- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਇਸੈਂਸ ਮਿਲ ਗਏ, ਪਰ ਪਟਾਕਾ ਮਾਰਕੀਟ ਅਜੇ ਵੀ ਅਧੂਰੀ!

-ਰਾਓਵਾਲੀ ਪਟਾਕਾ ਮਾਰਕੀਟ ਨੂੰ ਲੈ ਕੇ ਪਹਿਲਾਂ ਅਦਾਲਤੀ ਸਟੇਅ ਨੇ ਰੋਕਿਆ ਕੰਮ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਰਾਓਵਾਲੀ ਦੀ ਪਟਾਕਾ ਮਾਰਕੀਟ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਵਿਵਾਦ, ਅਦਾਲਤੀ ਸਟੇਅ, ਪੰਚਾਇਤ ਦੇ ਇਤਰਾਜ਼ਾਂ ਅਤੇ ਵਪਾਰੀਆਂ ਦੇ ਧਰਨਿਆਂ ਤੋਂ ਬਾਅਦ ਭਾਵੇਂ ਪ੍ਰਸ਼ਾਸਨ ਨੇ ਲਾਇਸੈਂਸ ਜਾਰੀ ਕਰ ਦਿੱਤੇ ਹਨ, ਪਰ ਜ਼ਮੀਨੀ ਹਕੀਕਤ ਅਜੇ ਵੀ ਪ੍ਰਸ਼ਾਸਨਿਕ ਤਿਆਰੀਆਂ ’ਤੇ ਸਵਾਲ ਖੜ੍ਹੇ ਕਰ ਰਹੀ ਹੈ। ਹਾਲਾਤ ਇਹ ਹਨ ਕਿ ਪਟਾਕੇ ਵੇਚਣ ਲਈ ਕੁਝ ਹੀ ਦਿਨ ਬਾਕੀ ਹਨ, ਪਰ ਵਪਾਰੀਆਂ ਦੀਆਂ ਦੁਕਾਨਾਂ ਅਜੇ ਤੱਕ ਤਿਆਰ ਨਹੀਂ ਹੋ ਸਕੀਆਂ। ਦੂਜੇ ਪਾਸੇ ਵਪਾਰੀਆਂ ਨੂੰ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਕਰੀ ਪੂਰੀ ਨਾ ਹੋਣ ਅਤੇ ਆਰਥਿਕ ਨੁਕਸਾਨ ਦਾ ਡਰ ਸਤਾ ਰਿਹਾ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਹਰ ਸਾਲ ਪਟਾਕਾ ਮਾਰਕੀਟ ਲਗਾਉਣ ਦੀ ਤਿਆਰੀ ਪਹਿਲਾਂ ਤੋਂ ਕੀਤੀ ਜਾ ਸਕਦੀ ਹੈ ਤਾਂ ਇਸ ਵਾਰ ਵੀ ਸਾਰਾ ਕੰਮ ਆਖ਼ਰੀ ਦਿਨਾਂ ਤੱਕ ਕਿਉਂ ਲਟਕਦਾ ਰਿਹਾ।
------------------
20 ਅਰਜ਼ੀਆਂ ਦੇ ਮੁਕਾਬਲੇ ਦੋ ਵਾਧੂ ਡਰਾਅ
ਏਡੀਸੀ ਅਮਨਿੰਦਰ ਕੌਰ ਦੇ ਹਵਾਲੇ ਨਾਲ ਸਾਹਮਣੇ ਆਈ ਜਾਣਕਾਰੀ ਅਨੁਸਾਰ 20 ਬਿਨੈਕਾਰਾਂ ਵਿੱਚੋਂ ਜੇਕਰ ਕਿਸੇ ਦਾ ਲਾਇਸੈਂਸ ਰੱਦ ਹੁੰਦਾ ਹੈ ਤਾਂ ਉਸ ਦੀ ਜਗ੍ਹਾ ਹੋਰ ਬਿਨੈਕਾਰਾਂ ਨੂੰ ਮੌਕਾ ਦੇਣ ਲਈ ਦੋ ਵਾਧੂ ਡਰਾਅ ਕੱਢੇ ਗਏ ਹਨ। ਪ੍ਰਸ਼ਾਸਨ ਵੱਲੋਂ ਵਪਾਰੀਆਂ ਨੂੰ ਲਾਇਸੈਂਸ ਜਾਰੀ ਕਰਨ ਦੇ ਨਾਲ ਨਿਰਧਾਰਤ ਨਿਯਮਾਂ ਅਤੇ ਸੁਰੱਖਿਆ ਪ੍ਰਬੰਧਾਂ ਦੀ ਪਾਲਣਾ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ।
-----------------------
ਹਾਲੇ ਖ਼ਤਮ ਨਹੀਂ ਹੋਈਆਂ ਵਪਾਰੀਆਂ ਦੀਆਂ ਮੁਸ਼ਕਲਾਂ
ਵਪਾਰੀਆਂ ਦੀਆਂ ਮੁਸ਼ਕਲਾਂ ਅਜੇ ਖ਼ਤਮ ਨਹੀਂ ਹੋਈਆਂ। ਲਾਇਸੈਂਸ ਜਾਰੀ ਹੋਣ ਤੋਂ ਬਾਅਦ ਵੀ ਦੁਕਾਨਾਂ ਤਿਆਰ ਕਰਨ ਅਤੇ ਪਟਾਕੇ ਲਗਾਉਣ ਦੀ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ। ਪਟਾਕਾ ਮਾਰਕੀਟ ਦੇ ਪ੍ਰਧਾਨ ਵਿਕਾਸ ਭੰਡਾਰੀ ਨੇ ਵੀ ਕਿਹਾ ਹੈ ਕਿ ਅਜੇ ਤੱਕ ਦੁਕਾਨਾਂ ਤਿਆਰ ਨਹੀਂ ਹੋ ਸਕੀਆਂ ਅਤੇ ਪਟਾਕਿਆਂ ਦੀ ਵਿਕਰੀ ਸ਼ੁਰੂ ਕਰਨ ਲਈ ਸਿਰਫ਼ 3 ਤੋਂ 4 ਦਿਨ ਹੀ ਬਾਕੀ ਹਨ। ਉਨ੍ਹਾਂ ਮੁਤਾਬਕ ਪਿਛਲੇ ਸਾਲ ਵੀ ਵਪਾਰੀਆਂ ਨੂੰ ਪੂਰੀ ਵਿਕਰੀ ਦਾ ਮੌਕਾ ਨਹੀਂ ਮਿਲ ਸਕਿਆ ਸੀ। ਇਸ ਵਾਰ ਵੀ ਦੇਰੀ ਕਾਰਨ ਵਪਾਰੀਆਂ ਨੂੰ ਨੁਕਸਾਨ ਦਾ ਖ਼ਦਸ਼ਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਡੀਸੀ ਦਫ਼ਤਰ ਵੱਲੋਂ ਪਟਾਕੇ ਲਗਾਉਣ ਲਈ ਜਗ੍ਹਾ ਸਮੇਂ ਸਿਰ ਮੁਹੱਈਆ ਨਹੀਂ ਕਰਵਾਈ ਗਈ। ਅਜਿਹੇ ਵਿੱਚ ਵਪਾਰੀਆਂ ਸਾਹਮਣੇ ਇੱਕ ਪਾਸੇ ਲਾਇਸੈਂਸ ਦੀਆਂ ਸ਼ਰਤਾਂ ਪੂਰੀਆਂ ਕਰਨ ਅਤੇ ਦੂਜੇ ਪਾਸੇ ਸਮੇਂ ਸਿਰ ਕਾਰੋਬਾਰ ਸ਼ੁਰੂ ਕਰਨ ਦੀ ਚੁਣੌਤੀ ਖੜ੍ਹੀ ਹੋ ਗਈ ਹੈ।
---------------------
ਪਹਿਲਾਂ 3 ਏਕੜ, ਹੁਣ 13 ਏਕੜ ਜਗ੍ਹਾ
ਵਪਾਰੀਆਂ ਦੇ ਦੱਸਣ ਅਨੁਸਾਰ ਪਿਛਲੇ ਸਾਲ ਲਗਭਗ ਤਿੰਨ ਏਕੜ ਜਗ੍ਹਾ ’ਤੇ ਪਾਰਕਿੰਗ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਾਰ ਲਗਭਗ 13 ਏਕੜ ਜਗ੍ਹਾ ’ਤੇ ਪਟਾਕਾ ਮਾਰਕੀਟ ਲਗਾਉਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਪਰ ਜਗ੍ਹਾ ਵਧਣ ਦੇ ਬਾਵਜੂਦ ਦੁਕਾਨਾਂ ਦੀ ਤਿਆਰੀ ਅਤੇ ਹੋਰ ਪ੍ਰਬੰਧਾਂ ਵਿੱਚ ਦੇਰੀ ਨੇ ਨਵਾਂ ਸਵਾਲ ਖੜ੍ਹਾ ਕਰ ਦਿੱਤਾ ਹੈ। ਇੱਥੇ ਸਵਾਲ ਇਹ ਵੀ ਹੈ ਕਿ ਜਦੋਂ ਪ੍ਰਸ਼ਾਸਨ ਨੂੰ ਪਤਾ ਸੀ ਕਿ ਪਟਾਕਾ ਮਾਰਕੀਟ ਹਰ ਸਾਲ ਲੱਗਣੀ ਹੈ ਤਾਂ ਜਗ੍ਹਾ ਦੀ ਚੋਣ, ਪੰਚਾਇਤ ਨਾਲ ਸਹਿਮਤੀ, ਸੁਰੱਖਿਆ ਪ੍ਰਬੰਧ ਅਤੇ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਪਹਿਲਾਂ ਹੀ ਕਿਉਂ ਨਹੀਂ ਮੁਕੰਮਲ ਕੀਤੀ ਗਈ?