- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੰਮਾ ਪਿੰਡ ਹੁਣ ਬਰਸਾਤੀ ਪਾਣੀ’ਚ ਨਹੀਂ ਡੁਬੇਗਾ, ਸਟਰਾਮ ਸੀਵਰੇਜ ਦਾ ਮੇਅਰ ਨੇ ਰੱਖਿਆ ਨੀਂਹ ਪੱਥਰ

-ਕਈ ਦਹਾਕਿਆਂ ਤੋਂ ਲਟਕੀ ਆ ਰਹੀ ਸਮੱਸਿਆ ਦਾ ਹੋਵੇਗਾ ਪੱਕਾ ਹੱਲ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਲੰਮਾ ਪਿੰਡ ਬਰਸਾਤੀ ਪਾਣੀ ’ਚ ਨਹੀਂ ਡੁਬੇਗਾ ਤੇ ਲੋਕਾਂ ਨੂੰ ਆਵਾਜਾਈ ਲਈ ਸਾਫ ਸੜਕ ਮਿਲੇਗੀ। ਮੇਅਰ ਵਿਨੀਤ ਧੀਰ ਤੇ ਜਲੰਧਰ ਉੱਤਰੀ ਹਲਕਾ ਇੰਚਾਰਜ ਵਲੋਂ ਬੁਧਵਾਰ ਨੂੰ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖ ਕੇ ਲੋਕਾਂ ਨੂੰ ਚਿਰਾਂ ਤੋਂ ਪੇਸ਼ ਆ ਰਹੀ ਮੁਸ਼ਕਲ ਤੋਂ ਛੁਟਕਾਰਾ ਦੁਆਉਣ ਦਾ ਕੰਮ ਕੀਤਾ ਹੈ। ਮੇਅਰ ਵਿਨੀਤ ਧੀਰ ਨੇ ਐਲਾਨ ਕੀਤਾ ਕਿ ਚੱਢਾ ਸਵੀਟਸ ਸ਼ਾਪ ਤੋਂ ਲੰਮਾ ਪਿੰਡ ਤੱਕ ਲਗਭਗ ਇਕ ਕਿੱਲੋਮੀਟਰ ਦੇ ਖੇਤਰ ’ਚ ਸਟਰਾਮ ਸੀਵਰ ਦੀ ਪਾਈਪਲਾਈਨ ਵਿਛਾਈ ਜਾਵੇਗੀ। ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਪਾਣੀ ਦੀ ਨਿਕਾਸੀ ਨੂੰ ਬਿਹਤਰ ਬਣਾਉਣਾ ਤੇ ਸਥਾਨਕ ਨਿਵਾਸੀਆਂ ਨੂੰ ਪਾਣੀ ਭਰਨ ਕਾਰਨ ਦਰਪੇਸ਼ ਸਮੱਸਿਆਵਾਂ ਤੋਂ ਰਾਹਤ ਦੁਆਉਣਾ ਹੈ। ਇਸ ਸੀਵਰ ਦੇ ਪੈਣ ਨਾਲ ਬਰਸਾਤ ਦੌਰਾਨ ਲੋਕਾਂ ਦੇ ਘਰਾਂ ’ਚ ਪਾਣੀ ਦਾਖਲ ਨਹੀਂ ਹੋ ਸਕੇਗਾ। ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਤੇ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਦਾ ਸਥਾਈ ਹੱਲ ਕਰਨਾਉਨ੍ਹਾਂ ਦਾ ਮੁਖ ਉਦੇਸ਼ ਹੋਵੇਗਾ। ਸ਼ਹਿਰ ਦੇ ਉਨ੍ਹਾਂ ਖੇਤਰਾਂ ’ਚ ਡਰੇਨੇਜ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ ਜੋ ਮਾਨਸੂਨ ਦੇ ਮੌਸਮ ਦੌਰਾਨ ਪਾਣੀ ਭਰਨ ਦਾ ਸਾਹਮਣਾ ਕਰਦੇ ਹਨ।
ਇਸ ਮੌਕੇ 'ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਿਰਮਲਜੀਤ ਸਿੰਘ ਨਿੰਮਾ ਨੇ ਕਿਹਾ ਕਿ ਲੰਮਾ ਪਿੰਡ ਦੇ ਵਸਨੀਕ ਦਹਾਕਿਆਂ ਤੋਂ ਪਾਣੀ ਭਰਨ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਹਰ ਵਾਰ ਜਦੋਂ ਮੀਂਹ ਪੈਂਦਾ ਸੀ, ਲੋਕਾਂ ਦੇ ਘਰ ਤੇ ਢਾਂਚੇ ਪਾਣੀ ’ਚ ਡੁੱਬ ਜਾਂਦੇ ਸਨ, ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਅਸੁਵਿਧਾ ਹੁੰਦੀ ਸੀ। ਸਹੀ ਨਿਕਾਸੀ ਦੀ ਘਾਟ ਕਾਰਨ, ਹਰ ਮਾਨਸੂਨ ’ਚ ਲੋਕਾਂ ਨੂੰ ਨੁਕਸਾਨ ਤੇ ਅਸੁਵਿਧਾ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਮੇਅਰ ਵਿਨੀਤ ਧੀਰ ਵੱਲੋਂ ਜਲੰਧਰ ਉੱਤਰੀ ਹਲਕੇ ਦਾ ਚਾਰਜ ਸੰਭਾਲਣ ਤੋਂ ਬਾਅਦ ਇਲਾਕੇ ਦੀਆਂ ਸਮੱਸਿਆਵਾਂ ਤੇ ਵਿਕਾਸ ਕਾਰਜਾਂ ’ਚ ਤੇਜ਼ੀ ਆਈ ਹੈ। ਵਿਕਾਸ ਕਾਰਜ ਹੁਣ ਲਗਾਤਾਰ ਜਾਰੀ ਹਨ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲ ਰਹੀ ਹੈ।
ਇਸ ਮੌਕੇ ਸਾਬਕਾ ਕੌਂਸਲਰ ਰੋਸ਼ਨ ਲਾਲ, ਜੋਗਿੰਦਰ ਪਾਲ ਸ਼ਰਮਾ, ਅਜੀਤ ਸਿੰਘ, ਹਰਜਿੰਦਰ ਸਿੰਘ, ਮਨਪ੍ਰੀਤ ਸਿੰਘ, ਸੁਰਿੰਦਰ ਸਿੰਘ ਕੈਰੋਂ, ਸਾਬਕਾ ਕੌਂਸਲਰ ਰਾਜਵਿੰਦਰ ਸਿੰਘ ਰਾਜਾ, ਸਾਬਕਾ ਕੌਂਸਲਰ ਮਾਈਕ ਖੋਸਲਾ, ਗੁਰਬਾਜ ਸਿੰਘ ਅਤੇ ਛੇਵੀਂ ਪਾਤਸ਼ਾਹੀ ਗੁਰਦੁਆਰੇ ਦੇ ਮੁਖੀ ਜੋਗਾ ਸਿੰਘ ਮੌਜੂਦ ਸਨ। ਵਸਨੀਕਾਂ ਨੇ ਮੇਅਰ ਵਿਨੀਤ ਧੀਰ ਤੇ ਆਮ ਆਦਮੀ ਪਾਰਟੀ ਦੀ ਟੀਮ ਦਾ ਇਸ ਨਾਜ਼ੁਕ ਮੁੱਦੇ ਨੂੰ ਹੱਲ ਕਰਨ ਲਈ ਕਦਮ ਚੁੱਕਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆ ਦੇ ਹੱਲ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।