ਪੁਲਿਸ ਜਬਰ ਖ਼ਿਲਾਫ਼ ਰੈਲੀ ਤੇ ਰੋਸ ਮਾਰਚ ਖੱਬੇ ਪੱਖੀਆਂ ਨੇ ਦਿੱਲੀ ਪੁਲਿਸ ਜ਼ਬਰ ਤੇ ਆਰ.ਐਸ.ਐਸ ਦੀ ਗੁੰਡਾਗਰਦੀ ਖ਼ਿਲਾਫ਼ ਕੀਤੀ ਰੈਲੀ ਅਤੇ ਰੋਸ ਮਾਰਚ
Publish Date: Sat, 25 Jul 2026 07:10 PM (IST)
Updated Date: Sat, 25 Jul 2026 07:10 PM (IST)
ਮਹਿੰਦਰ ਰਾਮ ਫੁੱਗਲਾਣਾ, ਜਲੰਧਰ, ਪੰਜਾਬੀ ਜਾਗਰਣ ਦਿੱਲੀ ਪੁਲਿਸ ਵੱਲੋਂ ਨਵੀਂ ਦਿੱਲੀ ’ਚ ਨੌਜਵਾਨਾਂ-ਵਿਦਿਆਰਥੀਆਂ ਅਤੇ ਆਮ ਲੋਕਾਂ ਤੇ ਢਾਹੇ ਗਏ ਅਣਮਨੁੱਖੀ ਜਬਰ ਤੇ ਗੁੰਡਾਗਰਦੀ ਖਿਲਾਫ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਸੂਬਾ ਪੱਧਰ ਦਾ ਜ਼ੋਰਦਾਰ ਰੋਸ ਧਰਨਾ ਮਾਰਿਆ ਗਿਆ। ਧਰਨੇ ਦਾ ਸੱਦਾ ਆਰ.ਐਮ.ਪੀ.ਆਈ., ਸੀ.ਪੀ.ਆਈ.(ਐੱਮ.ਐੱਲ.) ਲਿਬ੍ਰੇਸ਼ਨ, ਸੀ.ਪੀ.ਆਈ.(ਐੱਮ.ਐੱਲ.) ਨਿਊ ਡੈਮੋਕ੍ਰੇਸੀ ਤੇ ਐੱਮ.ਸੀ.ਪੀ.ਆਈ.-ਯੂ. ਵਲੋਂ ਦਿੱਤਾ ਗਿਆ ਸੀ। ਮੰਗਤ ਰਾਮ ਪਾਸਲਾ, ਸੁਖਦਰਸ਼ਨ ਨੱਤ, ਪਰਗਟ ਸਿੰਘ ਜਾਮਾਰਾਏ, ਗੁਰਮੁਖ ਸਿੰਘ ਮਾਨ, ਧਰਮਿੰਦਰ ਸਿੰਘ ਮੁਕੇਰੀਆਂ ਤੇ ਗਗਨਦੀਪ ਨੇ ਵਿਚਾਰ ਰੱਖੇ। ਬੁਲਾਰਿਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਪੇਪਰ ਲੀਕ ਘਪਲੇ ਦੇ ਮੁੱਖ ਦੋਸ਼ੀ, ਦਰਜਨਾਂ ਜ਼ਹੀਨ ਬੱਚਿਆਂ ਦੀਆਂ ਦੁਖਦਾਈ ਆਤਮ ਹੱਤਿਆਵਾਂ ਤੇ ਇਸ ਮਹਾ ਘੁਟਾਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਾਸੀਆਂ ਤੋਂ ਮਾਫੀ ਮੰਗਣ। ਉਨ੍ਹਾਂ ਅੰਦੋਲਨਕਾਰੀਆਂ ਖਿਲਾਫ ਸੰਘ-ਭਾਜਪਾ ਤੇ ਏਜੰਸੀਆਂ ਵੱਲੋਂ ਫੈਲਾਏ ਜਾ ਰਹੇ ਝੂਠ ਤੇ ਹਕੂਮਤੀ ਦਮਨ ਫੌਰੀ ਬੰਦ ਕੀਤੇ ਜਾਣ ਦੀ ਵੀ ਮੰਗ ਕੀਤੀ। ਇਸ ਮੌਕੇ ਪਾਸ ਕੀਤੇ ਇਕ ਸਰਵਸੰਮਤ ਮਤੇ ਰਾਹੀਂ ਪੇਪਰ ਲੀਕ ਹੋਣ ਦੇ ਦੁੱਖੋਂ ਖੁਦਕੁਸ਼ੀਆਂ ਕਰ ਗਏ ਬੱਚਿਆਂ ਦੇ ਮਾਪਿਆਂ ਨੂੰ ਢੁੱਕਵਾਂ ਮੁਆਵਜ਼ਾ ਦੇਣ, ਸਿੱਖਿਆ ਤੰਤਰ ਤਬਾਹ ਕਰਨ ਦੀਆਂ ਸਰਕਾਰ ਦੀਆਂ ਯੋਜਨਾਬੱਧ ਸਾਜਿਸ਼ਾਂ ਬੰਦ ਕਰਨ, ਦਲਿਤਾਂ-ਗਰੀਬਾਂ ਨੂੰ ਸਿਖਿਆ ਤੋਂ ਮਹਿਰੂਮ ਕਰਨ ਵਾਲੀ ਨਵੀਂ ਸਿੱਖਿਆ ਨੀਤੀ 2020 ਰੱਦ ਕਰਨ ਦੀ ਮੰਗ ਕੀਤੀ ਗਈ। ਇਕ ਵੱਖਰੇ ਮਤੇ ਰਾਹੀਂ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਬਰਨਾਲਾ ਵਿਖੇ ਸਫਾਈ ਕਰਮੀਆਂ ਤੇ ਢਾਹੇ ਗਏ ਪੁਲਿਸ ਜਬਰ ਦੀ ਨਿਖੇਧੀ ਕੀਤੀ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਦੀ ਵਿਦਿਆਰਥੀ ਯੂਨੀਅਨ (ਜੇ.ਐਨ.ਯੂ.ਐਸ.ਯੂ.) ਦੀ ਚੁਣੀ ਹੋਈ ਪ੍ਰਧਾਨ ਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਕੌਮੀ ਆਗੂ ਸਾਥੀ ਆਦਿਤੀ ਅਤੇ ਨਿਰੰਤਰ 23 ਦਿਨ ਭੁੱਖ ਹੜਤਾਲ ਤੇ ਬੈਠਣ ਵਾਲੇ ਵਿਦਿਆਰਥੀ ਆਗੂ ਸਾਥੀ ਆਮੀਨ ਅਮਿਤੋਜ ਧਰਨੇ ਚ ਉਚੇਚੇ ਸ਼ਾਮਲ ਹੋਏ। ਪੰਜਾਬ ਭਰ ’ਚੋਂ ਪੁੱਜੇ ਖੱਬੇ ਪੱਖੀ ਆਗੂਆਂ ਤੇ ਕਾਰਕੁੰਨਾਂ ਤੋਂ ਇਲਾਵਾ ਸੁਸ਼ੀਲ ਦੋਸਾਂਝ, ਦਰਸ਼ਨ ਬੁੱਟਰ, ਲਖਵਿੰਦਰ ਜੌਹਲ, ਸਤਨਾਮ ਚਾਨਾ, ਮੱਖਣ ਕੁਹਾੜ, ਮੱਖਣ ਮਾਨ, ਪ੍ਰਿੰਸੀਪਲ ਨਵਜੋਤ, ਸੰਤੋਖ ਲਾਲ ਵਿਰਦੀ ਦੀ ਅਗਵਾਈ ਚ ਉੱਘੇ ਲੇਖਕਾਂ, ਬੁਧੀਜੀਵੀਆਂ ਤੇ ਹੋਰ ਸਮਾਜਿਕ ਹਸਤੀਆਂ ਨੇ ਵੀ ਧਰਨੇ ਚ ਸ਼ਾਮਲ ਹੋਏ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਕੁਲਵੰਤ ਸਿੰਘ ਸੰਧੂ ਤੇ ਗੁਰਮੀਤ ਸਿੰਘ ਦੀ ਅਗਵਾਈ ਚ ਕਮੇਟੀ ਦੇ ਮੈਂਬਰਾਂ ਨੇ ਵੀ ਹਾਜ਼ਰੀ ਲਵਾਈ। ਮੰਚ ਤੇ ਕਸ਼ਮੀਰ ਸਿੰਘ ਘੁੱਗਸ਼ੋਰ, ਮਨਜਿੰਦਰ ਸਿੰਘ ਢੇਸੀ, ਜਸਵਿੰਦਰ ਸਿੰਘ ਖਟਕੜ, ਰਤਨ ਸਿੰਘ ਰੰਧਾਵਾ, ਗੁਰਨਾਮ ਸਿੰਘ ਦਾਊਦ, ਪ੍ਰੋਫੈਸਰ ਬਲਵੀਰ, ਅਰਮਾਨ ਸਿੰਘ ਵੀ ਮੌਜੇਦ ਸਨ। ਧਰਨਾਕਾਰੀਆਂ ਨੇ ਹੱਥਾਂ ਚ ਮੰਗਾਂ ਵਾਲੀਆਂ ਤਖ਼ਤੀਆਂ ਤੇ ਝੰਡੇ-ਬੈਨਰ ਲੈ ਕੇ ਅਤੇ ਸਿਰਾਂ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਡੀ.ਸੀ. ਦਫਤਰ ਤੱਕ ਰੋਹ ਭਰਪੂਰ ਜਲੂਸ ਵੀ ਕੱਢਿਆ। ਅਧਿਕਾਰੀਆਂ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਵੀ ਭੇਜਿਆ ਗਿਆ।