ਜਾਗਰਣ ਸੰਵਾਦਦਾਤਾ, ਜਲੰਧਰ :

ਜਾਗਰਣ ਸੰਵਾਦਦਾਤਾ, ਜਲੰਧਰ : ਈਰਾਨ-ਇਜ਼ਰਾਈਲ ਜੰਗ ਕਾਰਨ ਕਾਰੋਬਾਰੀ ਗੈਸ ਸਿਲੰਡਰਾਂ ਦੀ ਕਮੀ ਆ ਰਹੀ ਹੈ। ਉਦਯੋਗਾਂ ਨੂੰ ਕਾਰੋਬਾਰੀ ਗੈਸ ਦੀ ਕਮੀ ਕਾਰਨ ਉਤਪਾਦਨ ਸਮਰੱਥਾ ’ਤੇ ਨਾਂਹਪੱਖੀ ਅਸਰ ਪੈ ਰਿਹਾ ਹੈ। ਉਦਯੋਗਾਂ ਨੂੰ ਪੁਰਾਣੇ ਆਰਡਰ ਪੂਰੇ ਕਰਨ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੈਸ ਦੀ ਕਮੀ ਤੇ ਉਦਯੋਗਿਕ ਡੀਜ਼ਲ ਦੀ ਮਹਿੰਗਾਈ ਕਾਰਨ ਵਾਧੂ ਬੋਝ ਪੈ ਗਿਆ ਹੈ। ਆਰਡਰ ਤਾਂ ਹਨ ਪਰ ਉਨ੍ਹਾਂ ਨੂੰ ਪੂਰਾ ਕਰਨ ’ਚ ਮੁਸ਼ਕਲ ਆ ਰਹੀ ਹੈ। ਉਤਪਾਦਨ ਸਮਰੱਥਾ ਨੂੰ 30 ਤੋਂ 40 ਫੀਸਦੀ ਘਟਾ ਦਿੱਤਾ ਹੈ। ਕੱਚੇ ਮਾਲ ਦੀ ਕੀਮਤਾਂ ਵਧਣ ਕਾਰਨ ਜੇ ਨਵੇਂ ਆਰਡਰ ਲਏ ਜਾਂਦੇ ਹਨ ਤਾਂ ਉਤਪਾਦ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ। ਇਸ ਵੇਲੇ ਉਦਯੋਗ ਆਰਡਰ ਪੂਰੇ ਕਰਨ ’ਚ ਲੱਗੇ ਹੋਏ ਹਨ। ਗੈਸ ਦੀ ਸਪਲਾਈ ਨਾ ਹੋਣ ਕਾਰਨ ਯੂਨਾਈਟਿਡ ਫੋਰਮ ਆਫ ਇੰਡਸਟਰੀ ਐਂਡ ਟਰੇਡ ਦੇ ਕਨਵੀਨਰ ਨਰਿੰਦਰ ਸਿੰਘ ਸੱਗੂ ਨੇ ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੂੰ ਪੱਤਰ ਲਿਖਿਆ ਹੈ। ਜੇ ਤੁਰੰਤ ਦਖ਼ਲਅੰਦਾਜ਼ੀ ਨਾ ਕੀਤੀ ਗਈ ਤਾਂ ਉਤਪਾਦਨ ਰੁਕ ਸਕਦਾ ਹੈ। ਇਸ ਕਾਰਨ ਸਥਾਨਕ ਅਰਥਚਾਰੇ ਤੇ ਰੁਜ਼ਗਾਰ ’ਤੇ ਸੰਕਟ ਆ ਸਕਦਾ ਹੈ। ਜੰਗ ਦਾ ਅਸਰ ਜਲੰਧਰ ਦੀਆਂ ਉਦਯੋਗਿਕ ਇਕਾਈਆਂ 'ਤੇ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਫੋਰਮ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਦਯੋਗਿਕ ਖੇਤਰਾਂ ਲਈ ਐੱਲਪੀਜੀ ਗੈਸ ਦਾ ਕੋਟਾ ਤੈਅ ਕੀਤਾ ਜਾਵੇ। ਫੋਰਮ ਦੀ ਮੁੱਖ ਮੰਗ ਹੈ ਕਿ ਕਾਲਾ ਬਾਜ਼ਾਰੀ ਅਤੇ ਜਮ੍ਹਾਂਖੋਰੀ 'ਤੇ ਰੋਕ ਲਾਉਣ ਲਈ ਕਰੜੇ ਕਦਮ ਉਠਾਏ ਜਾਣ, ਕੁੱਲ ਐੱਲਪੀਜੀ ਸਪਲਾਈ ਦਾ ਇਕ ਤੈਅ ਫੀਸਦ ਸਿਰਫ ਉਦਯੋਗਾਂ ਲਈ ਰੱਖਿਆ ਜਾਵੇ ਅਤੇ ਸਪਲਾਈ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਛੇਤੀ ਬੈਠਕ ਸੱਦੀ ਜਾਵੇ। ਗੈਸ ਸਪਲਾਈ ਦੀ ਕਮੀ ਕਾਰਨ ਉਦਯੋਗਾਂ ਦਾ ਕਾਰੋਬਾਰ ਪ੍ਰਭਾਵਿਤ ਹੋਣਾ ਤੈਅ ਹੈ।
---
ਜ਼ਿਆਦਾਤਰ ਕੰਮਕਾਜ ਗੈਸ ’ਤੇ ਨਿਰਭਰ
ਉਦਯੋਗ ਨਗਰ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਭਸੀਨ ਨੇ ਕਿਹਾ ਕਿ ਗੈਸ ਦੀ ਕਮੀ ਕਾਰਨ ਉਦਯੋਗਾਂ ਦੀ ਉਤਪਾਦਨ ਸਮਰੱਥਾ ’ਤੇ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਉਦਯੋਗਾਂ ਦੇ ਜ਼ਿਆਦਾਤਰ ਕੰਮਕਾਜ ਗੈਸ 'ਤੇ ਨਿਰਭਰ ਹੁੰਦੇ ਹਨ। ਫੋਕਲ ਪੁਆਇੰਟ ਤੇ ਗਦਈਪੁਰ, ਰੰਧਾਵਾ ਮਸੰਦ ਦੀ ਗੱਲ ਕਰੀਏ ਤਾਂ ਇੱਥੇ ਇਕ ਹਜ਼ਾਰ ਦੇ ਕਰੀਬ ਛੋਟੀਆਂ-ਵੱਡੀਆਂ ਉਦਯੋਗਿਕ ਇਕਾਈਆਂ ਹਨ। ਇਹ ਹਰ ਸਾਲ ਕਰੋੜਾਂ ਰੁਪਏ ਦਾ ਕਾਰੋਬਾਰ ਕਰਦੀਆਂ ਹਨ। ਹੁਣ ਉਦਯੋਗਾਂ ਨੂੰ ਆਰਡਰ ਪੂਰੇ ਕਰਨ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਦਯੋਗਾਂ ’ਤੇ ਵਾਧੂ ਬੋਝ ਪੈ ਰਿਹਾ ਹੈ।
---
ਗੈਸ ਸਪਲਾਈ ਯਕੀਨੀ ਬਣਾਈ ਜਾਵੇ
ਉਦਯੋਗ ਨਗਰ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ਨਿਤਿਨ ਕਪੂਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਗੈਸ ਸਪਲਾਈ ਯਕੀਨੀ ਬਣਾਈ ਜਾਵੇ ਤਾਂ ਕਿ ਉਦਯੋਗਾਂ ਦੀ ਉਤਪਾਦਨ ਸਮਰੱਥਾ 'ਤੇ ਕਿਸੇ ਵੀ ਤਰ੍ਹਾਂ ਦਾ ਅਸਰ ਨਾ ਪਏ। ਉਦਯੋਗਾਂ ਨੂੰ ਆਰਡਰ ਪੂਰੇ ਕਰਨ ਵਿਚ ਮੁਸ਼ਕਲ ਆ ਰਹੀ ਹੈ। ਕੱਚੇ ਮਾਲ ਦੀ ਕੀਮਤਾਂ ਵਧਣ ਨਾਲ ਉਤਪਾਦ ਦੀਆਂ ਕੀਮਤਾਂ 'ਤੇ ਵੀ ਆਉਣ ਵਾਲੇ ਦਿਨਾਂ ’ਚ ਅਸਰ ਪੈ ਸਕਦਾ ਹੈ। ਕੁਝ ਖਰੀਦਦਾਰਾਂ ਨੇ ਤਾਂ ਹੁਣ ਆਰਡਰ ਰੋਕਣ ਲਈ ਵੀ ਕਿਹਾ ਹੈ।