- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ-ਲੁਧਿਆਣਾ ਹਾਈਵੇ ’ਤੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਦੇ ਹੋਸਟਲ ’ਚ ਵਿਦਿਆਰਥਣ ਨਾਲ ਜਬਰ ਜਨਾਹ ਦੀ ਅਫ਼ਵਾਹ ਤੋਂ ਬਾਅਦ ਸ਼ਨਿਚਰਵਾਰ ਦੇਰ ਰਾਤ ਵਿਦਿਆਰਥੀਆਂ ਨੇ ਉੱਥੇ ਜ਼ਬਰਦਸਤ ਭੰਨਤੋੜ ਤੇ ਸਾੜ-ਫੂਕ ਕੀਤੀ। ਮੁਜ਼ਾਹਰਕਾਰੀਆਂ ਨੇ ਰਾਤ ਤਿੰਨ ਵੱਜੇ ਹੀ ਯੂਨੀਵਰਿਸਟੀ ਦੇ ਬਾਹਰ ਜਲੰਧਰ-ਦਿੱਲੀ ਨੈਸ਼ਨਲ ਹਾਈਵੇ ’ਤੇ ਜਾਮ ਲਗਾ ਦਿੱਤਾ।

ਪੰਜਾਬੀ ਜਾਗਰਣ ਟੀਮ, ਜਲੰਧਰ/ਫਗਵਾੜਾ : ਜਲੰਧਰ-ਲੁਧਿਆਣਾ ਹਾਈਵੇ ’ਤੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਦੇ ਹੋਸਟਲ ’ਚ ਵਿਦਿਆਰਥਣ ਨਾਲ ਜਬਰ ਜਨਾਹ ਦੀ ਅਫ਼ਵਾਹ ਤੋਂ ਬਾਅਦ ਸ਼ਨਿਚਰਵਾਰ ਦੇਰ ਰਾਤ ਵਿਦਿਆਰਥੀਆਂ ਨੇ ਉੱਥੇ ਜ਼ਬਰਦਸਤ ਭੰਨਤੋੜ ਤੇ ਸਾੜ-ਫੂਕ ਕੀਤੀ। ਮੁਜ਼ਾਹਰਕਾਰੀਆਂ ਨੇ ਰਾਤ ਤਿੰਨ ਵੱਜੇ ਹੀ ਯੂਨੀਵਰਿਸਟੀ ਦੇ ਬਾਹਰ ਜਲੰਧਰ-ਦਿੱਲੀ ਨੈਸ਼ਨਲ ਹਾਈਵੇ ’ਤੇ ਜਾਮ ਲਗਾ ਦਿੱਤਾ। 16 ਘੰਟੇ ਤੱਕ ਜਾਮ ਜਾਰੀ ਰਹਿਣ ਮਗਰੋਂ ਸ਼ਨਿਚਰਵਾਰ ਦੇਰ ਸ਼ਾਮ ਕਰੀਬ ਸੱਤ ਵਜੇ ਪੁਲਿਸ ਨੇ ਲਾਠੀਚਾਰਜ ਕਰ ਕੇ ਵਿਦਿਆਰਥੀਆਂ ਨੂੰ ਹਟਾਉਣ ਦਾ ਯਤਨ ਕੀਤਾ ਤਾਂ ਮੁਜ਼ਾਹਰਾਕਾਰੀਆਂ ਨੇ ਪੁਲਿਸ ’ਤੇ ਪਥਰਾਅ ਕਰ ਦਿੱਤਾ। ਮੁਜ਼ਾਹਰਕਾਰੀਆਂ ਨੇ ਜਲੰਧਰ ਰੇਂਜ ਦੇ ਡੀਆਈਜੀ ਨਵੀਨ ਸਿੰਗਲਾ ਤੇ ਕਪੂਰਥਲਾ ਜ਼ਿਲ੍ਹੇ ਦੇ ਐੱਸਐੱਸਪੀ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ। ਇਹੀ ਨਹੀਂ ਪੁਲਿਸ ਦੀਆਂ ਤਿੰਨ ਗੱਡੀਆਂ ਦੇ ਨਾਲ ਹੀ ਹੋਰ ਵਾਹਨਾਂ ਅੱਗ ਲਗਾ ਦਿੱਤੀ। ਵਿਦਿਆਰਥੀਆਂ ਦੇ ਅਚਾਨਕ ਕੀਤੇ ਗਏ ਪਥਰਾਅ ’ਚ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਯੂਨੀਵਰਿਸਟੀ ਕੈਂਪਸ ’ਚ ਦੋਬਾਰਾ ਭੰਨ-ਤੋੜ ਕੀਤੀ ਗਈ। ਖ਼ਬਰ ਲਿਖੇ ਜਾਣ ਤੱਕ ਸਥਿਤੀ ਤਣਾਅ ਪੂਰਨ ਬਣੀ ਹੋਈ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਰਾਤ ਪਟਿਆਲਾ ਦੀ ਚਿਤਕਾਰਾ ਯੂਨੀਵਰਿਸਟੀ ’ਚ ਇਕ ਵਿਦਿਆਰਥਣ ਦੇ ਲਾਪਤਾ ਹੋਣ ਦੀ ਅਫ਼ਵਾਹ ਤੋਂ ਬਾਅਦ ਵਿਦਿਆਰਥੀਆਂ ਨੇ ਭੰਨ-ਤੋੜ ਕੀਤੀ ਸੀ।
ਸ਼ਨਿਚਰਵਾਰ ਦੇਰ ਰਾਤ ਸੋਸ਼ਲ ਮੀਡੀਆ ’ਤੇ ਐੱਲਪੀਯੂ ’ਚ ਵਿਦਿਆਰਥਣ ਨਾਲ ਜਬਰ-ਜ਼ਨਾਹ ਤੇ ਫਿਰ ਉਸ ਵੱਲੋਂ ਖ਼ੁਦਕੁਸ਼ੀ ਦੀ ਗੱਲ ਵਾਇਰਲ ਹੋਣ ਮਗਰੋਂ ਵੱਡੀ ਗਿਣਤੀ ’ਚ ਵਿਦਿਆਰਥੀ ਯੂਨਵਰਸਿਟੀ ਕੈਂਪਸ ’ਚ ਇਕੱਠੇ ਹੋ ਗਏ। ਪਹਿਲਾਂ ਕੈਂਪਸ ਦੇ ਅੰਦਰ ਵਿਦਿਆਰਥੀਆਂ ਨੇ ਕਈ ਥਾਈੰ ਭੰਨ-ਤੋੜ ਕੀਤੀ ਤੇ ਕੁਝ ਥਾਵਾਂ ’ਤੇ ਅੱਗਾਂ ਵੀ ਲਗਾਈਆਂ। ਵਿਦਿਆਰਥੀਆਂ ਨੇ ਕਈ ਥਾਈਂ ਐਂਟਰੀ ਗੇਟ ਪੁੱਟ ਦਿੱਤੇ। ਇਸ ਤੋਂ ਇਲਾਵਾ ਯੂਨੀਵਰਿਸਟੀ ਦੇ ਅੰਦਰ ਹੀ ਬਣੇ ਇਕ ਮਾਲ ’ਚ ਵੀ ਵਿਦਿਆਰਥੀਆਂ ਨੇ ਲੁੱਟ-ਖਸੁਟ ਕੀਤੀ। ਇਹ ਸਭ ਕੁਝ ਸਵੇਰ ਸਾਰ ਤੱਕ ਜਾਰੀ ਰਿਹਾ। ਇਸੇ ਦੌਰਾਨ ਐਤਵਾਰ ਤੜਕੇ ਵਿਦਿਆਰਥੀਆਂ ਦੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਜਿਸ ਨਾਲ ਸੜਕ ਦੇ ਦੋਵੇਂ ਪਾਸੇ ਲੰਬਾ ਜਾਮ ਲੱਗ ਗਿਆ। ਸਾਰਾ ਦਿਨ ਸਥਿਤੀ ਤਣਾਅਪੂਰਨ ਬਣੀ ਰਹੀ।
ਐੱਲਪੀਯੂ ’ਚ ਵਿਦਿਆਰਥੀਆਂ ਦੇ ਹੰਗਾਮੇ ਤੋਂ ਬਾਅਦ ਮੌਕੇ ’ਤੇ ਪੁੱਜੇ ਡੀਆਈਜੀ ਨਵੀਨ ਸਿੰਗਲਾਂ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਜਿਹੜੇ ਦੋਸ਼ ਲਗਾਏ ਗਏ ਹਨ। ਉਸ ਤੋਂ ਬਾਅਦ ਬੇਪਛਾਣ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਨਾਲ ਹੀ ਪੁਲਿਸ ਟੀਮ ਵਿਦਿਆਰਥੀਆਂ ਦੇ ਨਾਲ ਹੀ ਜੀ-3 ਹੋਸਟਲ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ। ਇਸ ਦੇ ਨਾਲ ਹੀ ਉਕਤ ਕਮਰੇ ’ਚ ਰਹਿੰਦੀਆਂ ਤਿੰਨ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ ਹੈ। ਨਾ ਤਾਂ ਸੀਸੀਟੀਵੀ ਫੁਟੇਜ ’ਚ ਕੋਈ ਸਬੂਤ ਮਿਲੇ ਹਨ ਤੇ ਨਾ ਹੀ ਵਿਦਿਆਰਥਣਾਂ ਨੇ ਅਜਿਹੀ ਕਿਸੇ ਘਟਨਾ ਬਾਰੇ ਕਿਹਾ ਹੈ।
ਓਧਰ ਮੁਜ਼ਾਹਰਾਕਾਰੀਆਂ ’ਚ ਮੌਜੂਦ ਕੁਝ ਵਿਦਿਆਰਥੀਆਂ ਨੇ ਉਨ੍ਹਾਂ ਕੋਲ ਇਸ ਦੇ ਸਬੂਤ ਹੋਣ ਦੀ ਗੱਲ ਕਹੀ ਹੈ। ਇਸ ਤੋਂ ਬਾਅਦ ਡੀਆਈਜੀ ਨੇ ਆਈਪੀਐੱਸ ਅਧਿਕਾਰੀ ਜਲੰਧਰ ਦੇਹਾਤੀ ਦੇ ਐੱਸਪੀ ਵਨੀਤ ਅਹਿਲਾਵਤ ਦੀ ਅਗਵਾਈ ’ਚ ਪੰਜ ਮੈਂਬਰੀ ਐੱਸਆਈਟੀ ਦਾ ਗਠਨ ਕਰ ਦਿੱਤਾ ਹੈ। ਦੂਜੇ ਪਾਸੇ ਯੂਨੀਵਰਿਸਟੀ ਦੀ ਰਜਿਸਟਰਾਰ ਮੋਨਿਕਾ ਗੁਲਾਟੀ ਨੇ ਘਟਨਾ ਨੂੰ ਅਫ਼ਵਾਹ ਦੱਸਿਆ ਹੈ। ਉਨ੍ਹਾਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਇਹੋ ਜਿਹੀਆਂ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਪਰ ਜਦੋਂ ਫਿਰ ਵੀ ਵਿਦਿਆਰਥੀਆਂ ਧਰਨੇ ਤੋਂ ਨਾ ਉੱਠੇ ਤਾਂ ਦੇਰ ਸ਼ਾਮ ਕਰੀਬ ਸਾਢੇ ਸੱਤ ਵਜੇ ਪੁਲਿਸ ਅਧਿਕਾਰੀ ਵਿਦਿਆਰਥੀਆਂ ਵਿਚਕਾਰ ਪੁੱਜੇ ਤੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਕਿਹੜੀਆਂ ਮੰਗਾਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਦੇ ਬਾਵਜੂਦ ਵਿਦਿਆਰਥੀ ਹਾਈਵੇ ਤੋਂ ਉੱਠਣ ਲਈ ਤਿਆਰ ਨਾ ਹੋਏ। ਇਸ ਤੋਂ ਬਾਅਦ ਅਧਿਕਾਰੀ ਦੋਬਾਰਾ ਉਨ੍ਹਾਂ ਵਿਚਕਾਰ ਪੁੱਜੇ ਤਾਂ ਵਿਦਿਆਰਥੀਆਂ ਨੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਮੁਜ਼ਾਹਰਕਾਰੀਆਂ ’ਤੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਲਾਠੀਚਾਰਜ ਸ਼ੁਰੂ ਹੁੰਦੇ ਹੀ ਵਿਦਿਆਰਥੀਆਂ ਨੇ ਫ਼ੌਰੀ ਪੁਲਿਸ ’ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਵਿਦਿਆਰਥੀਆਂ ਕੋਲ ਭਾਰੀ ਪੱਥਰ ਕਿਵੇਂ ਪੁੱਜੇ, ਇਸ ’ਤੇ ਸਵਾਲ ਉੱਠਣ ਲੱਗੇ ਹਨ। ਮੰਨਿਆ ਜਾ ਰਿਹਾ ਹੈ ਕਿ ਮੁਜ਼ਾਹਰਾਕਾਰੀਆਂ ਨੇ ਪਹਿਲਾਂ ਤੋਂ ਹੀ ਪੁਲਿਸ ’ਤੇ ਪਥਰਾਅ ਦੀ ਯੋਜਨਾ ਬਣਾਈ ਹੋਈ ਸੀ।
ਵਿਦਿਆਰਥੀ ਵੀ ਆਹਮੋ-ਸਾਹਮਣੇ, ਅੰਦੋਲਨ ’ਚ ਸਿਆਸਤ ਦੀ ਐਂਟਰੀ
ਖ਼ਾਸ ਗੱਲ ਇਹ ਹੈ ਕਿ ਟੀਮ ਦੇ ਨਾਲ ਜਿਹੜੇ ਵਿਦਿਆਰਥੀ ਹੋਸਟਲ ’ਚ ਵਿਦਿਆਰਥੀਆਂ ਨਾਲ ਗੱਲ ਕਰਨ ਤੇ ਸੀਸੀਟੀਵੀ ਫੁਟੇਜ ਦੇਖਣ ਗਏ ਸਨ, ਉਨ੍ਹਾਂ ਨੇ ਜਦੋਂ ਬਾਹਰ ਆ ਕੇ ਸਾਥੀਆਂ ਨੂੰ ਦੱਸਿਆ ਕਿ ਅਜਿਹੀ ਕੋਈ ਘਟਨਾ ਨਹੀਂ ਹੋਈ ਤਾਂ ਵਿਦਿਆਰਥੀ ਉਨ੍ਹਾਂ ਦੇ ਖ਼ਿਲਾਫ਼ ਹੋ ਗਏ। ਇਹੀ ਨਹੀਂ, ਇਸ ਮੁਜ਼ਾਹਰੇ ਦੇ ਮੁੱਦੇ ’ਤੇ ਕੁਝ ਸਿਆਸੀ ਪਾਰਟੀਆਂ ਦੇ ਆਗੂ ਵੀ ਸਰਗਰਮ ਹੋ ਗਏ ਹਨ ਉੱਥੇ ਪੱਜ ਕੇ ਵਿਦਿਆਰਥੀਆਂ ਦਾ ਸਮਰਥਨ ਦੇਣ ਦੀ ਗੱਲ ਕਹਿ ਰਹੇ ਹਨ। ਕੁਝ ਆਗੂਆਂ ਨੇ ਖ਼ੁਦ ਨੂੰ ਰਾਹੁਲ ਗਾਂਧੀ ਦੀ ਬ੍ਰਿਗੇਡ ਦਾ ਮੈਂਬਰ ਦੱਸਦੇ ਹੋਏ ਵਿਦਿਆਰਥੀਆਂ ਦੇ ਸੰਘਰਸ਼ ਦਾ ਸਮਰਥਨ ਕੀਤਾ ਹੈ।
ਹਾਈਵੇਅ ’ਤੇ ਲੰਮਾ ਜਾਮ, ਯਾਤਰੀ ਹਾਲੋ-ਬੇਹਾਲ
ਯੂਨੀਵਰਿਸਟੀ ਕੈਂਪਸ ’ਚ ਹੰਗਾਮ ਤੋਂ ਬਾਅਦ ਵਿਦਿਆਰਥੀ ਐਤਵਾਰ ਤੜਕੇ ਜਲੰਧਰ-ਦਿੱਲੀ ਹਾਈਵੇਅ ’ਤੇ ਧਰਨੇ ’ਤੇ ਬੈਠ ਗਏ। ਇਸ ਨਾਲ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਜਲੰਧਰ ਤੇ ਫਗਵਾੜਾ ਦੋਵਾਂ ਪਾਸਿਆਂ ਤੋਂ ਆਉਣ-ਜਾਣ ਵਾਲੇ ਵਾਹਨਾਂ ਦੀਆਂ ਕਈ ਕਿਲੋਮੀਟਰ ਲੰਮੀਆਂ ਕਤਾਰਾਂ ਲੱਗ ਗਈਆਂ। ਇਸ ਜਾਮ ਕਾਰਨ ਬਦਲਵੇਂ ਰੂਟਾਂ ’ਤੇ ਵੀ ਟ੍ਰੈਫਿਕ ਦਾ ਭਾਰੀ ਦਬਾਅ ਵਧ ਗਿਆ ਹੈ। ਹਾਈਵੇਅ ਖੁੱਲ੍ਹਣ ਤੋਂ ਬਾਅਦ ਵੀ ਆਵਾਜਾਈ ਸੁਚਾਰੂ ਹੋਣ ’ਚ ਕਾਫ਼ੀ ਸਮਾਂ ਲੱਗਣ ਦੀ ਸੰਭਾਵਨਾ ਹੈ।
