- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਊਆਂ ਨੂੰ ਬੇਸਹਾਰਾ ਛੱਡਣ ਵਾਲਿਆਂ ਖਿਲਾਫ਼ ਮਿਊਂਸਪਲ ਐਕਟ ਤਹਿਤ ਜੁਰਮਾਨੇ ਤੇ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਅਪਣਾਈ ਜਾਵੇ - ਕੀਮਤੀ ਭਗਤ

-ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਨੇ ਸੁਰੱਖਿਆ ਯਕੀਨੀ ਬਣਾਉਣ ’ਤੇ ਦਿੱਤਾ ਜ਼ੋਰ
-ਬੇਸਹਾਰਾ ਗਊਧਨ ਨੂੰ ਗਊਸ਼ਲਾਵਾਂ ’ਚ ਪਹੁੰਚਾਉਣ ਲਈ ਉਪਰਾਲੇ ਤੇਜ਼ ਕਰਨ ਲਈ ਕਿਹਾ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਬੇਸਰਾਹਾ ਗਊਧਨ ਦੀ ਸਾਂਭ ਸੰਭਾਲ ਤੇ ਸੁਰੱਖਿਆ ਨੂੰ ਯਕੀਨੀ ਬਨਾਉਣ ਨੂੰ ਲੈ ਕੇ ਅੱਜ ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਗਊਸ਼ਾਲਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਮੀਟਿੰਗ ’ਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਮਰਜੀਤ ਬੈਂਸ ਵੀ ਮੌਜੂਦ ਰਹੇ। ਮਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਬੇਸਹਾਰਾ ਗਊਧਨ ਦੀ ਸਾਂਭ-ਸੰਭਾਲ ਨਾਲ ਕੀਮਤੀ ਜਾਨਾਂ ਬਚਾਉਣ ਦੇ ਨਾਲ-ਨਾਲ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਤੇ ਕਿਸਾਨਾਂ ਦੀਆਂ ਫ਼ਸਲਾਂ ਦੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ।
ਉਨ੍ਹਾਂ ਨਗਰ ਨਿਗਮ/ਕੌਂਸਲਾਂ ਨੂੰ ਕਿਹਾ ਕਿ ਅਜਿਹੇ ਬੇਸਹਾਰਾ ਪਸ਼ੂਧਨ ਨੂੰ ਸਰਕਾਰੀ ਜਾਂ ਪ੍ਰਾਈਵੇਟ ਗਊਸ਼ਲਾਵਾਂ ’ਚ ਭੇਜਣਾ ਯਕੀਨੀ ਬਣਾਇਆ ਜਾਵੇ। ਨਾਲ ਹੀ ਹਦਾਇਤ ਕੀਤੀ ਕਿ ਸ਼ਹਿਰ ’ਚ ਗਊਆਂ ਨੂੰ ਬੇਸਹਾਰਾ ਛੱਡਣ ਵਾਲਿਆਂ ਖਿਲਾਫ਼ ਮਿਊਂਸਪਲ ਐਕਟ ਤਹਿਤ ਜੁਰਮਾਨੇ ਤੇ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਅਪਣਾਈ ਜਾਵੇ। ਉਪ ਚੇਅਰਮੈਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਬੇਸਹਾਰਾ ਗਊਧਨ ਦੀ ਸੁਚੱਜੀ ਸਾਂਭ-ਸੰਭਾਲ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਬਿਜਲੀ ਬਿਲ ਮੁਆਫ਼ ਤੋਂ ਰਹਿੰਦੇ ਕੇਸ ਬਣਾ ਕੇ ਕਮਿਸ਼ਨ ਨੂੰ ਭੇਜੇ ਜਾਣ। ਸੂਬੇ ਦੀਆਂ ਸਮੂਹ 518 ਸਰਕਾਰੀ ਤੇ ਪ੍ਰਾਈਵੇਟ ਗਊਸ਼ਲਾਵਾਂ ਦਾ ਬਿਜਲੀ ਬਿੱਲ ਮੁਆਫ਼ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਪ੍ਰਗਟ ਕੀਤਾ।
ਉਨ੍ਹਾਂ ਦੱਸਿਆ ਕਿ ਜ਼ਖਮੀ ਗਊਧਨ ਦੇ ਇਲਾਜ ਲਈ ਸਮੂਹ ਪ੍ਰਾਈਵੇਟ ਤੇ ਸਰਕਾਰੀ ਗਊਸ਼ਲਾਵਾਂ ਨੂੰ 3.6 ਕਰੋੜ ਦੀ ਲਾਗਤ ਨਾਲ ‘ਕਾਓ ਲਿਫ਼ਟਰ’ ਵੀ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਸ਼ੂਧਨ ਦੀ ਸੇਵਾ ’ਚ ਲੱਗੀਆਂ ਗਊਸ਼ਾਲਾਵਾਂ ਨੂੰ ਗਊਆਂ ਦੇ ਚਾਰੇ ਤੇ ਸੰਭਾਲ ਲਈ 61 ਰੁਪਏ ਦੀ ਰਾਸ਼ੀ ਪ੍ਰਤੀ ਗਊਧਨ ਪ੍ਰਤੀ ਦਿਨ ਜਲਦ ਪਹੁੰਚਾਈ ਜਾਵੇਗੀ। ਪੰਜਾਬ ’ਚ ਗਊ ਹੱਤਿਆ, ਗਊ ਸਮੱਗਲਿੰਗ ਤੇ ਗਊ ਮਾਸ ਦਾ ਗੈਰ ਕਾਨੂੰਨੀ ਕੰਮ ਕਰਨ ’ਤੇ ‘ਦਿ ਪੰਜਾਬ ਪ੍ਰੋਹਿਬਸ਼ਨ ਆਫ਼ ਕਾਓ ਸਲਾਟਰ (ਅਮੈਂਡਮੈਂਟ) ਐਕਟ, 2011’ ਤਹਿਤ 10 ਸਾਲ ਤੱਕ ਦੀ ਕੈਦ ਦੀ ਵਿਵਸਥਾ ਹੈ। ਇਸ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ’ਚ ਗਊ ਸੁਰੱਖਿਆ ਸੈੱਲ ਵੀ ਸਥਾਪਤ ਕੀਤੇ ਗਏ ਹਨ। ਇਸ ਮੌਕੇ ਜੁਆਇੰਟ ਕਮਿਸ਼ਨਰ ਨਗਰ ਨਿਗਮ ਮਨਦੀਪ ਕੌਰ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਅਵਤਾਰ ਸਿੰਘ, ਸਹਾਇਕ ਡਾਇਰੈਕਟਰ ਡਾ. ਕੁਲਵਿੰਦਰ ਸਿੰਘ ਤੇ ਡਾ. ਬਲਬੀਰ ਸਿੰਘ, ਕੌਂਸਲਰ ਸੁਦੇਸ਼ ਭਗਤ, ਪੂਰਨ ਚੰਦ ਭਾਰਤੀ, ਯਸ਼ਪਾਲ ਭਗਤ, ਮੰਗਲ ਦਾਸ, ਵੇਦ ਪ੍ਰਕਾਸ਼, ਨਿਹੰਗ ਬਾਬਾ ਮਨਜੀਤ ਸਿੰਘ, ਰਾਹੁਲ ਭਗਤ, ਕਰਨ ਭਗਤ ਤੋਂ ਇਲਾਵਾ ਗਊਸ਼ਲਾਵਾਂ ਦੇ ਨੁਮਾਇੰਦੇ ਵੀ ਮੌਜੂਦ ਸਨ।