- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਲਪੀਯੂ ਨੂੰ ‘ਪਲੈਟੀਨਮ ਗ੍ਰੀਨ ਇਮਪੈਕਟ ਐਵਾਰਡ 2026’ ਨਾਲ ਕੀਤਾ ਸਨਮਾਨਿਤ

-8,572 ਸੀਡ ਬਾਲਾਂ ਤਿਆਰ ਕਰਕੇ ਪੰਜਾਬ ਦੇ ਤਿੰਨ ਜ਼ਿਲ੍ਹਿਆਂ ’ਚ 130 ਕਿੱਲੋਮੀਟਰ ਲੰਬੇ ਗ੍ਰੀਨ ਕੋਰੀਡੋਰ ਲਈ ਪਾਇਆ ਯੋਗਦਾਨ
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ,
ਜਲੰਧਰ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਨੂੰ ਵਾਤਾਵਰਣ ਸੰਭਾਲ ਅਤੇ ਹਰਿਆਵਲ ਨੂੰ ਉਤਸ਼ਾਹਿਤ ਕਰਨ ਲਈ ਨੈਸ਼ਨਲ ਐਜੂਟਰਸਟ ਆਫ਼ ਇੰਡੀਆ ਵੱਲੋਂ ‘ਪਲੈਟੀਨਮ ਗ੍ਰੀਨ ਇਮਪੈਕਟ ਐਵਾਰਡ 2026’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ‘ਸੀਡ ਬਾਲਜ਼ ਫਾਰ ਸਸਟੇਨੇਬਲ ਕੈਂਪਸ ਇਨੀਸ਼ੀਏਟਿਵ 2026’ ਤਹਿਤ ਦਿੱਤਾ ਗਿਆ। ਇਸ ਮੁਹਿੰਮ ਵਿੱਚ ਐੱਲਪੀਯੂ ਦੇ 422 ਵਿਦਿਆਰਥੀਆਂ ਨੇ 11 ਰੁੱਖਾਂ ਦੀਆਂ ਪ੍ਰਜਾਤੀਆਂ ਦੇ ਬੀਜਾਂ ਨਾਲ 8,572 ਸੀਡ ਬਾਲਾਂ ਤਿਆਰ ਕੀਤੀਆਂ। ਇਨ੍ਹਾਂ ਨੂੰ ਪੰਜਾਬ ਦੇ ਕਪੂਰਥਲਾ, ਅੰਮ੍ਰਿਤਸਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਦੇ ਪੰਜ ਸਥਾਨਾਂ ’ਤੇ ਵੰਡਿਆ ਗਿਆ। ਇਨ੍ਹਾਂ ਵਿੱਚੋਂ 6,072 ਸੀਡ ਬਾਲਾਂ ਵੱਖ-ਵੱਖ ਥਾਵਾਂ ’ਤੇ ਖਿੰਡਾਈਆਂ ਗਈਆਂ, ਜਦਕਿ 2,500 ਨੂੰ ‘ਗ੍ਰੀਨ ਗਿਫਟ’ ਪੈਕੇਟਾਂ ਰਾਹੀਂ ਵੰਡਿਆ ਗਿਆ। ਇਸ ਪਹਿਲਕਦਮੀ ਰਾਹੀਂ ਲਗਭਗ 130 ਕਿੱਲੋਮੀਟਰ ਲੰਬੇ ਗ੍ਰੀਨ ਕੋਰੀਡੋਰ ਨੂੰ ਵਿਕਸਤ ਕਰਨ ਦੇ ਯਤਨ ਕੀਤੇ ਗਏ। ਐੱਲਪੀਯੂ ਦੇ ਸੰਸਥਾਪਕ ਚਾਂਸਲਰ ਅਤੇ ਰਾਜ ਸਭਾ ਮੈਂਬਰ ਡਾ. ਅਸ਼ੋਕ ਕੁਮਾਰ ਮਿੱਤਲ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਲਈ ਸਿੱਖਿਆ ਦੇ ਨਾਲ-ਨਾਲ ਜ਼ਮੀਨੀ ਪੱਧਰ ’ਤੇ ਕਾਰਵਾਈ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਦਿੱਤਾ। ਇਸ ਮੁਹਿੰਮ ਦੌਰਾਨ ਵਿਦਿਆਰਥੀਆਂ ਨੇ ਸੀਡ ਬਾਲਾਂ ਤਿਆਰ ਕਰਨ ਅਤੇ ਵੰਡਣ ਦੇ ਨਾਲ-ਨਾਲ ਜੈਵ ਵਿਭਿੰਨਤਾ, ਵਾਤਾਵਰਣ ਸੰਭਾਲ ਅਤੇ ਜਲਵਾਯੂ ਤਬਦੀਲੀ ਸਬੰਧੀ ਜਾਗਰੂਕਤਾ ਗਤੀਵਿਧੀਆਂ ਵਿੱਚ ਵੀ ਹਿੱਸਾ ਲਿਆ। ਇਹ ਸਨਮਾਨ ਯੂਨੀਵਰਸਿਟੀ ਦੇ ਵਾਤਾਵਰਣ ਸੰਭਾਲ ਤੇ ਟਿਕਾਊ ਵਿਕਾਸ ਪ੍ਰਤੀ ਯਤਨਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦਾ ਹੈ।