ਵਕੀਲਾਂ ਨੇ ਅਦਾਲਤਾਂ ਦੇ ਕੰਮ ਦਾ ਕੀਤਾ ਬਾਈਕਾਟ ਲੀਗਲ ਏਡ ਡਿਫੈਂਸ ਕੌਂਸਲ ਪਾਲਿਸੀ ਦੇ ਖ਼ਿਲਾਫ਼ ਵਕੀਲਾਂ ਨੇ ਰੱਖਿਆ ਕੰਮਕਾਜ ਠੱਪ
Publish Date: Wed, 15 Jul 2026 06:41 PM (IST)
Updated Date: Wed, 15 Jul 2026 06:42 PM (IST)
-18 ਜੁਲਾਈ ਤੱਕ ਜਾਰੀ ਰਹੇਗੀ ਹੜਤਾਲ ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਲੀਗਲ ਏਡ ਡਿਫੈਂਸ ਕੌਂਸਲ ਪਾਲਿਸੀ ਦੇ ਖ਼ਿਲਾਫ਼ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਅੱਜ ਕੰਮਕਾਜ ਠੱਪ ਰੱਖਿਆ ਗਿਆ ਤੇ ਅਦਾਲਤਾਂ ਦੇ ਕੰਮ ਦਾ ਬਾਈਕਾਟ ਕੀਤਾ। ਇਸ ਸਬੰਧੀ ਗੱਲਬਾਤ ਕਰਦੇ ਹੋਏ ਪ੍ਰਧਾਨ ਅਦਿੱਤਿਆ ਜੈਨ, ਸਕੱਤਰ ਰੋਹਿਤ ਗੰਭੀਰ, ਸੀਨੀਅਰ ਮੀਤ ਪ੍ਰਧਾਨ ਰਾਮ ਛਾਬੜਾ, ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ ਨੇ ਦੱਸਿਆ ਕਿ ਇਸ ਪਾਲਿਸੀ ਕਰਕੇ ਆਏ ਦਿਨ ਅਪਰਾਧ ’ਚ ਵਾਧਾ ਹੋ ਰਿਹਾ ਹੈ ਤੇ ਇਸ ਕਰ ਕੇ ਇਸ ਪਾਲਿਸੀ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ। ਇਸ ਪਾਲਿਸੀ ਕਰਕੇ ਅਪਰਾਧੀਆਂ ਦਾ ਹੌਸਲਾ ਹੋਰ ਵਧੇਗਾ ਕਿਉਂਕਿ ਜੇਕਰ ਕੋਈ ਵੀ ਅਪਰਾਧ ਕਰਦਾ ਹੈ ਤੇ ਵਕੀਲ ਜੇਲ੍ਹ ’ਚ ਹੀ ਜਾ ਕੇ ਉਸ ਦਾ ਵਕਾਲਤਨਾਮਾ ਲੈ ਕੇ ਸਾਰਾ ਕੰਮ ਕਰੇਗਾ ਤੇ ਇਸ ਲਈ ਅਪਰਾਧ ਕਰਨ ਵਾਲੇ ਨੂੰ ਕੋਈ ਖਰਚਾ ਵੀ ਨਹੀਂ ਕਰਨਾ ਪਵੇਗਾ ਤੇ ਇਸੇ ਕਰਕੇ ਅਪਰਾਧੀਆਂ ਦੇ ਹੌਸਲੇ ਵੀ ਵਧ ਰਹੇ ਹਨ ਤੇ ਅਪਰਾਧ ਵੀ ਘੱਟ ਹੋਣ ਦਾ ਨਾਂਅ ਨਹੀਂ ਲੈ ਰਿਹਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਵਕੀਲਾਂ ’ਚ ਇਸ ਪਾਲਿਸੀ ਨੂੰ ਲੈ ਕੇ ਰੋਸ ਵਧਦਾ ਜਾ ਰਿਹਾ ਤੇ ਪ੍ਰਧਾਨ ਅਦਿੱਤਿਆ ਜੈਨ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦੀ ਇਹ ਹੜਤਾਲ 18 ਜੁਲਾਈ ਤੱਕ ਇਸੇ ਤਰ੍ਹਾਂ ਜਾਰੀ ਰਹੇਗੀ ਤੇ ਇਹ ਪੂਰਾ ਹਫ਼ਤਾ ਹੁਣ ਹੜਤਾਲ ’ਚ ਹੀ ਬੀਤ ਜਾਵੇਗਾ ਤੇ ਲੋਕਾਂ ਨੂੰ ਆਪਣੇ ਕੇਸਾਂ ਲਈ ਅਗਲੇ ਹਫ਼ਤੇ ਦਾ ਇੰਤਜ਼ਾਰ ਕਰਨਾ ਪਵੇਗਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਵਕੀਲਾਂ ਦੀ ਲਗਾਤਾਰ ਚਲ ਰਹੀ ਇਸ ਹੜਤਾਲ ਕਰ ਕੇ ਅਦਾਲਤਾਂ ਦਾ ਕੰਮਕਾਜ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਤੇ ਪੈਡਿੰਗ ਕੇਸਾਂ ਦੀ ਗਿਣਤੀ ਹੋਰ ਵਧੇਗੀ, ਜਿਸ ਤਰ੍ਹਾਂ ਵਕੀਲਾਂ ’ਚ ਰੋਸ ਵੇਖਣ ਨੂੰ ਮਿਲ ਰਿਹਾ ਹੈ ਇਹ ਸੰਘਰਸ਼ ਹੋਰ ਅੱਗੇ ਵਧਣ ਦੀ ਉਮੀਦ ਹੈ। ਅੱਜ ਇਸ ਮੌਕੇ ਇਨ੍ਹਾਂ ਤੋਂ ਇਲਾਵਾ ਹੋਰ ਵਕੀਲਾਂ ’ਚ ਸਾਬਕਾ ਪ੍ਰਧਾਨ ਓਮ ਪ੍ਰਕਾਸ਼ ਸ਼ਰਮਾ, ਐਡਵੋਕੇਟ ਸੰਜੀਵ ਬਾਂਸਲ, ਸਾਬਕਾ ਪ੍ਰਧਾਨ ਐਡਵੋਕੇਟ ਗੁਰਮੇਲ ਸਿੰਘ ਲਿੱਧੜ, ਐਡਵੋਕੇਟ ਬਲਦੇਵ ਪਰਕਾਸ਼ ਰੱਲ੍ਹ, ਐਡਵੋਕੇਟ ਰਾਕੇਸ਼ ਧੀਰ,ਐਡਵੋਕੇਟ ਪ੍ਰਿਤਪਾਲ ਸਿੰਘ, ਐਡਵੋਕੇਟ ਰਾਜੀਵ ਕੋਹਲੀ, ਐਡਵੋਕੇਟ ਤੇਜਿੰਦਰ ਸਿੰਘ ਧਾਲੀਵਾਲ, ਐਡਵੋਕੇਟ ਕਰਮਪਾਲ ਸਿੰਘ ਗਿੱਲ, ਐਡਵੋਕੇਟ ਪ੍ਰਸ਼ੋਤਮ ਕਪੂਰ, ਐਡਵੋਕੇਟ ਵਿਨੇ ਸ਼ਰਮਾ, ਐਡਵੋਕੇਟ ਅਸ਼ੋਕ ਸ਼ਰਮਾ ਸਮੇਤ ਵੱਡੀ ਗਿਣਤੀ ’ਚ ਵਕੀਲ ਮੈਂਬਰ ਮੌਜੂਦ ਸਨ।