ਸ਼ਰਾਬ ਦੇ ਠੇਕੇਦਾਰ 'ਤੇ ਕੱਸਿਆ ਸ਼ਿਕੰਜਾ ਕਾਨੂੰਨੀ ਸ਼ਰਾਬ ਦੀਆਂ 80 ਪੇਟੀਆਂ ਫੜੇ ਜਾਣ ਦੇ ਮਾਮਲੇ ’ਚ ਠੇਕੇਦਾਰ 'ਤੇ ਕਾਨੂੰਨੀ ਕਸਿਆ ਸ਼ਿਕੰਜਾ
Publish Date: Thu, 12 Nov 2026 09:59 PM (IST)
Updated Date: Thu, 12 Nov 2026 10:00 PM (IST)
-ਹੋਲੋਗ੍ਰਾਮ ਤੇ ਬੈਚ ਨੰਬਰਾਂ ਨਾਲ ਛੇੜਛਾੜ ਕਰਕੇ ਸ਼ਰਾਬ ਨੂੰ ਇਕ ਠੇਕੇ ਤੋਂ ਦੂਜੇ ਠੇਕੇ ਤੇ ਲਿਜਾਇਆ ਜਾ ਰਿਹਾ ਸੀ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ ਸ਼ਹਿਰ ’ਚ ਸ਼ਰਾਬ ਦੀਆਂ 80 ਪੇਟੀਆਂ ਫੜੇ ਜਾਣ ਦੇ ਮਾਮਲੇ ਦੀ ਜਾਂਚ ਤੋਂ ਬਾਅਦ, ਆਬਕਾਰੀ ਵਿਭਾਗ ਨੇ ਕਾਨੂੰਨੀ ਪੱਖ ਸਪੱਸ਼ਟ ਕੀਤਾ ਹੈ। ਵਿਭਾਗ ਅਨੁਸਾਰ ਸ਼ਰਾਬ ਦੀਆਂ ਬੋਤਲਾਂ ਤੇ ਲੱਗੇ ਹੋਲੋਗ੍ਰਾਮ ਤੇ ਬੈਚ ਨੰਬਰਾਂ ਨਾਲ ਛੇੜਛਾੜ ਕੀਤੀ ਗਈ ਸੀ ਤੇ ਇਹ ਸਟਾਕ ਬਿਨਾਂ ਲੋੜੀਂਦੇ ਪਰਮਿਟਾਂ ਦੇ ਇਕ ਸ਼ਰਾਬ ਦੇ ਠੇਕੇ ਤੋਂ ਦੂਜੇ ਠੇਕੇ ਤੇ ਲਿਜਾਇਆ ਜਾ ਰਿਹਾ ਸੀ। ਇਸ ਨੂੰ ਆਬਕਾਰੀ ਨਿਯਮਾਂ ਦੀ ਗੰਭੀਰ ਉਲੰਘਣਾ ਮੰਨਦੇ ਹੋਏ, ਵਿਭਾਗ ਨੇ ਪੰਜਾਬ ਆਬਕਾਰੀ ਐਕਟ, 1914 ਦੇ ਤਹਿਤ ਸਬੰਧਤ ਲਾਇਸੰਸ ਧਾਰਕ ਵਿਰੁੱਧ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਹੈ। ਜਾਣਕਾਰੀ ਅਨੁਸਾਰ ਜਲੰਧਰ ਕਮਿਸ਼ਨਰੇਟ ਦੇ ਸਪੈਸ਼ਲ ਸੈੱਲ ਦੀ ਇਕ ਟੀਮ ਨੇ ਪੰਜਾਬ ਕਿੰਗ ਬ੍ਰਾਂਡ ਦੀ ਸ਼ਰਾਬ ਦੀਆਂ 80 ਪੇਟੀਆਂ ਨਾਲ ਭਰੇ ਇਕ ਟਾਟਾ ਮੈਕਸ ਪਿਕਅੱਪ ਟਰੱਕ ਨੂੰ ਰੋਕਿਆ। ਇਸ ਘਟਨਾ ਦੇ ਸਬੰਧ ’ਚ ਪਿੰਡ ਨੀਲੇ ਵਾਡੇ ਰੱਤੇਵਾਲ ਦੇ ਰਹਿਣ ਵਾਲੇ ਬਲਰਾਮ ਨੂੰ ਕਾਬੂ ਕੀਤਾ ਗਿਆ ਹੈ। --- ਨਿਯਮਾਂ ਦੀ ਉਲੰਘਣਾ ਤੇ ਕਾਰਵਾਈ ਦੀ ਸਿਫਾਰਸ਼ ਸਪੈਸ਼ਲ ਸੈੱਲ ਦੇ ਇੰਚਾਰਜ ਵੱਲੋਂ ਭੇਜੇ ਗਏ ਪੱਤਰ ਦੇ ਜਵਾਬ ’ਚ, ਸਹਾਇਕ ਆਬਕਾਰੀ ਕਮਿਸ਼ਨਰ ਜਲੰਧਰ ਰੇਂਜ-1 ਦੇ ਦਫ਼ਤਰ ਨੇ ਪੁਲਿਸ ਨੂੰ ਰਿਪੋਰਟ ਸੌਂਪ ਦਿੱਤੀ ਹੈ। ਇਸ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਪੰਜਾਬ ਆਬਕਾਰੀ ਐਕਟ, 1914 ਤੇ ਇਸ ਨਾਲ ਸਬੰਧਤ ਨਿਯਮਾਂ ਤਹਿਤ, ਬਿਨਾਂ ਕਿਸੇ ਜਾਇਜ਼ ਪਰਮਿਟ ਜਾਂ ਪਾਸ ਦੇ, ਇਕ ਲਾਇਸੰਸਸ਼ੁਦਾ ਠੇਕੇ ਤੋਂ ਦੂਜੇ ਠੇਕੇ ਤੇ ਸ਼ਰਾਬ ਦੀ ਥੋਕ ਸਪਲਾਈ ਕਰਨਾ ਮਨ੍ਹਾ ਹੈ। ਇਸ ਤੋਂ ਇਲਾਵਾ, ਬੋਤਲਾਂ ਦੇ ਲੇਬਲਾਂ, ਹੋਲੋਗ੍ਰਾਮਾਂ ਜਾਂ ਬੈਚ ਨੰਬਰਾਂ ਨਾਲ ਛੇੜਛਾੜ ਕਰਨ ਨੂੰ ਪੰਜਾਬ ਲਿਕਰ ਲਾਇਸੈਂਸ ਰੂਲਜ਼, 1956 ਦੇ ਨਿਯਮ 37(23) ਦੀ ਉਲੰਘਣਾ ਮੰਨਿਆ ਗਿਆ ਹੈ। ਪੰਜਾਬ ਇਨਟੌਕਸੀਕੈਂਟ ਲਾਇਸੈਂਸ ਐਂਡ ਸੇਲਜ਼ ਆਰਡਰ, 1956 ਦੀਆਂ ਧਾਰਾਵਾਂ ਦਾ ਹਵਾਲਾ ਦਿੰਦੇ ਹੋਏ, ਵਿਭਾਗ ਨੇ ਸ਼ਰਾਬ ਦੀ ਅਜਿਹੀ ਥੋਕ ਸਪਲਾਈ ਨੂੰ ਨਿਯਮਾਂ ਦੀ ਉਲੰਘਣਾ ਕਰਾਰ ਦਿੱਤਾ ਹੈ। ਕਾਨੂੰਨੀ ਰਾਇ ’ਚ ਆਬਕਾਰੀ ਵਿਭਾਗ ਨੇ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਉਹ ਪੰਜਾਬ ਐਕਸਾਈਜ਼ ਐਕਟ, 1914 ਦੇ ਤਹਿਤ ਲਾਇਸੈਂਸ ਧਾਰਕ ਖਿਲਾਫ ਢੁੱਕਵੀਂ ਕਾਨੂੰਨੀ ਕਾਰਵਾਈ ਕਰੇ। ਇਸ ਰਿਪੋਰਟ ਦੇ ਆਧਾਰ ਤੇ ਪੁਲਿਸ ਵੱਲੋਂ ਕੀਤੀ ਜਾਣ ਵਾਲੀ ਅਗਲੇਰੀ ਕਾਰਵਾਈ ਬਹੁਤ ਮਹੱਤਵਪੂਰਨ ਹੋਵੇਗੀ।