰ ਖੇਡ ਭਾਵਨਾ ਤੇ ਤੰਦਰੁਸਤੀ ਨੂੰ ਸਮਰਪਿਤ ਕਰਾਰ ਦਿੱਤਾ।