ਆਪ੍ਰੇਸ਼ਨ ਕੈਂਪ ਦਾ 690 ਮਰੀ਼ਜ਼ਾਂ ਨੇ ਲਿਆ ਲਾਹਾ
ਲਾਇਨਜ਼ ਕਲੱਬ ਆਦਮਪੁਰ ਦੁਆਬਾ ਵੱਲੋਂ 45ਵਾਂ ਮੁਫ਼ਤ ਅੱਖਾਂ ਦਾ ਅਪਰੇਸ਼ਨ ਕੈਂਪ ਸਮਾਪਤ
Publish Date: Thu, 19 Feb 2026 06:38 PM (IST)
Updated Date: Thu, 19 Feb 2026 06:39 PM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਲਾਇਨਜ਼ ਕਲੱਬ ਆਦਮਪੁਰ ਦੁਆਬਾ ਵੱਲੋਂ ਲਾਇਨਜ਼ ਆਈ ਹਸਪਤਾਲ ਚੈਰੀਟੇਬਲ ਸੁਸਾਇਟੀ ਦੀ ਦੇਖ-ਰੇਖ ਹੇਠ ਤੇ ਲਾਇਨਜ਼ ਕਲੱਬ ਆਫ ਵੈਂਨਸਟਿੱਡ ਅਤੇ ਵੁਡਫੋਰਡ ਦੇ ਸਹਿਯੋਗ ਨਾਲ 45ਵਾਂ ਮੁਫ਼ਤ ਅੱਖਾਂ ਦਾ ਆਪ੍ਰੇਸ਼ਨ ਕੈਂਪ ਸਫਲਤਾਪੂਰਵਕ ਸਮਾਪਤ ਹੋਇਆ। ਹਸਪਤਾਲ ਦੇ ਚੇਅਰਮੈਨ ਦਸ਼ਵਿੰਦਰ ਚਾਂਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 690 ਮਰੀਜ਼ਾਂ ਦੇ ਸਫਲ ਅਪਰੇਸ਼ਨ ਕੀਤੇ ਗਏ। ਇਸ ਤੋਂ ਇਲਾਵਾ 7 ਬੱਚਿਆਂ ਦੇ ਭੈਂਗਾਪਨ (ਸਕੁਇੰਟ) ਦੇ ਅਪਰੇਸ਼ਨ ਵੀ ਮੁਫ਼ਤ ਕੀਤੇ ਗਏ। ਕੈਂਪ ਦੌਰਾਨ 12 ਜ਼ਰੂਰਤਮੰਦ ਵਿਅਕਤੀਆਂ ਨੂੰ ਟ੍ਰਾਈਸਾਈਕਲ ਵੀ ਭੇਟ ਕੀਤੇ ਗਏ। ਸਮਾਪਤੀ ਸਮਾਰੋਹ ’ਚ ਹਲਕਾ ਵਿਧਾਇਕ ਸੁਖਵਿੰਦਰ ਕੋਟਲੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨਾਂ ’ਚ ਲਾਇਨਜ਼ ਕਲੱਬ ਦੇ ਜ਼ਿਲ੍ਹਾ ਗਵਰਨਰ ਵੀਐੱਮ ਗੋਇਲ, ਉਪ ਗਵਰਨਰ ਜੀਐੱਸ ਭਾਟੀਆ ਤੇ ਰਾਜੀਵ ਖੋਸਲਾ ਹਾਜ਼ਰ ਸਨ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਯੂਕੇ ਤੋਂ ਪਹੁੰਚੇ ਲਾਇਨਜ਼ ਕਲੱਬ ਆਫ ਵੈਂਨਸਟਿੱਡ ਅਤੇ ਵੁਡਫੋਰਡ ਦੇ ਪ੍ਰਧਾਨ ਲਾਇਨ ਬਲਜਿੰਦਰ ਕੌਰ, ਖਜ਼ਾਨਚੀ ਕੁਲਵੀਰ ਸਿੰਘ, ਸਾਬਕਾ ਪ੍ਰਧਾਨ ਕੁਲਦੀਪ ਸਿੰਘ ਝੀਤਾ, ਦਲਜੀਤ ਕੌਰ ਝੀਤਾ, ਦਵਿੰਦਰ ਕੌਰ ਬਾਹਰਾ, ਅਮਰੀਕ ਸਿੰਘ ਸੰਧੂ, ਮੌਂਟੀ ਵਾਸ, ਜਤਿੰਦਰ ਸਿੰਘ ਤੇ ਅਮਰਜੀਤ ਕੌਰ ਨੇ ਕਿਹਾ ਕਿ ਆਦਮਪੁਰ ਕਲੱਬ ਨਾਲ ਇਹ ਉਨ੍ਹਾਂ ਦਾ ਲਗਾਤਾਰ ਅੱਠਵਾਂ ਕੈਂਪ ਹੈ। ਉਹ ਖੁਦ ਅੱਠ ਦਿਨ ਤੱਕ ਸੇਵਾ ਕਾਰਜਾਂ ’ਚ ਮੌਜੂਦ ਰਹੇ ਤੇ ਉਨ੍ਹਾਂ ਨੇ ਸੇਵਾ ਪ੍ਰਬੰਧਾਂ ’ਤੇ ਪੂਰੀ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਹ ਸੇਵਾ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗੀ। ਮੁੱਖ ਮਹਿਮਾਨ ਸੁਖਵਿੰਦਰ ਕੋਟਲੀ ਨੇ ਕਲੱਬ ਦੀ ਲਗਾਤਾਰ ਤੇ ਵੱਡੇ ਪੱਧਰ ’ਤੇ ਚੱਲ ਰਹੀ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮੈਂਬਰਾਂ ਦੀ ਸਮਰਪਿਤ ਭਾਵਨਾ ਦਾ ਪ੍ਰਤੀਕ ਹੈ। ਅੰਤ ’ਚ ਹਸਪਤਾਲ ਦੇ ਚੇਅਰਮੈਨ ਦਸ਼ਵਿੰਦਰ ਚਾਂਦ ਤੇ ਆਦਮਪੁਰ ਕਲੱਬ ਦੇ ਪ੍ਰਧਾਨ ਰਾਕੇਸ਼ ਚੋਢਾ ਨੇ ਸਾਰੇ ਸਹਿਯੋਗੀਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹਸਪਤਾਲ ਦੇ ਵਾਈਸ ਚੇਅਰਮੈਨ ਅਮਰਜੀਤ ਸਿੰਘ ਭੋਗਪੁਰੀਆ ਸਮੇਤ ਕਈ ਹੋਰ ਮੈਂਬਰ ਵੀ ਹਾਜ਼ਰ ਸਨ।