ਕੈਂਪਸ ’ਚ ਤੋੜ-ਫੋੜ ਤੇ ਸੁਰੱਖਿਆ ਬਲ ਤਾਇਨਾਤ
ਮੀਡੀਆ ਰਿਪੋਰਟਾਂ ਅਨੁਸਾਰ ਹਾਈਵੇਅ ’ਤੇ ਆਉਣ ਤੋਂ ਪਹਿਲਾਂ ਐੱਲਪੀਯੂ ਕੈਂਪਸ ਦੇ ਅੰਦਰ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੇ ਅੱਗਜ਼ਨੀ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ। ਸਥਿਤੀ ਨੂੰ ਦੇਖਦੇ ਹੋਏ ਕਪੂਰਥਲਾ ਪੁਲਿਸ ਵੱਲੋਂ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਕਪੂਰਥਲਾ ਦੇ ਐੱਸਐੱਸਪੀ ਗੌਰਵ ਤੂਰਾ ਖ਼ੁਦ ਮੌਕੇ ’ਤੇ ਮੌਜੂਦ ਹਨ ਤੇ ਵਿਦਿਆਰਥੀਆਂ ਨਾਲ ਲਗਾਤਾਰ ਗੱਲਬਾਤ ਕਰਕੇ ਸਥਿਤੀ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਜਿਨਾਂ ਗੱਡੀਆਂ ਨੂੰ ਅੱਗ ਲਗਾਈ ਗਈ ਹੈ ਉਹਨਾਂ ਵਿੱਚ ਪੁਲਿਸ ਦੀਆਂ ਗੱਡੀਆਂ ਸ਼ਾਮਿਲ ਹਨ। ਵਿਦਿਆਰਥੀ ਪੂਰੀ ਤਰ੍ਹਾਂ ਭੜਕੇ ਹੋਏ ਹਨ। ਮੌਜੂਦਾ ਸਥਿਤੀ ਕਾਫੀ ਤਣਾਅਪੂਰਨ ਹੋ ਗਈ ਹੈ।
ਸ਼ਾਮ 6:30 ਵਜੇ, ਪੁਲਿਸ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਲਈ ਇੱਕ ਐਸ.ਆਈ.ਟੀ. (ਵਿਸ਼ੇਸ਼ ਜਾਂਚ ਟੀਮ) ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਅਜੇ ਤੱਕ ਜਬਰ ਜਨਾਹ ਦੇ ਦੋਸ਼ਾਂ ਦੀ ਪੁਸ਼ਟੀ ਕਰਨ ਵਾਲੇ ਸਬੂਤ ਨਹੀਂ ਮਿਲੇ ਹਨ। ਹਾਲਾਂਕਿ ਐਸ.ਆਈ.ਟੀ. ਪੂਰੇ ਮਾਮਲੇ ਦੀ ਜਾਂਚ ਕਰੇਗੀ। ਹਾਲਾਂਕਿ, ਕੁਝ ਵਿਦਿਆਰਥੀਆਂ ਨੇ ਅਧਿਕਾਰੀਆਂ ਨਾਲ ਆਏ ਨੁਮਾਇੰਦਿਆਂ ਦਾ ਵਿਰੋਧ ਕੀਤਾ ਅਤੇ ਪੁਲਿਸ ਦੇ ਬਿਆਨ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।