ਆਟੋ ਰਿਕਸ਼ਾ ’ਚੋਂ ਨਾਜਾਇਜ਼ ਸ਼ਰਾਬ ਬਰਾਮਦ ਆਟੋ ਰਿਕਸ਼ਾ ’ਚੋਂ ਭਾਰੀ ਮਾਤਰਾ ’ਚ ਨਜਾਇਜ਼ ਸ਼ਰਾਬ ਬਰਾਮਦ
Publish Date: Thu, 03 Sep 2026 07:27 PM (IST)
Updated Date: Thu, 03 Sep 2026 07:28 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਆਬਕਾਰੀ ਵਿਭਾਗ ਤੇ ਪੁਲਿਸ ਦੀ ਸਾਂਝੀ ਟੀਮ ਨੇ ਇਕ ਆਟੋ-ਰਿਕਸ਼ਾ ’ਚੋਂ ਵੱਡੀ ਮਾਤਰਾ ’ਚ ਨਾਜਾਇਜ਼ ਸ਼ਰਾਬ ਜ਼ਬਤ ਕਰਕੇ ਡਰਾਈਵਰ ਤੇ ਇਕ ਹੋਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਆਟੋ-ਰਿਕਸ਼ਾ ਨੂੰ ਜ਼ਬਤ ਕਰਕੇ ਥਾਣੇ ਲੈ ਕੇ ਜਾਂਦਾ ਗਿਆ। ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੰਜੂ ਵਾਸੀ ਗੁਰੂਦੇਵ ਨਗਰ ਤੇ ਪ੍ਰਿੰਸ ਵਾਸੀ ਬਸਤੀ ਪੀਰ ਦਾਦ ਜਲੰਧਰ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਇਹ ਕਾਰਵਾਈ ਇਕ ਸੂਚਨਾ ਦੇ ਆਧਾਰ ’ਤੇ ਆਬਕਾਰੀ ਵਿਭਾਗ ਦੀ ਟੀਮ ਨਾਲ ਤਾਲਮੇਲ ਕਰਕੇ ਕੀਤੀ ਗਈ ਸੀ। ਟੀਮ ਨੇ ਜਲੰਧਰ-ਕਪੂਰਥਲਾ ਰੋਡ ਤੇ ਜਲੰਧਰ ਕੁੰਜ ਨੇੜੇ ਇਕ ਨਾਕਾ ਲਾਇਆ ਸੀ। ਇਹ ਕਾਰਵਾਈ ਡਾ. ਹਰਸਿਮਰਤ ਕੌਰ ਗਰੇਵਾਲ, ਸਹਾਇਕ ਕਮਿਸ਼ਨਰ ਆਬਕਾਰੀ, ਜਲੰਧਰ ਰੇਂਜ-2 ਦੇ ਨਿਰਦੇਸ਼ਾਂ ਹੇਠ ਆਬਕਾਰੀ ਇੰਸਪੈਕਟਰ ਮਨਜੀਤ ਸਿੰਘ ਢੀਂਡਸਾ ਦੀ ਸ਼ਮੂਲੀਅਤ ਨਾਲ ਕੀਤੀ ਗਈ ਸੀ। ਪੁਲਿਸ ਨੇ ਦੱਸਿਆ ਕਿ ਨਾਕੇਬੰਦੀ ਕਾਰਵਾਈ ਦੌਰਾਨ ਉਨ੍ਹਾਂ ਨੇ ਆਟੋ-ਰਿਕਸ਼ਾ ਨੰਬਰ ਪੀਬੀ-08-ਐੱਫਐੱਮ-4108 ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਆਟੋ ਚਾਲਕ ਨੇ ਆਪਣਾ ਆਟੋ ਭਜਾ ਲਿਆ। ਥੋੜ੍ਹੀ ਦੂਰੀ ਤੱਕ ਪਿੱਛਾ ਕਰਕੇ ਕਾਬੂ ਕਰ ਲਿਆ। ਇਸ ਤੋਂ ਬਾਅਦ ਆਟੋ-ਰਿਕਸ਼ਾ ਦੀ ਤਲਾਸ਼ੀ ਲਈ ਗਈ, ਜਿਸ ’ਚੋਂ ਵੱਡੀ ਮਾਤਰਾ ’ਚ ਸ਼ਰਾਬ ਬਰਾਮਦ ਹੋਈ। ਸਾਰੀਆਂ ਬਰਾਮਦ ਕੀਤੀਆਂ ਬੋਤਲਾਂ ’ਚੋਂ ਹੋਲੋਗ੍ਰਾਮ ਹਟਾ ਦਿੱਤੇ ਗਏ ਸਨ। ਜ਼ਬਤ ਕੀਤੀ ਗਈ ਸ਼ਰਾਬ ’ਚ ਪੰਜਾਬ ਕਿੰਗ ਵਿਸਕੀ ਦੇ 12 ਡੱਬੇ (144 ਬੋਤਲਾਂ) ਤੇ ਉਸੇ ਬ੍ਰਾਂਡ ਦੇ 13 ਹੋਰ ਡੱਬੇ (650 ਨਿੱਪ ਜਾਂ ਛੋਟੀਆਂ ਬੋਤਲਾਂ) ਸ਼ਾਮਲ ਸਨ। ਪੁਲਿਸ ਨੇ ਮੁਲਜ਼ਮਾਂ ਤੋਂ 794 ਬੋਤਲਾਂ ਬਰਾਮਦ ਕੀਤੀਆਂ। ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਐੱਫਆਈਆਰ ਦਰਜ ਕੀਤੀ ਜਾ ਰਹੀ ਹੈ।