ਐੱਨਆਈਟੀ ਜਲੰਧਰ ’ਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਸਿੱਧਾ ਪ੍ਰਸਾਰਣ 'ਨਸ਼ਾ ਮੁਕਤ ਯੁਵਾ, ਵਿਕਸਿਤ ਭਾਰਤ' ਮੁਹਿੰਮ ਤਹਿਤ ਐੱਨਆਈਟੀ ਜਲੰਧਰ ਵਿਖੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਸਿੱਧਾ ਪ੍ਰਸਾਰਣ
Publish Date: Sun, 02 Aug 2026 08:46 PM (IST)
Updated Date: Sun, 02 Aug 2026 08:49 PM (IST)
‘ਨਸ਼ਾ ਮੁਕਤ ਯੁਵਾ, ਵਿਕਸਿਤ ਭਾਰਤ’ ਮੁਹਿੰਮ ਤਹਿਤ ਪ੍ਰੋਗਰਾਮ ਨੂੰ ਕੀਤਾ ਸੰਬੋਧਨ ਸੀਨੀਅਰ ਸਟਾਫ ਰਿਪੋਟਰ, ਪੰਜਾਬੀ ਜਾਗਰਣ, ਜਲੰਧਰ : ਡਾ. ਬੀਆਰ ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ (ਐੱਨਆਈਟੀ) ਵਿਖੇ ਸਿੱਖਿਆ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ‘ਨਸ਼ਾ ਮੁਕਤ ਯੁਵਾ, ਵਿਕਸਿਤ ਭਾਰਤ’ ਮੁਹਿੰਮ ਤਹਿਤ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਸਿੱਧਾ ਪ੍ਰਸਾਰਣ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਤੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ‘ਨਸ਼ਾ ਮੁਕਤ ਭਾਰਤ’ ਤੇ ‘ਸਵੱਛਤਾ ਪਖਵਾਰਾ’ ਦੀ ਸ਼ਪਥ ਨਾਲ ਹੋਈ। ਇਸ ਮੌਕੇ ਵਿਦਿਆਰਥੀਆਂ, ਅਧਿਆਪਕਾਂ ਤੇ ਕਰਮਚਾਰੀਆਂ ਨੇ ਨਸ਼ਾ-ਮੁਕਤ ਤੇ ਸਾਫ਼-ਸੁਥਰੇ ਭਾਰਤ ਦੇ ਨਿਰਮਾਣ ਲਈ ਆਪਣਾ ਸੰਕਲਪ ਦੁਹਰਾਇਆ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ’ਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਵਿਕਸਿਤ ਭਾਰਤ ਦੇ ਨਿਰਮਾਣ ’ਚ ਨੌਜਵਾਨਾਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਸਿੱਖਿਆ ਸੰਸਥਾਵਾਂ ਤੇ ਅਧਿਆਪਕਾਂ ਨੂੰ ਵਿਦਿਆਰਥੀਆਂ ’ਚ ਨਸ਼ਾ ਵਿਰੋਧੀ ਜਾਗਰੂਕਤਾ ਪੈਦਾ ਕਰਨ ਲਈ ਲਗਾਤਾਰ ਅਜਿਹੇ ਪ੍ਰੋਗਰਾਮ ਕਰਵਾਉਣ ਦੀ ਅਪੀਲ ਕੀਤੀ। ਇਸ ਮੌਕੇ ਐੱਨਆਈਟੀ ਜਲੰਧਰ ਦੇ ਡਾਇਰੈਕਟਰ ਪ੍ਰੋ. ਬਿਨੋਦ ਕੁਮਾਰ ਕਨੌਜੀਆ ਨੇ ਕਿਹਾ ਕਿ ਨੌਜਵਾਨ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹਨ ਤੇ ਉਨ੍ਹਾਂ ਨੂੰ ਸਹੀ ਦਿਸ਼ਾ ਦੇਣਾ ਸਿੱਖਿਆ ਸੰਸਥਾਵਾਂ ਦੀ ਅਹਿਮ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵਿਦਿਆਰਥੀਆਂ ਲਈ ਸੁਰੱਖਿਅਤ, ਸਕਾਰਾਤਮਕ ਤੇ ਸਿਹਤਮੰਦ ਮਾਹੌਲ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ ਤੇ ਅਜਿਹੀਆਂ ਮੁਹਿੰਮਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੀਆਂ ਹਨ। ਵਿਦਿਆਰਥੀ ਕਲਿਆਣ ਡੀਨ ਪ੍ਰੋ. ਸ਼ੈਲੇਂਦਰ ਬਾਜਪੇਈ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ ਸਿਰ ਨਸ਼ਿਆਂ ਦੇ ਨੁਕਸਾਨਦਾਇਕ ਪ੍ਰਭਾਵਾਂ ਬਾਰੇ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਭਵਿੱਖ ’ਚ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਕਰਵਾਉਂਦੀ ਰਹੇਗੀ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸੰਸਥਾ ’ਚ 1 ਤੋਂ 15 ਅਗਸਤ ਤੱਕ ‘ਸਵੱਛਤਾ ਪਖਵਾਰਾ’ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਸਵੱਛਤਾ ਸ਼ਪਥ, ਸਫ਼ਾਈ ਅਭਿਆਨ, ਸੈਮੀਨਾਰ, ਪੋਸਟਰ ਤੇ ਸਲੋਗਨ ਲਿਖਣ ਮੁਕਾਬਲੇ, ਨੁੱਕੜ ਨਾਟਕ ਤੇ ਹੋਰ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਨਾਲ ਹੀ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਨਾਲ ਜੋੜਨ ਲਈ ‘ਮਾਈ ਭਾਰਤ ਪੋਰਟਲ’ ਰਜਿਸਟ੍ਰੇਸ਼ਨ ਮੁਹਿੰਮ ਵੀ ਚਲਾਈ ਜਾ ਰਹੀ ਹੈ। ਪ੍ਰੋਗਰਾਮ ਦੇ ਅੰਤ ’ਚ ਸਾਰੇ ਭਾਗੀਦਾਰਾਂ ਨੇ ਨਸ਼ਾ-ਮੁਕਤ ਤੇ ਵਿਕਸਿਤ ਭਾਰਤ ਦੇ ਨਿਰਮਾਣ ਲਈ ਸਰਗਰਮ ਯੋਗਦਾਨ ਪਾਉਣ ਦਾ ਸੰਕਲਪ ਦੁਹਰਾਇਆ।