- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਗਾਂ ਨੂੰ ਲੈ ਕੇ ਕੌਮੀ ਕਾਨੂੰਨਦਾਨ ਲੋਕ ਰਿਵੈਨਿਊ ਅਧਿਕਾਰੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੌਮੀ ਕਾਨੂੰਨਦਾਨ ਲੋਕ ਰੈਵੇਨਿਊ ਅਧਿਕਾਰੀ ਵੈਲਫੇਅਰ ਐਸੋਸੀਏਸ਼ਨ ਦੀ ਜਲੰਧਰ ਟੀਮ ਵੱਲੋਂ ਰਿਕਾਰਡਰਾਂ ਦੀਆਂ ਜਾਇਜ਼ ਮੰਗਾਂ ਸਬੰਧੀ ਮਾਲ ਅਫਸਰ ਨਾਲ ਮੁਲਾਕਾਤ ਕਰਕੇ ਡਿਪਟੀ ਕਮਿਸ਼ਨਰ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਟੀਮ ਨੇ ਮੁਲਾਜ਼ਮਾਂ ਨੂੰ ਦਰਪੇਸ਼ ਸਮੱਸਿਆਵਾਂ ਤੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਬਾਰੇ ਜਾਣੂ ਕਰਵਾਇਆ। ਐਸੋਸੀਏਸ਼ਨ ਨੇ ਕਿਹਾ ਕਿ ਮੁਲਾਜ਼ਮ ਡਿਜੀਟਲ ਕ੍ਰਾਪ ਸਰਵੇ, ਮੇਰਾ ਘਰ ਮੇਰਾ ਨਾਮ, ਐਗਰੀਸਟੈਕ ਕਿਸਾਨ ਰਜਿਸਟ੍ਰੇਸ਼ਨ, ਜ਼ਮੀਨਾਂ ਦੀ ਡਿਜੀਟਾਈਜ਼ੇਸ਼ਨ, ਰੈਵੇਨਿਊ ਕੋਰਟ ਮੈਨੇਜਮੈਂਟ ਤੇ ਚੋਣਾਂ ਸਮੇਤ ਸਰਕਾਰ ਦੇ ਕਈ ਅਹਿਮ ਪ੍ਰੋਜੈਕਟਾਂ ’ਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ। ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਲਗਾਤਾਰ ਪੱਤਰ ਵਿਹਾਰ ਰਾਹੀਂ ਨਿੱਜੀ ਤੌਰ ’ਤੇ ਮਿਲ ਕੇ ਅਤੇ ਈ-ਮੇਲ ਰਾਹੀਂ ਵਾਰ-ਵਾਰ ਬੇਨਤੀਆਂ ਕੀਤੀਆਂ ਗਈਆਂ ਹਨ ਪਰ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਦੇ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਮਿਲਿਆ ਹੈ। ਜ਼ਿਕਰਯੋਗ ਹੈ ਕਿ ਐਸੋਸੀਏਸ਼ਨ ਵੱਲੋਂ ਮੰਗਾਂ ਨਾ ਮੰਨੇ ਜਾਣ ’ਤੇ 8 ਤੇ 9 ਸਤੰਬਰ ਨੂੰ ਪੈਨ ਡਾਊਨ ਹੜਤਾਲ ਕੀਤੀ ਗਈ ਸੀ। ਅੱਜ ਯਾਨੀ 10 ਸਤੰਬਰ ਨੂੰ ਤਹਿਸੀਲਦਾਰ ਪੱਧਰ ’ਤੇ ਰੋਸ ਪ੍ਰਦਰਸ਼ਨ ਤੇ 11 ਸਤੰਬਰ ਨੂੰ ਮਾਲ ਮੰਤਰੀ ਦੇ ਪਿੰਡ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਐਲਾਨਿਆ ਗਿਆ ਹੈ। ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ’ਚ ਇੰਕਰੀਮੈਂਟ ’ਚ ਵਾਧਾ, ਮੈਡੀਕਲ ਭੱਤਾ ਵਧਾਉਣਾ, ਈਪੀਐੱਫ ’ਚ ਯੋਗਦਾਨ, ਤਕਨੀਕੀ ਸਟਾਫ ਨੂੰ ਆਈਟੀ ਵਿੰਗ ’ਚ ਸ਼ਾਮਲ ਕਰਨਾ ਤੇ ਐੱਚਆਰਏ ਸਮੇਤ ਹੋਰ ਸੇਵਾ ਸਬੰਧੀ ਮੰਗਾਂ ਸ਼ਾਮਲ ਹਨ। ਐਸੋਸੀਏਸ਼ਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦਾ ਜਲਦ ਹੱਲ ਕੀਤਾ ਜਾਵੇ, ਤਾਂ ਜੋ ਸਰਕਾਰੀ ਕੰਮਕਾਜ ਪ੍ਰਭਾਵਿਤ ਨਾ ਹੋਵੇ।