- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਡਵੋਕੇਟ ਕਰਨਜੀਤ ਸਿੰਘ ਦੇ ਬਾਰ ਕੌਂਸਲ ਆਫ਼ ਇੰਡੀਆ ਦਾ ਮੈਂਬਰ ਚੁਣੇ ਜਾਣ ’ਤੇ ਵਕੀਲਾਂ ਨੇ ਲੱਡੂ ਵੰਡੇ

--ਵਕੀਲਾਂ ਦੇ ਹੱਕਾਂ, ਹਿਤਾਂ ਤੇ ਭਲਾਈ ਲਈ ਨਵੀਆਂ ਉਮੀਦਾਂ ਜਾਗੀਆਂ : ਐਡਵੋਕੇਟ ਕਾਹਲੋਂ/ਢਿੱਲੋਂ
ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਐਡਵੋਕੇਟ ਕਰਨਜੀਤ ਸਿੰਘ ਦੇ ਬਾਰ ਕੌਂਸਲ ਆਫ਼ ਇੰਡੀਆ ਦਾ ਮੈਂਬਰ ਚੁਣੇ ਜਾਣ ਦੀ ਖ਼ੁਸ਼ੀ ’ਚ ਜਲੰਧਰ ਦੇ ਵਕੀਲ ਭਾਈਚਾਰੇ ਵੱਲੋਂ ਲੱਡੂ ਵੰਡ ਕੇ ਜਸ਼ਨ ਮਨਾਇਆ ਗਿਆ। ਇਸ ਮੌਕੇ ਐਡਵੋਕੇਟ ਗੁਰਜੀਤ ਸਿੰਘ ਕਾਹਲੋਂ ਤੇ ਐਡਵੋਕੇਟ ਪਰਮਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਐਡਵੋਕੇਟ ਸੁਖਵਿੰਦਰ ਸਿੰਘ ਟੁਰਨਾ, ਐਡਵੋਕੇਟ ਗੁਰਨਾਮ ਸਿੰਘ, ਐਡਵੋਕੇਟ ਕਰਮਿੰਦਰ ਪਾਲ ਸਿੰਘ, ਐਡਵੋਕੇਟ ਹੁਸਨ ਲਾਲ, ਐਡਵੋਕੇਟ ਪਰਮਜੀਤ ਸਿੰਘ ਟੁਰਨਾ, ਐਡਵੋਕੇਟ ਮਨੋਰਮਾ, ਐਡਵੋਕੇਟ ਟੀਨਾ, ਐਡਵੋਕੇਟ ਵਿਨੀਤ ਬਖ਼ਸ਼ੀ, ਐਡਵੋਕੇਟ ਹਰਪ੍ਰੀਤ ਕੌਰ ਢੀਂਡਸਾ, ਐਡਵੋਕੇਟ ਓਮ ਪ੍ਰਕਾਸ਼ ਸ਼ਰਮਾ, ਐਡਵੋਕੇਟ ਰਾਜ ਕੁਮਾਰ ਬੈਂਸ ਤੇ ਐਡਵੋਕੇਟ ਦੀਪਕ ਸਮੇਤ ਹੋਰ ਵਕੀਲਾਂ ਨੇ ਇਸ ਚੋਣ ਦਾ ਨਿੱਘਾ ਸਵਾਗਤ ਕਰਦਿਆਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਐਡਵੋਕੇਟ ਗੁਰਜੀਤ ਸਿੰਘ ਕਾਹਲੋਂ ਤੇ ਐਡਵੋਕੇਟ ਪਰਮਿੰਦਰ ਸਿੰਘ ਢਿੱਲੋਂ ਨੇ ਸਾਂਝੇ ਬਿਆਨ ’ਚ ਕਿਹਾ ਕਿ ਐਡਵੋਕੇਟ ਕਰਨਜੀਤ ਸਿੰਘ ਦਾ ਬਾਰ ਕੌਂਸਲ ਆਫ਼ ਇੰਡੀਆ ਦਾ ਮੈਂਬਰ ਚੁਣਿਆ ਜਾਣਾ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਸਮੁੱਚੇ ਵਕੀਲ ਭਾਈਚਾਰੇ ਲਈ ਮਾਣ ਤੇ ਖ਼ੁਸ਼ੀ ਦਾ ਵਿਸ਼ਾ ਹੈ। ਬਾਰ ਕੌਂਸਲ ਆਫ਼ ਇੰਡੀਆ ਦੇਸ਼ ਦੇ ਵਕੀਲਾਂ ਦੀ ਸਰਵਉੱਚ ਕਾਨੂੰਨੀ ਨਿਆਇਕ ਸੰਸਥਾ ਹੈ, ਜਿਸ ਦੀ ਕਾਨੂੰਨੀ ਪੇਸ਼ੇ ਦੀ ਮਰਿਆਦਾ ਕਾਇਮ ਰੱਖਣ, ਵਕੀਲਾਂ ਦੇ ਹਿਤਾਂ ਦੀ ਰਾਖੀ ਕਰਨ ਤੇ ਕਾਨੂੰਨੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ’ਚ ਮਹੱਤਵਪੂਰਨ ਭੂਮਿਕਾ ਹੈ। ਇਨ੍ਹਾਂ ਦੋਵਾਂ ਵਕੀਲਾਂ ਨੇ ਕਿਹਾ ਕਿ ਅੱਜ ਵਕੀਲ ਭਾਈਚਾਰੇ ਨੂੰ ਅਨੇਕਾਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਕਰਕੇ ਨੌਜਵਾਨ ਵਕੀਲਾਂ ਲਈ ਆਰਥਿਕ ਸੁਰੱਖਿਆ, ਵਕੀਲਾਂ ਲਈ ਸਿਹਤ ਬੀਮਾ, ਭਲਾਈ ਸਕੀਮਾਂ, ਬਜ਼ੁਰਗ ਵਕੀਲਾਂ ਲਈ ਪੈਨਸ਼ਨ, ਅਦਾਲਤੀ ਕੰਪਲੈਕਸਾਂ ਵਿਚ ਬੁਨਿਆਦੀ ਸਹੂਲਤਾਂ ਤੇ ਵਕੀਲਾਂ ਦੀ ਸੁਰੱਖਿਆ ਵਰਗੇ ਮੁੱਦਿਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਅਖੀਰ ਵਕੀਲਾਂ ਨੇ ਲੱਡੂ ਵੰਡ ਕੇ ਇਸ ਖ਼ੁਸ਼ੀ ਨੂੰ ਸਾਂਝਾ ਕੀਤਾ ਤੇ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਨਾਲ ਵਕੀਲਾਂ ਦੇ ਹੱਕਾਂ, ਹਿਤਾਂ ਤੇ ਭਲਾਈ ਲਈ ਨਵੀਆਂ ਉਮੀਦਾਂ ਜਾਗੀਆਂ ਹਨ।