- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਹੌਰੀ ਰਾਮ ਬਾਲੀ ਦਾ 96ਵਾਂ ਜਨਮ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

-96ਵਾਂ ਜਨਮ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ,.ਜਲੰਧਰ : ਲਾਹੌਰੀ ਰਾਮ ਬਾਲੀ ਯਾਦਗਾਰ ਕਮੇਟੀ ਵੱਲੋਂ ਨਿਡਰ ਬੁਲਾਰੇ, ਉੱਘੇ ਅੰਬੇਡਕਰਵਾਦੀ, ਅੰਬੇਡਕਰ ਭਵਨ ਜਲੰਧਰ ਦੇ ਫਾਊਂਡਰ ਟਰੱਸਟੀ, ਅੰਬੇਡਕਰ ਮਿਸ਼ਨ ਸੁਸਾਇਟੀ ਦੇ ਸੰਸਥਾਪਕ, ਆਲ ਇੰਡੀਆ ਸਮਤਾ ਸੈਨਿਕ ਦਲ ਦੇ ਪੁਨਰ-ਸੁਰਜੀਤਕਰਤਾ ਤੇ ਭੀਮ ਪਤ੍ਰਿਕਾ ਦੇ ਮੁੱਖ ਸੰਪਾਦਕ ਰਹੇ ਮਰਹੂਮ ਲਾਹੌਰੀ ਰਾਮ ਬਾਲੀ ਦਾ 96ਵਾਂ ਜਨਮ ਦਿਵਸ ਉਨ੍ਹਾਂ ਦੇ ਗ੍ਰਹਿ ’ਚ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਧੰਮਾਚਾਰੀ ਅਚਲ ਕੀਰਤੀ (ਬਲਦੇਵ ਰਾਜ ਜੱਸਲ) ਵੱਲੋਂ ਬੁੱਧ ਵੰਦਨਾ, ਤ੍ਰਿਸ਼ਰਣ ਤੇ ਪੰਚਸ਼ੀਲ ਦੇ ਪਾਠ ਨਾਲ ਹੋਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਲਾਹੌਰੀ ਰਾਮ ਬਾਲੀ ਦੇ ਸਮਾਜਿਕ, ਸਾਹਿਤਕ ਤੇ ਅੰਬੇਡਕਰੀ ਲਹਿਰ ਲਈ ਪਾਏ ਵਿਲੱਖਣ ਯੋਗਦਾਨ ਨੂੰ ਯਾਦ ਕੀਤਾ। ਸੀਨੀਅਰ ਅੰਬੇਡਕਰਵਾਦੀ ਡਾ. ਜੀਸੀ ਕੌਲ ਨੇ ਕਿਹਾ ਕਿ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਪਿੰਡਾਂ ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਨਾਮ ਲੈਣਾ ਵੀ ਆਸਾਨ ਨਹੀਂ ਸੀ। ਲਾਹੌਰੀ ਰਾਮ ਬਾਲੀ, ਹਜ਼ਾਰਾ ਰਾਮ ਬੋਧੀ ਤੇ ਬਿਹਾਰੀ ਲਾਲ ਖਾਰ ਵਰਗੇ ਸਾਥੀਆਂ ਨੇ ਸਾਈਕਲਾਂ 'ਤੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਬਾਬਾ ਸਾਹਿਬ ਦੇ ਵਿਚਾਰਾਂ ਨਾਲ ਜੋੜਿਆ। ਬਾਲੀ ਦੀ ਪੁਸਤਕ 'ਡਾ. ਅੰਬੇਡਕਰ ਜੀਵਨ ਤੇ ਮਿਸ਼ਨ' ਨੇ ਸਮਾਜ ’ਚ ਵੱਡੀ ਚੇਤਨਾ ਪੈਦਾ ਕੀਤੀ। ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਬਲਬੀਰ ਨੇ ਕਿਹਾ ਕਿ ਲਾਹੌਰੀ ਰਾਮ ਬਾਲੀ ਉਹ ਸ਼ਖ਼ਸੀਅਤ ਸਨ ਜੋ ਨਾ ਕਦੇ ਡਰੇ, ਨਾ ਝੁਕੇ ਅਤੇ ਨਾ ਹੀ ਆਪਣੇ ਸਿਧਾਂਤਾਂ ਨਾਲ ਸਮਝੌਤਾ ਕੀਤਾ। ਇਸ ਮੌਕੇ ਮਿਸ਼ਨਰੀ ਸਾਥੀ ਜਗਦੀਸ਼ ਕੁਮਾਰ ਡਾਲੀਆ, ਕਮਲ ਕੁਮਾਰ, ਸੂਰਜ ਵਿਰਦੀ, ਡਾ. ਮਹਿੰਦਰ ਸੰਧੂ ਤੇ ਵਿਸ਼ਾਲ ਗੋਰਕਾ ਨੇ ਵੀ ਵਿਚਾਰ ਰੱਖਦਿਆਂ ਉਨ੍ਹਾਂ ਦੇ ਜੀਵਨ ਦੇ ਅਣਛੂਹੇ ਪਹਿਲੂਆਂ 'ਤੇ ਚਾਨਣਾ ਪਾਇਆ ਤੇ ਮੌਜੂਦਾ ਸਮੇਂ ’ਚ ਦਲਿਤ ਸਮਾਜ ਸਾਹਮਣੇ ਖੜ੍ਹੀਆਂ ਚੁਣੌਤੀਆਂ ਬਾਰੇ ਵਿਚਾਰ ਸਾਂਝੇ ਕੀਤੇ। ਸਮਾਗਮ ਦੌਰਾਨ ਅੰਬੇਡਕਰੀ ਲਹਿਰ ’ਚ ਵਿਸ਼ੇਸ਼ ਯੋਗਦਾਨ ਲਈ ਜੋਤੀ ਪ੍ਰਕਾਸ਼ ਮਹਿਮੀ (ਜੈਤੇਵਾਲੀ) ਨੂੰ 'ਲਾਹੌਰੀ ਰਾਮ ਬਾਲੀ ਯਾਦਗਾਰ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਡਾ. ਚਰਨਜੀਤ ਸਿੰਘ, ਮਲਕੀਤ ਸਿੰਘ, ਪਿਸ਼ੌਰੀ ਲਾਲ ਸੰਧੂ, ਨਿਰਮਲ ਬਿੰਜੀ, ਹਿਤੇਸ਼ ਕੁਮਾਰ, ਰਾਮ ਸਰੂਪ ਬਾਲੀ, ਧਿਆਤਮ ਸੱਲ੍ਹਣ, ਅਮਜਦ ਬੇਗ, ਹਰਭਜਨ ਨਿਮਤਾ, ਵਿਸ਼ਾਲ ਬਾਲੀ, ਡੀਪੀ ਭਗਤ, ਓਮ ਪ੍ਰਕਾਸ਼, ਕਰਮ ਚੰਦ, ਰਾਮ ਪ੍ਰਕਾਸ਼, ਸੁਨੀਤਾ ਭਾਰਦਵਾਜ, ਮਨਜੀਤ ਕੌਰ, ਪਰਮਜੀਤ ਕੌਰ, ਸੁਰਿੰਦਰ ਕੌਰ ਆਦਿ ਸਨ। ਅੰਤ ’ਚ ਚਰਨਦਾਸ ਸੰਧੂ ਤੇ ਬਲਦੇਵ ਰਾਜ ਭਾਰਦਵਾਜ ਨੇ ਸਮਾਗਮ ’ਚ ਸ਼ਾਮਲ ਹੋਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਹ ਜਾਣਕਾਰੀ ਕਨਵੀਨਰ ਬਲਦੇਵ ਰਾਜ ਭਾਰਦਵਾਜ ਵੱਲੋਂ ਪ੍ਰੈੱਸ ਬਿਆਨ ਰਾਹੀਂ ਦਿੱਤੀ ਗਈ।