ਐਡਵੋਕੇਟ ਬਲਵਿੰਦਰ ਦੇ ਹੱਕ ’ਚ ਨਿੱਤਰੇ ਵਕੀਲ
ਹਾਈਵੇ ਐਕਟ ਦੇ ਝੂਠੇ ਮਾਮਲੇ ’ਚ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ’ਚ ਆਇਆ ਵਕੀਲ ਭਾਈਚਾਰਾ
Publish Date: Wed, 18 Feb 2026 09:02 PM (IST)
Updated Date: Wed, 18 Feb 2026 09:03 PM (IST)

-ਪਰਚਾ ਕੈਂਸਲ ਕਰਨ ਲਈ ਡੀਜੀਪੀ ਪੰਜਾਬ ਨੂੰ ਲਿਖਿਆ ਪੱਤਰ -ਵਕੀਲਾਂ ਨੇ ਕਿਹਾ-ਮਾਮਲੇ ’ਚ ਇਨਸਾਫ ਲਈ ਹਰ ਕਾਨੂੰਨੀ ਲੜਾਈ ਲੜੀ ਜਾਵੇਗੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐਡਵੋਕੇਟ ਪ੍ਰਿਤਪਾਲ, ਐਡਵੋਕੇਟ ਹਰਪ੍ਰੀਤ ਸਿੰਘ, ਐਡਵੋਕੇਟ ਮਧੂ ਰਚਨਾ, ਐਡਵੋਕੇਟ ਰਾਜਕੁਮਾਰ, ਐਡਵੋਕੇਟ ਹਰਭਜਨ ਸਾਂਪਲਾ, ਐਡਵੋਕੇਟ ਪਵਨ ਬੈਂਸ, ਐਡਵੋਕੇਟ ਰਜਿੰਦਰ ਕੁਮਾਰ, ਐਡਵੋਕੇਟ ਦੀਪਕ ਤੇ ਹੋਰ ਵਕੀਲਾਂ ਵੱਲੋਂ ਅੱਜ ਇੱਥੇ ਪ੍ਰੈੱਸ ਕਲੱਬ ’ਚ ਹਾਈਵੇ ਐਕਟ ਦੇ ਝੂਠੇ ਪਰਚੇ ’ਚ ਨਾਮਜ਼ਦ ਕੀਤੇ ਗਏ ਐਡਵੋਕੇਟ ਬਲਵਿੰਦਰ ਕੁਮਾਰ ਸਮੇਤ 42 ਬੇਗੁਨਾਹਾਂ ਦੇ ਹੱਕ ’ਚ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਪ੍ਰਿਤਪਾਲ, ਐਡਵੋਕੇਟ ਹਰਪ੍ਰੀਤ ਸਿੰਘ ਤੇ ਐਡਵੋਕੇਟ ਮਧੂ ਰਚਨਾ ਨੇ ਕਿਹਾ ਕਿ ਐਡਵੋਕੇਟ ਬਲਵਿੰਦਰ ਕੁਮਾਰ ਜਿੱਥੇ ਸਿਆਸੀ ਪਾਰਟੀ ਨਾਲ ਸਬੰਧ ਰੱਖਦੇ ਹਨ, ਉੱਥੇ ਵਕੀਲ ਭਾਈਚਾਰੇ ਨਾਲ ਵੀ ਸਬੰਧਤ ਹਨ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਦੇ ਮੈਂਬਰ ਵੀ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ’ਚ ਜਲੰਧਰ ਦਿਹਾਤੀ ਪੁਲਿਸ ਵੱਲੋਂ ਉਨ੍ਹਾਂ ਖਿਲਾਫ ਰਾਜਨੀਤਕ ਮਨਸ਼ਾ ਤੇ ਰੰਜਿਸ਼ਨ ਝੂਠਾ ਹਾਈਵੇ ਐਕਟ ਦਾ ਪਰਚਾ (ਐੱਫਆਈਆਰ ਨੰਬਰ 85/23) 23 ਜੁਲਾਈ, 2023 ਨੂੰ ਥਾਣਾ ਮਕਸੂਦਾਂ ਵਿਖੇ ਦਰਜ ਕੀਤਾ ਗਿਆ ਸੀ, ਕਿਉਂਕਿ ਉਹ ਇਕ ਸਿਆਸੀ ਪਾਰਟੀ ਨਾਲ ਵੀ ਸਬੰਧਤ ਹਨ ਤੇ ਲੋਕ ਹਿੱਤਾਂ ਦੀ ਲੜਾਈ ਲੜਦੇ ਹਨ। ਵਕੀਲਾਂ ਨੇ ਕਿਹਾ ਕਿ ਇਹ ਪਰਚਾ ਉਸ ਸਮੇਂ ਥਾਣਾ ਮਕਸੂਦਾਂ ਦੇ ਮੁਖੀ ਸਿਕੰਦਰ ਸਿੰਘ ਵਿਰਕ ਵੱਲੋਂ ਦਰਜ ਕੀਤਾ ਗਿਆ ਸੀ, ਕਿਉਂਕਿ ਬਲਵਿੰਦਰ ਕੁਮਾਰ ਤੇ ਇਲਾਕੇ ਦੇ ਲੋਕਾਂ ਵੱਲੋਂ ਨਸ਼ੇ ਖਿਲਾਫ ਥਾਣਾ ਖੇਤਰ ਤਹਿਤ ਆਉਂਦੇ ਪਿੰਡ ਨੂਰਪੁਰ ਦੇ ਅੱਡੇ ’ਤੇ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ’ਚ ਐਡਵੋਕੇਟ ਬਲਵਿੰਦਰ ਕੁਮਾਰ ਸਮੇਤ ਲੋਕਾਂ ਵੱਲੋਂ ਕੋਈ ਵੀ ਟ੍ਰੈਫਿਕ ਜਾਮ ਨਹੀਂ ਕੀਤਾ ਗਿਆ ਤੇ ਇਸ ਧਰਨੇ ਸਬੰਧੀ ਵੀਡੀਓ ਤੇ ਤਸਵੀਰਾਂ ਤੋਂ ਸਾਫ ਹੈ ਕਿ ਥਾਣਾ ਮੁਖੀ ਸਿਕੰਦਰ ਸਿੰਘ ਵਿਰਕ ਨੇ ਰੰਜਿਸ਼ਨ ਖੁਦ ਹੀ ਆਪਣੇ ਮੁਲਾਜ਼ਮਾਂ ਦੇ ਨਾਲ ਹਾਈਵੇ ਰੋਕ ਕੇ ਇਹ ਝੂਠਾ ਪਰਚਾ ਐਡਵੋਕੇਟ ਬਲਵਿੰਦਰ ਕੁਮਾਰ ਤੇ ਹੋਰਨਾਂ ਖਿਲਾਫ ਦਰਜ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਪਰਚੇ ਸਬੰਧੀ ਇਕ ਦਿਲਚਸਪ ਗੱਲ ਇਹ ਵੀ ਹੈ ਕਿ ਇਸ ਸਬੰਧੀ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਇਸ ਮਾਮਲੇ ਦੀ ਜਾਂਚ ਐੱਸਐੱਸਪੀ ਹੁਸ਼ਿਆਰਪੁਰ ਤੋਂ ਕਰਵਾਈ ਸੀ ਤੇ ਉਨ੍ਹਾਂ ਆਪਣੀ ਜਾਂਚ ’ਚ ਪਾਇਆ ਕਿ ਐਡਵੋਕੇਟ ਬਲਵਿੰਦਰ ਕੁਮਾਰ ਤੇ ਹੋਰ ਲੋਕ ਬੇਗੁਨਾਹ ਹਨ ਤੇ ਉਨ੍ਹਾਂ ਕੋਈ ਜਾਮ ਨਹੀਂ ਕੀਤਾ ਤੇ ਇਸ ਕਰਕੇ ਇਹ ਪਰਚਾ ਰੱਦ ਕਰਨ ਯੋਗ ਹੈ। ਡੀਜੀਪੀ ਪੰਜਾਬ ਨੇ ਇਹ ਜਾਂਚ ਰਿਪੋਰਟ ਡਾਇਰੈਕਟ ਪੀਬੀਆਈ ਨੂੰ ਭੇਜੀ ਤੇ ਉਨ੍ਹਾਂ ਸਾਰੇ ਕਾਨੂੰਨੀ ਪੱਖਾਂ ਤੋਂ ਇਹ ਰਿਪੋਰਟ ਦੇਖ ਕੇ ਐੱਸਐੱਸਪੀ ਜਲੰਧਰ ਦਿਹਾਤੀ ਨੂੰ ਇਸ ਪਰਚੇ ਨੂੰ ਰੱਦ ਕਰਨ ਸਬੰਧੀ ਹਦਾਇਤ ਕੀਤੀ। ਪਰ ਇਸ ਸਭ ਨੂੰ ਅਣਦੇਖਿਆ ਕਰਦਿਆਂ ਜਲੰਧਰ ਦੇ ਮੌਜੂਦਾ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਦੇ ਅਧੀਨ ਥਾਣਾ ਮਕਸੂਦਾਂ ਮੁਖੀ ਬਿਕਰਮ ਸਿੰਘ ਨੇ ਆਪਣੇ ਪੱਧਰ ’ਤੇ ਹੀ ਐਡਵੋਕੇਟ ਬਲਵਿੰਦਰ ਕੁਮਾਰ ਸਮੇਤ 42 ਬੇਗੁਨਾਹ ਲੋਕਾਂ ਖਿਲਾਫ ਸਤੰਬਰ, 2025 ਨੂੰ ਚਲਾਨ ਪੇਸ਼ ਕਰ ਦਿੱਤਾ। ਇਸ ਤਰ੍ਹਾਂ ਦੇ ਨਾਲ ਪੁਲਿਸ ਵੱਲੋਂ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰਕੇ ਲੋਕਾਂ ਖਿਲਾਫ ਅਪਰਾਧ ਕੀਤਾ ਗਿਆ ਹੈ। ਵਕੀਲਾਂ ਨੇ ਕਿਹਾ ਕਿ ਇਸ ਪਰਚੇ ਨੂੰ ਰੱਦ ਕਰਨ ’ਤੇ ਚਲਾਨ ਵਾਪਸ ਲੈਣ ਸਬੰਧੀ ਉਨ੍ਹਾਂ ਵੱਲੋਂ ਡੀਜੀਪੀ ਪੰਜਾਬ ਨੂੰ ਪੱਤਰ ਵੀ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਮਾਮਲੇ ’ਚ ਇਨਸਾਫ ਨਹੀਂ ਹੋ ਜਾਂਦਾ, ਉਦੋਂ ਤੱਕ ਉਹ ਸਾਰੇ ਵਕੀਲ ਸਾਥੀ ਹਰ ਕਾਨੂੰਨੀ ਰਾਹ ਅਖਤਿਆਰ ਕਰਨਗੇ। ਇਸ ਮੌਕੇ ’ਤੇ ਐਡਵੋਕੇਟ ਬਲਵਿੰਦਰ ਕੁਮਾਰ ਵੀ ਮੌਜ਼ੂਦ ਸਨ। ਉਨ੍ਹਾਂ ਕਿਹਾ ਕਿ ਆਪਣੀ ਗੱਲ ਰੱਖਣਾ, ਵਿਰੋਧ ਜਤਾਉਣਾ ਉਨ੍ਹਾਂ ਦਾ ਸੰਵਿਧਾਨਕ ਹੱਕ ਹੈ, ਪਰ ਇਸਨੂੰ ਹੀ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਮੀਡੀਆ ਅਦਾਰਿਆਂ ਨਾਲ ਵੀ ਕੀਤਾ ਜਾ ਰਿਹਾ ਹੈ।